1947 ਹਿਜਰਤਨਾਮਾ-32 : ਕੈਪਟਨ ਮਹਿੰਦਰ ਸਿੰਘ ਅਰੋੜਾ

8/24/2020 5:38:00 PM

ਪਾਕਿਸਤਾਨੀ ਲੂਣ ’ਤੇ ਲਿਖਿਆ ਮੇਰਾ ਇਕ ਲੇਖ ਚੜ੍ਹਦੇ ਅਗਸਤ 2020 ’ਚ ਸਪੋਕਸਮੈਨ ਅਖ਼ਬਾਰ ਵਿੱਚ ਛਪਿਆ ਤਾਂ ਪੋਠੋਹਾਰ ਹਲਕੇ ਤੋਂ ਰੌਲਿਆਂ ਵੇਲੇ ਹਿਜਰਤ ਕਰਕੇ ਉਦੋਂ ਬੱਚਿਆਂ ਤੋਂ ਹੁਣ ਬਜ਼ੁਰਗ ਹੋ ਗਏ। ਕਈ ਪਾਠਕਾਂ ਦੇ ਫ਼ੋਨ ਆਏ। ਇਨ੍ਹਾਂ ’ਚੋਂ ਇਕ ਫੋਨ ਪੋਠੋਹਾਰ ਤੋਂ ਪਰਲੇ ਪਾਰ ਸੂਬਾ ਸਰਹੱਦ ਦੇ ਸ਼ਹਿਰ, ਕਰਮਯੋਗੀ ਸੰਤ ਬਾਬਾ ਕਰਮ ਸਿੰਘ ਵਾਲਿਆਂ ਦੇ ਸਥਾਨ, ਹੋਤੀ ਮਰਦਾਨ ਤੋਂ ਹਿਜਰਤ ਕਰਕੇ ਆਏ ਪਰਿਵਾਰ ਦੇ ਪਾਤਰ ਕੈਪਟਨ ਮਹਿੰਦਰ ਸਿੰਘ ਦਾ ਵੀ ਸੀ। ਪਾਕਿਸਤਾਨੀ ਲੂਣ ਬਾਰੇ ਗੱਲ ਕਰਦਿਆਂ ਉਨ੍ਹਾਂ ਆਪਣੀ ਹਿਜਰਤ ਦੀ ਕਹਾਣੀ ਵੀ ਇੰਝ ਕਹਿ ਸੁਣਾਈ - 

"ਮੈਂ ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਸ:ਖੇਮ ਸਿੰਘ ਅਰੋੜਾ ਮਾਡਲ ਟਾਊਨ ਪਟਿਆਲਾ ਤੋਂ ਬੋਲ ਰਿਹੈਂ। ਸਾਡਾ ਜੱਦੀ ਪਿੰਡ ਹੋਤੀ ਮਰਦਾਨ ਤੋਂ 20 ਮੀਲ ਉਰਾਰ ਨੀਮ ਪਹਾੜੀ ’ਚ ਵਸਿਆ, ਰੁਸਤਮ ਹੈ। ਸਾਡੇ ਬਜੁਰਗਾਂ ਦਾ ਉਥੇ ਰੂੰ ਦਾ ਕਾਰੋਬਾਰ ਹੈ ਸੀ। 97% ਆਬਾਦੀ ਪਠਾਣਾ ਦੀ ਪਰ ਜ਼ਮੀਨਾਂ ਦੇ ਮਾਲਕੀ ਹੱਕ ਬਹੁਤੇ ਗ਼ੈਰ ਮੁਸਲਿਮਾ ਦੇ ਹੈ ਸਨ ਪਰ ਕੋਈ ਵੀ ਮਾਲਕ ਖ਼ੁਦ ਖੇਤੀ ਨਹੀਂ ਕਰਦਾ ਸੀ। ਪਠਾਣ ਹਿੱਸੇ ’ਤੇ ਕਾਸ਼ਤਕਾਰ ਸਨ। ਬਾਬਾ ਰਵੇਲ ਸਿੰਘ ਬੇਦੀ ਪਿੰਡ ਹਿਕਮਤ ਦੀ ਦੁਕਾਨ ਕਰਦੇ ਸਨ, ਜੋ ਕਿ ਇਹੋ ਕੰਮ ਉਨ੍ਹਾਂ ਰੌਲਿਆਂ ਉਪਰੰਤ ਦਰਸ਼ਣੀ ਬਜ਼ਾਰ ਅੰਬਰਸਰ ਵਿਚ ਕੀਤਾ। ਖੰਡ ਦੇ ਡੀਪੂ ਵਾਲਾ ਖ਼ਨਾਨ ਤੇ ਉਹਦੇ ਦੋ ਮੇਰੇ ਹਮ ਉਮਰ ਬੇਟੇ ਵੀ ਮੇਰੀ ਯਾਦ ’ਚ ਹਨ। ਪਠਾਣਾ ਦੇ ਮੁੰਡੇ ਤਾਬੁਲ ਤੇ ਮਿਚਗੁਲ ਮੇਰੇ ਬਚਪਨ ਦੇ ਸਾਥੀ ਹੈ, ਸਨ। ਈਸਾ ਖੇਲ ਸਾਡਾ ਨਜ਼ਦੀਕੀ ਵੱਡਾ ਸ਼ਹਿਰ ਸੀ। ਰੁਸਤਮ ’ਚ ਮੈਂ ਬਚਪਨ ਦਾ ਥੋੜਾ ਸਮਾਂ ਹੀ ਬਸਰ ਕੀਤੈ।

ਪੜ੍ਹੋ ਇਹ ਵੀ ਖਬਰ - ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

ਈਸਾ ਖੇਲ ਸਟਰੀਟ, ਹੋਤੀ ਮਰਦਾਨ ਮੇਰੇ ਨਾਨਕੇ ਹੈ ਸਨ। ਅਸੀਂ ਪਿਤਾ ਜੀ ਦੀ ਮੌਤ ਉਪਰੰਤ ਕਾਰੋਬਾਰੀ ਸਿਲਸਿਲੇ ’ਚ ਸਮੇਤ ਪਰਿਵਾਰ, ਉਥੇ ਤਬਦੀਲ ਹੋ ਗਏ। ਉਥੇ ਸਾਡੇ ਮੁਹੱਲੇ ਵਿਚ ਵੱਡਾ, ਗੋਬਿੰਦ ਵਾਲ ਮੁਹੱਲੇ ’ਚ ਛੋਟਾ ਗੁਰਦੁਆਰਾ ਸਾਹਿਬ ਮੌਜੂਦ ਸਨ। ਹੋਤੀ ਮਰਦਾਨ ਬਾਬਾ ਕਰਮ ਸਿੰਘ ਜੀ ਦੇ ਡੇਰੇ, ਟਾਂਗੇ ਤੇ ਜਾਈਦਾ ਸੀ ।ਉਥੇ ਸਾਲ ਚ ਦੋ ਦਫਾ ਮੇਲਾ ਵੀ ਲੱਗਿਆ ਕਰਦਾ ।ਮਰਦਾਨ ਵਿਚ ਹੀ ਵੱਡਾ ਮੰਦਰ ਵੀ ਹੈ ਸੀ। ਕਾਲੂ ਖਾਨ,ਮਨੇਰੀ ਅਤੇ ਸਵਾਬੀ ਹੋਤੀ ਮਰਦਾਨ ਦੇ ਨਾਲ ਪੈਂਦੇ ਕਸਬੇ ਹੈ ਸਨ। ਇਥੇ ਮੈਨੂੰ 2-3 ਵਾਕਿਆ ਯਾਦ ਆ ਰਹੇ ਨੇ। 1940 ਤੋਂ ਬਾਅਦ ਦੀ ਗੱਲ ਐ ਕਿ ਮੇਰੇ ਮਾਮਾ ਜੀ ਦੀ ਸ਼ਾਦੀ ਸੀ। ਬਰਾਤ ਟਾਂਗਿਆਂ ’ਤੇ ਸਵਾਰ ਸੀ। ਮੈਂ ਵੀ ਮਾਮਾ ਜੀ ਨਾਲ ਸਰਬਾਲਾ ਦੇ ਰੂਪ ’ਚ ਸੱਭ ਤੋਂ ਅੱਗੇ ਘੋੜੀ ’ਤੇ ਸਵਾਰ ਸਾਂ। ਰਸਤੇ ’ਚ ਹੀ ਹੋਤੀ ਦੇ ਨਵਾਬ ਲੈਫਟੀਨੈਂਟ ਕਰਨਲ ਮੁਹੰਮਦ ਅਕਬਰ ਖਾਨ ਦੀ ਹਵੇਲੀ ਪੈਂਦੀ ਸੀ। ਉਸ ਸਾਰੀ ਬਰਾਤ ਨੂੰ ਚਾਹ ਪਾਣੀ ਕੀਤਾ। ਮੇਰੇ ਨਾਨਾ ਸ:ਫਕੀਰ ਸਿੰਘ ਨਾਲ ਬਗਲਗੀਰ ਹੁੰਦਿਆਂ ਸ਼ਗਨ ਵੀ ਭੇਟ ਕੀਤਾ। ਮੈਂ ਹੋਤੀ ਦੀ ਤਹਿਜ਼ੀਬ ਨੂੰ ਪਰਨਾਮ ਕਰਦਾ ਹਾਂ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਭਾਰਤ ਛੱਡੋ ਅੰਦੋਲਨ 1943 ’ਚ ਆਪਣੀ ਸਿਖਰ ’ਤੇ ਸੀ, ਤਦੋਂ ਮੇਰੀ ਕੇਵਲ 7 ਸਾਲ ਉਮਰ ਸੀ। ਜਦ ਮਰਦਾਨ ’ਚ ਗੋਰਾ ਸਰਕਾਰ ਵਿਰੁੱਧ ਕੱਢੇ ਇਕ ਜਲੂਸ ਵਿੱਚ ਮੈਂ ਭਾਗ ਲਿਆ । ਉਦੋਂ ਹਿੰਦੂ-ਸਿੱਖ-ਮੁਸਲਿਮਾ ’ਚ ਅਜ਼ਾਦੀ ਜਜ਼ਬਾ ਬਰਾਬਰ ਸੀ। ਨੈਸ਼ਨਲ ਲੀਡਰਸ਼ਿੱਪ ਦੇ ਹੱਕ ’ਚ, ਹੱਥਾਂ ’ਚ ਪੋਸਟਰ ਫੜ ਬੜੀ ਨਾਅਰੇਬਾਜ਼ੀ ਕੀਤੀ । ਪੁਲਸ ਸਾਨੂੰ ਲਾਰੀਆਂ ’ਚ ਬਿਠਾ ਕੇ ਜੇਲ ਲੈ ਗਈ। ਪਰ ਜੇਲਰ ਨੇ ਮੈਨੂੰ ਛੋਟਾ ਬੱਚਾ ਦੱਸ ਕੇ ਜੇਲ ’ਚੋਂ ਬਾਹਰ ਕੱਢਤਾ। ਮੈਂ ਮਾਯੂਸੀ ਵਿੱਚ ਹੀ 6-7 ਮੀਲ ਪੈਦਲ ਘਰ ਪਹੁੰਚਿਆ ਤੇ ਮਾਤਾ ਦੇ ਗਲ ਲੱਗ ਕੇ ਰੋ ਪਿਆ ਕਿ ਮੈਨੂੰ ਬੱਚਾ ਦੱਸ ਕੇ ਜੇਲ ’ਚੋਂ ਬਾਹਰ ਕਰ ਦਿੱਤੈ। ਅੱਗਿਓਂ ਮਾਤਾ ਕਿਹਾ, " ਮਾਯੂਸ ਨਾ ਹੋ, ਵੱਡਾ ਹੋ ਕੇ ਫਿਰ ਚਲਿਆ ਜਾਈਂ।

PunjabKesari

ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਤੇਰਾ ਪਿਉ ਵੀ ਜੈਤੋਂ ਮੋਰਚੇ ’ਚ ਵੱਡਾ ਹੋ ਕੇ ਹੀ ਗਿਆ ਸੀ ।"ਮੋਰਚੇ ਚ 'ਕਾਲੀਆਂ ਅਤੇ ਪੁਲਸ ਵਲੋਂ ਸਖਤ ਲਾਠੀਚਾਰਜ ਹੋਣ ਕਾਰਨ ਪਿਤਾ ਜੀ ਦੇ ਬਾਹਰੀ ਅਤੇ ਅੰਦਰੂਨੀ ਸਖਤ ਸੱਟਾਂ ਲੱਗਣ ਕਾਰਨ ਉਹ ਅਕਸਰ ਪੇਟ ਨੁਕਸ ਕਾਰਨ ਬੀਮਾਰ ਰਹਿਣ ਲੱਗ ਪਏ। ਅਖੀਰ 1942 ’ਚ ਉਹ ਅਕਾਲ ਚਲਾਣਾ ਕਰ ਗਏ। ਇਨ੍ਹਾਂ ਸਾਰੀਆਂ ਗੱਲਾਂ ਦੀ ਤਸਦੀਕ ਸ:ਈਸ਼ਰ ਸਿੰਘ ਮਰਦਾਨ ਨੇ ਮੇਰੇ ਨਾਲ ਇਕ ਮੁਲਾਕਾਤ ’ਚ ਕੀਤੀ ਸੀ, ਜੋ ਸ:ਮਹਿੰਦਰਜੀਤ ਸਿੰਘ ਸੇਠੀ ਐਡਵੋਕੇਟ ਜਨਰਲ ਪੰਜਾਬ ਹਰਿਆਣਾ ਹਾਈਕੋਰਟ ਦੇ ਪਿਤਾ ਜੀ ਸਨ। ਜੈਤੋ ਦੇ ਮੋਰਚੇ ’ਚ ਪਿਤਾ ਜੀ ਦੇ ਨਾਲ ਹੀ ਗਏ ਅਤੇ ਜੇਲ ਵੀ ਕੱਟੀ। ਉਨ੍ਹਾਂ ਇਹ ਵੀ ਦੱਸਿਆ ਕਿ ਲਾਠੀਚਾਰਜ ਉਪਰੰਤ ਜੇਲ ’ਚ ਪਿਤਾ ਜੀ ਉਨ੍ਹਾਂ ਦੇ ਪੱਟ ’ਤੇ ਸਿਰ ਰੱਖ ਕੇ ਸਾਰੀ ਰਾਤ ਕੁਰਹਾਉਂਦੇ ਰਹੇ ਸਨ। 

ਪੜ੍ਹੋ ਇਹ ਵੀ ਖਬਰ - ਇਕ ਹੋਰ ਮਾਂ ਵਿਸਾਰੀ ਗਈ: ‘ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਦੀ ਕਹਾਣੀ’

47 ’ਚ ਹਾਲਾਤ ਇੰਝ ਵਿਗੜੇ ਕਿ ਹਥਿਆਰ ਰੱਖਣ ਦਾ ਰਿਵਾਜ ਆਮ ਸੀ ਓਧਰ। ਸਕੂਲ ਕਾਲਜਾਂ ਦੇ ਵਿਦਿਆਰਥੀ ਚਾਕੂ ਤਾਂ ਆਮ ਹੀ ਰੱਖਦੇ ਸਨ। ਚੜ੍ਹਦੇ ਫਰਵਰੀ ਦਾ ਵਾਕਿਆ ਹੈ ਕਿ ਸਕੂਲ ਵਿੱਚ ਪਠਾਣ ਅਤੇ ਗ਼ੈਰ ਪਠਾਣਾ ਦੇ ਮੁੰਡਿਆਂ ’ਚ ਕਿਸੇ ਗੱਲੋਂ ਝਗੜਾ ਹੋ ਗਿਆ। ਗ਼ੈਰ ਪਠਾਣ ਮੁੰਡਿਆਂ ਪਠਾਣ ਮੁੰਡੇ ਦੇ ਚਾਕੂ ਮਾਰ ਕੇ ਮਾਰ ਦਿੱਤਾ। ਉਸੇ ਸ਼ਾਮ ਪਠਾਣਾ ਵਲੋਂ ਬੜਾ ਭਾਰੀ ਰੋਹ ਅਫ਼ਜਾ ਜਲੂਸ ਕੱਢਿਆ ਗਿਆ। ਨਾਅਰਾ ਏ ਤਦਬੀਰ, ਯਾ ਅਲੀ, ਲੇ ਕੇ ਰਹੇਂਗੇ ਪਾਕਿਸਤਾਨ ਦੇ ਨਾਅਰੇ ਉਚੇ ਉਠਦੇ ਗਏ। 3-4 ਹਿੰਦੂ-ਸਿੱਖ ਕਤਲ ਕਰਤੇ ਉਨ੍ਹਾਂ । ਪੀੜੀਆਂ ਦੀ ਸਾਂਝ ਪਲਾਂ ’ਚ ਈ ਫਿਰਕੂ ਰੰਗਤ ਫੜ ਗਈ ।ਬਜ਼ੁਰਗਾਂ ਫੈਸਲਾ ਕੀਤਾ ਕਿ ਉਥੋਂ ਨਿਕਲਣ ’ਚ ਹੀ ਭਲੀ ਹੈ। ਸੋ ਅਗਲੀ ਸ਼ਾਮ ਕੀਮਤੀ ਅਤੇ ਲੋੜੀਂਦਾ ਨਿੱਕ ਸੁੱਕ ਲੈ, ਮਕਾਨ ਨੂੰ ਜਿੰਦਰਾ ਮਾਰ, ਸਾਰਾ ਪਰਿਵਾਰ ਮਰਦਾਨ ਤੋਂ ਗੱਡੀ ਫੜ, ਪਿਸ਼ੌਰ ਜਾ ਉਤਰਿਆ। ਉਥੇ ਰਿਸ਼ਤੇਦਾਰੀ ’ਚ ਰੁਕੇ। ਉਨ੍ਹਾਂ ਨੂੰ ਸਾਰੀ ਵਿਥਿਆ ਕਹਿ ਸੁਣਾਈ। ਮਰਦਾਨ ਤੋਂ ਹਿਜਰਤ ਕਰਨ ਸਮੇਂ ਇਲਾਕੇ ਦੇ ਚੌਂਕੀਦਾਰ, ਗੁਰਸ਼ਾਹ ਨਾਮੇ ਪਠਾਣ ਜੋ ਅਕਸਰ ਮੋਢੇ ਉਪਰ ਦਾਤੀ ਰੱਖਿਆ ਕਰਦਾ ਸੀ, ਨੇ ਸਾਨੂੰ ਰੋਕਣ ਦਾ ਯਤਨ ਕੀਤਾ । ਕਹਿਓਸ,  "ਤੁਹਾਡੀ ਵਾ ਵੱਲ ਨਹੀਂ ਦੇਖੇਗਾ ਕੋਈ ।ਮੈਂ ਜ਼ਿੰਮੇਵਾਰੀ ਲੈਂਦਾ ਹਾਂ।"ਪਰ ਬਜ਼ੁਰਗ ਨਾ ਰੁਕੇ। 

ਪੜ੍ਹੋ ਇਹ ਵੀ ਖਬਰ - ਵਾਜਬ ਹੈ ਐੱਸ.ਵਾਈ.ਐੱਲ. ਦੇ ਮੁੱਦੇ ’ਤੇ ਪੰਜਾਬ ਸਰਕਾਰ ਦਾ ਸਟੈਂਡ
       
ਅਗਲੇ ਦਿਨ ਪਿਸ਼ਾਵਰ ਤੋਂ ਗੱਡੀ ਫੜ ਅੰਬਰਸਰ ਆਏ। ਇਥੇ ਸਟੇਸ਼ਨ ’ਤੇ ਸਾਨੂੰ ਸਾਡਾ ਮੋਟਾ ਮਧਰਾ ਘਰੇਲੂ ਨੌਕਰ ਸ਼ੇਰ ਸਿੰਘ ਵੀ ਆ ਮਿਲਿਆ ।ਸਵਾਲ ਪੈਦਾ ਹੋਇਆ ਕਿ ਜਾਈਏ ਕਿਧਰੇ ।ਕਿਓਂ ਜੇ ਸਾਡਾ ਜੱਦੀ ਪਿੰਡ ਤਾਂ ਓਧਰ ਰਹਿ ਗਿਆ ਸੀ।ਪਟਿਆਲਾ ਤੋਂ ਰਾਜ ਮਾਤਾ ਮਹਿੰਦਰ ਕੌਰ ਹੋਰਾਂ ਦੀ ਪੇਸ਼ਕਸ਼ ਸੁਣੀ ਰੇਡੀਓ ’ਤੇ। ਸੋ ਪਟਿਆਲਾ ਦੀ ਗੱਡੀ ਫੜ ਲਈ । ਸਰਹੰਦ ਪਹੁੰਚੇ ਤਾਂ ਕੁੱਝ ਫੌਜੀਆਂ ਖਿੜਕੀ ਬਾਹਰੋਂ ਆਵਾਜ਼ ਲਗਾਈ ਕਿ ਪਟਿਆਲਾ ਜਾਣ ਵਾਲੇ ਇਥੇ ਹੀ ਉਤਰ ਜਾਣ।ਉਥੋਂ ਸਾਨੂੰ ਫਤਿਹਗੜ੍ਹ ਹਮੀਦ ਦੀ ਕੋਠੀ ਦੇ ਪਿਛਵਾੜੇ ਲਿਜਾਇਆ ਗਿਆ। ਅਸੀਂ ਛੇਤੀ ਹੀ ਬੇਚੈਨ ਹੋ ਗਏ। ਅਗਲੇ ਦਿਨ ਗੱਡੀ ਚੜ੍ਹ, ਰਾਜਪੁਰਾ ਤੇ ਉਥੋਂ ਪਟਿਆਲਾ ਪਹੁੰਚੇ। ਆਤਮਾ ਰਾਮ ਕੁਮਾਰ ਸਭਾ ਸਕੂਲ ’ਚ ਪੜਾਅ ਕੀਤਾ ।ਇਥੇ ਵੀ ਦਿੱਲ ਨਾ ਲੱਗਾ ਤਾਂ ਸਾਧੂ ਰਾਮ ਮਾਧੋ ਦਾਸ ਧਰਮਸ਼ਾਲਾ ਚ ਨਾਭਾ ਪਹੰਚੇ। ਫਿਰ ਇਕ ਮੁਸਲਿਮ ਦਾ ਖਾਲੀ ਮਕਾਨ ਅਲਾਟ ਹੋ ਗਿਆ ।

PunjabKesari

ਮੇਰੇ ਮਾਤਾ ਲਾਲ ਕੌਰ ਜੀ ਪਹਿਲੇ ਹੀ ਚੀਫ ਖਾਲਸਾ ਦੀਵਾਨ ਅੰਬਰਸਰ ਤੋਂ ਸਿਲਾਈ ਕਢਾਈ ਕੋਰਸ ਪਾਸ ਸਨ। ਨਾਭੇ ਦੇ ਸਰਕਾਰੀ ਅਧਿਕਾਰੀ ਨੇ ਮਾਤਾ ਨੂੰ ਕਿਹਾ ਕਿ ਜੇ 8 ਵੀਂ ਪਾਸ ਕਰ ਲਓ ਤਾਂ ਸਕੂਲ ਵਿੱਚ ਟੀਚਰ ਦੀ ਨੌਕਰੀ ਮਿਲ ਸਕਦੀ ਹੈ। ਸੋ ਮਾਤਾ ਜੀ ਹਿੰਮਤ ਕਰਕੇ 8 ਵੀਂ ਪਾਸ ਕਰ, ਟੀਚਰ ਲੱਗ ਗਏ। ਸੋ ਘਰ ਦਾ ਗੁਜਾਰਾ ਚੰਗਾ ਤੁਰ ਪਿਆ ।ਮੈਂ ਵੀ 10 ਵੀਂ ਉਪਰੰਤ JBT ਕਰਕੇ ਟੀਚਰ ਲੱਗ ਗਿਆ। ਉਪਰੰਤ BA,MA ਵੀ ਕਰ ਲਈ।1962 ਚ ਭਾਰਤ - ਚੀਨ ਯੁੱਧ ਸਮੇਂ ਫੌਜ ’ਚ 2nd ਲੈਫਟੀਨੈਂਟ ਭਰਤੀ ਹੋ ਕੇ 1970 ਚ ਕੈਪਟਨ ਰਿਟਾਇਰਡ ਹੋਇਐਂ। ਉਪਰੰਤ ਸੈਨਿਕ ਭਲਾਈ ਬੋਰਡ ਚ ਡਿਪਟੀ ਡਾਇਰੈਕਟਰ ਭਰਤੀ ਹੋ ਕੇ 1995 ’ਚ ਰਿਟਾਇਰਡ ਹੋਇਐਂ। ਮੇਰੀ ਸ਼ਾਦੀ 1960’ਚ ਸਕੂਲ ਅਧਿਆਪਕਾ ਗੁਰਕੀਰਤ ਕੌਰ ਨਾਲ ਹੋਈ। ਬੇਟੀ ਕੈਨੇਡਾ ਤੇ ਬੇਟਾ ਡਾਕਟਰ ਪਰਮਵੀਰ ਸਿੰਘ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ, ਆਪਣੀ ਜਗ੍ਹਾ ਸੈੱਟ ਨੇ।ਛੋਟੀ ਭੈਣ ਹੈ ਇਕ ਜੋ ਦੇਹਰਾਦੂਨ ਵਿਆਹੀ ਹੋਈ ਐ।

ਪੜ੍ਹੋ ਇਹ ਵੀ ਖਬਰ - ਸਿਹਤ ਲਈ ਕਈ ਗੁਣਾਂ ਲਾਹੇਵੰਦ ਸਿੱਧ ਹੁੰਦੀ ਹੈ ‘ਗੁੜ ਦੀ ਇਕ ਡੱਲੀ, ਜਾਣੋ ਹੋਰ ਵੀ ਫਾਇਦੇ

ਮੈਂ 'ਪਾਕਿ-ਇੰਡੀਆ ਪੀਪਲ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ' ਦੇ ਮੈਂਬਰ ਦੀ ਹੈਸੀਅਤ ਵਿੱਚ ਦੋ ਦਫਾ ਪਾਕਿਸਤਾਨ ਜਾ ਆਇਐਂ।ਹੋਤੀ ਮਰਦਾਨ ਬਾਬਾ ਕਰਮ ਸਿੰਘ ਜੀ ਦੇ ਘਰ ਅਤੇ ਆਪਣੇ ਨਾਨਕੇ ਘਰ ਵੀ ਹੋ ਆਇਐਂ। ਉਥੇ ਆਪਣੇ ਹਮ ਉਮਰਾਂ ਤੇ ਲਿਹਾਜੀ ਬਜੁਰਗਾਂ ਨੂੰ ਵੀ ਮਿਲਿਐਂ। ਸਭਨਾਂ ਪਿਆਰ ਦਿੰਦਿਆਂ 47 ਦੀ ਕਤਲੋਗ਼ਾਰਤ ਤੇ ਅਫਸੋਸ ਪ੍ਰਗਟਾਇਆ । ਜਦ ਮੈਂ ਨਾਨਕਾ ਘਰ ਮੋਹਰੇ ਖੜਿਆ ਤਾਂ ਇਕ ਬਜੁਰਗ ਬੋਲਿਆ, " ਇਹ ਤਾਂ ਜੀ ਚਮੇਲੀ ਦਾ ਘਰ ਐ।" ਚਮੇਲੀ ਮੇਰੀ ਨਾਨੀ ਦਾ ਨਾਮ ਹੈ ਸੀ।ਇਕ ਹੋਰ ਦੋਸਤ ਦੇ ਘਰ ਗਿਆ ਤਾਂ ਮੈਂ ਪੁੱਛਿਓਸ, ਕਿ ਤੂੰ ਉਹੀ ਐਂ ਜਿਸ ਮੈਨੂੰ ਕੁੱਟਿਆ ਸੀ ਤੇ ਮੈਂ ਤੇਰੀ ਅੰਮਾ ਨੂੰ ਸ਼ਿਕਾਇਤ ਕੀਤੀ ਤਾਂ ਉਸ ਤੈਨੂੰ ਪੱਖੀ ਨਾਲ ਕੁੱਟਿਆ । ਉਸ ਆਪਣੇ ਛੋਟੇ ਭਾਈ ਵੱਲ ਇਸ਼ਾਰਾ ਕਰਦਿਆਂ ਕਿਹਾ, " ਮੈਂ ਨਹੀਂ ਉਹ ਬੈਠਾ ਐ ਛੋਟਾ ਭਾਈ।

ਬਹੁਤ ਯਾਦ ਆਉਂਦੈ ਹੋਤੀ ਮਰਦਾਨ ਅਤੇ ਉਸ ਦੀ ਤਹਿਜ਼ੀਬ । 47 ਦੇ ਅਸਾਧਾਰਣ ਵਰਤਾਰੇ ਨਾਲ ਔਸਤ ਸਮੇਂ ਨੂੰ ਨਹੀਂ ਤੋਲਿਆ ਜਾ ਸਕਦਾ। ਮੈਂ ਆਪਣੀ ਜੰਮਣ ਭੌਂਅ ਹੋਤੀ ਮਰਦਾਨ ਅਤੇ ਉਸ ਦੇ ਵਸੇਬ ਨੂੰ ਨਮਸਕਾਰ ਆਖਦਾ ਹਾਂ।  "
   
ਲੇਖਕ : ਸਤਵੀਰ ਸਿੰਘ ਚਾਨੀਆਂ
92569-73526

 


rajwinder kaur

Content Editor rajwinder kaur