1947 ਹਿਜਰਤਨਾਮਾ - 35 : ਬੀਬੀ ਸ਼ਰੀਫਨ ਧਨਾਸ-ਮੋਹਾਲੀ

09/15/2020 4:00:20 PM

ਸ਼ਰੀਫਨ ਤੋਂ ਨਸੀਬ ਕੌਰ ਤੱਕ ਦੀ ਕਹਾਣੀ

ਉਸ ਦੀ ਆਪਣੀ ਜ਼ੁਬਾਨੀ

ਅਕਤੂਬਰ-1997 ਦੀ ਗੱਲ ਹੈ, ਜਦ ਮੈਂ ਚੰਡੀਗੜ੍ਹ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸਾਂ। ਉਸ ਸਮੇਂ ਸਾਹਿਤ ਅਤੇ ਪੱਤਰਕਾਰ ਮਨਮੋਹਨ ਸਿੰਘ ਦਾਊਂ ਦੀ ਇਕ ਬਜ਼ੁਰਗ ਨਾਲ ਅਖਬਾਰ ਵਿਚ ਛਪੀ ਮੁਲਾਕਾਤ ਪੜੀ। ਜੋ ਕਿ ਸੰਨ-47 ਦੀ ਇਕ ਦਰਦਨਾਕ ਕਥਾ ਸੀ। ਮੇਰੇ ਅੰਦਰ ਤੀਬਰ ਇੱਛਾ ਪਨਪੀ ਕਿ ਮੈਂ ਉਸ ਕਹਾਣੀ ਦੀ ਜਿਊਂਦੀ ਜਾਗਦੀ ਨਾਇਕਾ ਨਾਲ ਛੇਤੀ ਮੁਲਾਕਾਤ ਕਰਾਂ। ਸੋ ਹਸਪਤਾਲ ’ਚੋਂ ਛੁੱਟੀ ਮਿਲਣ ਉਪਰੰਤ ਤੀਜੇ ਦਿਨ ਮੈਂ ਚੰਡੀਗੜ੍ਹ ਨਾਲ ਲੱਗਦੈ ਪਿੰਡ ਧਨਾਸ ਵਿੱਚ ਇਸ ਕਹਾਣੀ ਦੀ ਨਾਇਕਾ ਨਾਲ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ ਤੇ ਨਾਲ ਸੁਆਲ ਜੁਆਬ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਅਗਸਤ-47 ਵਿਚ ਜਦ ਵੰਡ ਸਮੇਂ ਬੁਰਛਾਗਰਦੀ ਦਾ ਤਾਂਡਵ ਨਾਚ ਆਪਣੇ ਸਿਖਰ ’ਤੇ ਸੀ ਤਾਂ ਜਾਨ ਬਚਾਉਣ ਦੀ ਇਛਾ ਲੈ ਕੇ 16 ਸਾਲ ਦੀ ਮੁਸਲਮਾਨ ਕੁੜੀ ਸ਼ਰੀਫਨ, ਜੋ ਉਸ ਵਕਤ ਵਿਆਹੀ ਵਰ੍ਹੀ ਅਤੇ ਗਰਭਵਤੀ ਵੀ ਸੀ, ਆਪਣੇ ਭੈਣ-ਭਰਾਵਾਂ ਅਤੇ ਅੰਮੀ ਜਾਨ ਨਾਲ ਅਪਣੇ ਪਿੰਡ ਬਹਿਲੋਲਪੁਰ ਤੋਂ ਖਰੜ ਦੀ ਤਰਫ ਜਾਣ ਲੱਗੀ। ਘਰ ਦਾ ਕੀਮਤੀ ਸਾਮਾਨ, ਬਚਪਨ ਅਤੇ ਜਵਾਨੀ ਦੀਆਂ ਯਾਦਾਂ, ਵੇਲ-ਬੂਟਿਆਂ ਦੇ ਡਿਜ਼ਾਈਨ ਨਾਲ ਲਿੱਪਿਆ ਪੋਚਿਆ ਨਿੱਕਾ ਜਿੱਹਾ ਕੱਚਾ ਘਰ-ਬਾਰ ਛੱਡ ਕੇ ਉੱਭੜ ਬਾਹੇ ਪਤਾ ਨਹੀਂ ਕਿਧਰ ਜਾ ਰਹੇ ਸਨ। ਬਾਪ ਹੁਸੈਨ ਬਖਸ਼ ਜੋ ਅਪਣੀਆਂ ਦੋ ਹੋਰ ਵੱਡੀਆਂ ਵਿਆਂਦੜ ਲੜਕੀਆਂ ਨੂੰ ਨਾਲ ਲਗਦੇ ਪਿੰਡ ਖਿਜਰਾਬਾਦ ਅਤੇ ਸਿਆਲ ਮਾਜਰਾ ਮਿਲਣ ਲਈ ਗਿਆ ਹੋਇਆ ਸੀ ਵੀ ਨਾ ਬਹੁੜਿਆ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਈ ਘੜੀਆਂ ਉਹਦੀ ਇੰਤਜਾਰ ਕਰਨ ਤੋਂ ਬਾਅਦ ਜਦ ਇਨ੍ਹਾਂ ਨੂੰ ਪਿੰਡ ’ਤੇ ਹੱਲਾ ਹੋਣ ਦੀ ਭਿਣਕ ਪਈ ਤਾਂ ਸ਼ਰੀਫਨ ਨੇ ਦੱਸਿਆ ਕਿ ਗਹਿਣੇ ਰੋਟੀ ਵਾਲੇ ਡੱਬੇ ਵਿਚ ਪਾਕੇ ਉੱਪਰ ਬੇਹੀਆਂ ਰੋਟੀਆਂ ਤੇ ਕੁਝ ਗੁੜ ਪਾ ਕੇ ਅਪਣੀਆਂ ਦੋ ਭੈਣਾਂ, ਇੱਕ ਭਰਾ ਅਤੇ ਅੰਮੀ ਜਾਨ ਨਾਲ ਬਾਕੀ ਆਂਡ-ਗੁਆਂਢ ਨਾਲ ਪਿੰਡ ਛੱਡ ਗਈਆਂ। ਹਾਲਾਂ ਪਿੰਡ ਦਾਊਂ ਕੋਲ ਪੁੱਜੀਆਂ ਹੀ ਸਨ ਕਿ ਮੱਜ਼੍ਹਬੀ-ਤੁਅੱਸਬ ਅਤੇ ਵਾਸ਼ਨਾ ਦੇ ਧਾਰਨੀਆਂ ਕਾਫਲੇ ਉੱਪਰ ਹਮਲਾ ਬੋਲ ਦਿੱਤਾ। ਸੱਭ ਕਤਲ ਕਰਕੇ ਲੁੱਟ-ਪੁੱਟ ਲਏ ਗਏ ਤੇ ਕੁਝ ਰਾਤ ਦੇ ਹਨੇਰੇ ਵਿੱਚ ਭੱਜ ਕੇ ਜਾਨ ਬਚਾਉਣ ਵਿਚ ਸਫਲ ਵੀ ਹੋ ਗਏ ਸਨ ਸ਼ੈਦ। ਛਵੀਆਂ ਨਾਲ ਵਿੰਨੀ ਅਲਫ ਨੰਗੀ ਗਰਭਵਤੀ ਸ਼ਰੀਫਨ ਸਾਰੀ ਰਾਤ ਇੱਕ ਢਾਬ ਕਿਨਾਰੇ ਬੇਸੁਰਤ ਪਈ ਰਹੀ।

ਸ਼ਰੀਫਨ ਅੱਗੇ ਬੋਲਦੀ ਹੈ, "ਹੋਰ ਪਤਾ ਨਹੀਂ ਕੀ ਕੀ ਖੇਹ ਤੇ ਸੁਆਹ ਕੀਤਾ, ਮੇਰੇ ਨਾਲ ਜ਼ਾਲਮਾਂ। ਮਰ ਗਈ ਤਿਰਹਾਈ ਪਾਣੀ ਪੀਣ ਨੂੰ ਨਾ ਮਿਲੇ। ਆਖਰ ਛੱਪੜ ਦੀ ਗਾਰ ਚੂਸੀ ਤੇ ਫਿਰ ਬੇਹੋਸ਼ ਹੋ ਗਈ। ਵੱਡੇ ਤੜਕੇ ਕੁੱਝ ਹੋਸ਼ ਆਈ, ਜਦ ਤੱਕ ਕਾਫੀ ਖੂਨ ਬਹਿ ਚੁੱਕਾ ਸੀ। ਤੱਦੋਂ ਕੋਈ ਮੇਰੇ ਪਾਸ ਅਇਆ। ਮੈਂ ਕਿਹਾ ਵੇਹ ਵੀਰਾ ਕਿਧਰੋਂ ਪਾਣੀ ਤਾਂ ਪਿਲਾ ਤੇ ਫਿਰ ਮੇਰੇ ਸਿਰ ਵਿਚ ਕੁਝ ਮਾਰ ਕੇ ਮਾਰ ਦੇ ਮੈਂਨੂੰ। ਪਰ ਉਹ ਮੇਰੀ ਗਠੜੀ ਚੁੱਕ ਕੇ ਅਗਾਂਹ ਹੋਇਆ।" 

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਇਸ ਸਮੇ ਇਹ ਕਹਾਣੀ ਦੀ ਨਾਇਕਾ ਆਪਣੇ ਸਿਰ ਅਤੇ ਵੱਖੀਆਂ ਵਿਚ ਲੱਗੇ ਛਵੀਆਂ ਦੇ ਫੱਟਾਂ ਦੇ ਨਿਸ਼ਾਨ ਦਿਖਾ ਰਹੀ ਸੀ ਤੇ ਨਾਲ ਹੰਝੂਆਂ ਦੀ ਛਹਿਬਰ। ਸੱਤ ਭੈਣਾਂ ਸੀ ਕੁੱਲ ਇਹ ਤੇ ਦੋ ਭਾਈ। ਤਿੰਨ ਭੈਣਾਂ ਤਾਂ 47 ਤੋਂ ਪਹਿਲਾਂ ਹੀ ਮਰ-ਮੁੱਕ ਗਈਆਂ । ਕੇਵਲ ਇੱਕ ਭੈਣ ਹੀ ਬਚ ਕੇ ਪਾਕਿਸਤਾਨ ਜਾ ਸਕੀ। ਬਾਕੀ ਭੈਣਾਂ, ਭਰਾ, ਮਾਂ ਅਤੇ ਬਾਪ ਸੱਭ 47 ਦੀ ਭੇਟ ਚੜ੍ਹ ਗਏ। ਚੰਗੀ ਕਿਸਮਤ ਨੂੰ ਉਧਰੋਂ ਦਰਵੇਸ਼ ਪੁਰਸ਼ ਰਾਇਪੁਰੀਆ ਜਗੀਰਦਾਰ ਗੁਰਦਿਆਲ ਸਿੰਘ ਲੰਘਿਆ। ਉਸ ਸ਼ਰੀਫਨ ਦਾ ਅਲਫ ਨੰਗਾ ਸਰੀਰ ਆਪਣੀ ਦਸਤਾਰ ਨਾਲ ਢੱਕਿਆ। ਉਸ ਦੀ ਨਬਜ਼ ਨੂੰ ਘੋਖਣ ਉਪਰੰਤ ਚੁੱਕ ਕੇ ਆਪਣੇ ਘਰ ਲੈ ਗਿਆ। ਆਪਣੀ ਨਿੱਕੀ ਧੀ/ਭੈਣ ਜਾਣ ਉਸ ਦੀ ਮਲਮ-ਪੱਟੀ ਕੀਤੀ । ਦਾਈ ਨੂੰ ਘਰ ਸੱਦਿਆ ਗਿਆ। ਬੱਚਾ ਭਾਵੇਂ ਮਰ ਗਿਆ ਪਰ ਜੱਚਾ ਬੱਚ ਗਈ। ਲਗਾਤਾਰ ਇੱਕ ਸਾਲ ਇਲਾਜ ਜਾਰੀ ਰਿਹਾ। ਹੁਣ ਰੌਲੇ ਵੀ ਕੁੱਝ ਠੰਡੇ ਪੈ ਗਏ।

ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 

ਕਈ ਲੋੜਵੰਦ ਸ਼ਰੀਫਨ ਦਾ ਹੱਥ ਮੰਗਣ ਆਏ ਪਰ ਗੁਰਦਿਆਲ ਸਿੰਘ ਦੀ ਇੱਛਾ ਮੁਤਾਬਕ ਸ਼ਰੀਫਨ ਨੇ ਪਾਕਿਸਤਾਨ ਜਾਣਾ ਪਰਵਾਨ ਨਾ ਕੀਤਾ। ਕਿਓਂ ਕਿ ਉਸ ਨੂੰ ਹੁਣ ਆਪਣੇ ਆਰ-ਪਰਿਵਾਰ ਦੀ ਕੋਈ ਵੀ ਉੱਗ-ਸੁੱਗ ਨਹੀਂ ਸੀ। ਉੱਸ ਨੇ ਇਸ ਪੰਜਾਬੀ ਜੱਟ-ਸਿੱਖ ਨੂੰ ਆਪਣਾ ਭਰਾ ਜਾਣ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਇਸ ਤਰਾਂ ਇਹ ਸ਼ਰੀਫਨ ਹੁਣ ਜਗੀਰਦਾਰ ਗੁਰਦਿਅਲ ਸਿੰਘ ,ਹਰਦਿਆਲ ਸਿੰਘ ਅਤੇ ਜਗੀਰ ਸਿੰਘ ਤਿੰਨ ਭਾਈਆਂ ਦੀ ਇੱਕਲੌਤੀ ਭੈਣ ਬਣ ਗਈ। ਇਨ੍ਹਾਂ ਦੇ ਘਰ ਰਿਸ਼ਤੇਦਾਰੀ ’ਚੋਂ ਕੁੱਝ ਬੰਦੇ ਸ਼ਰੀਫਨ ਦਾ ਹੱਥ ਮੰਗਣ ਆਏ।

ਇਸ ਤਰਾਂ ਸ਼ਰੀਫਨ ਦੀ ਸਹਿਮਤੀ ਨਾਲ ਉਸ ਨੂੰ ਅੰਮ੍ਰਿਤ ਛਕਾ ਕੇ ਸ਼ਰੀਫਨ ਤੋਂ ਨਸੀਬ ਕੌਰ ਬਣਾਉਣ ਉਪਰੰਤ ਇਸ ਦਾ ਹੱਥ ਦੂਰ ਦੀ ਰਿਸ਼ਤੇਦਾਰੀ ’ਚੋਂ ਸੰਧੂ ਜੱਟ-ਸਿੱਖ ਸਾਧੂ ਸਿੰਘ ਨੂੰ ਦੇ ਦਿੱਤਾ ਗਿਆ। ਨਸੀਬ ਕੌਰ ਦੱਸਦੀ ਹੈ, "ਮੈਂ ਪਹਿਲਾਂ ਆਪਣਾ ਬਹਿਲੋਲ ਪੁਰ ਵਾਲਾ ਕੱਚਾ,ਫਿਰ ਰਾਇਪੁਰੀਏ ਰੱਬ ਵਰਗੇ ਭਰਾਵਾਂ ਦਾ ਘਰ ਸੀਨੇ ਤੇ ਪੱਥਰ ਰੱਖ ਕੇ ਛੱਡਿਆ। ਮੈਂ ਭਰਾਵਾਂ ਨੂੰ ਬਥੇਰਾ ਆਖਿਆ ਬਈ ਮੇਰਾ ਵਿਆਹ ਨਾ ਕਰੋ, ਮੈਂ ਥੋਡਾ ਗੋਹਾ-ਕੂੜਾ ਕਰ ਖਾਈ ਜਾਵਾਂਗੀ। ਪਰ ਉਨ੍ਹਾਂ ਵਲੋਂ ਨਾ ਮੰਨਣ ’ਤੇ ਅਖੀਰ ਮੈਂ ਆਪਣੀ ਸਹਿਮਤੀ ਦੇ ਦਿੱਤੀ"। ਨਸੀਬ ਕੌਰ ਇੱਸ ਵਕਤ ਮੁਹਾਲੀ ਦੇ ਪਿੰਡ ਧਨਾਸ ਵਿਚ ਆਪਣੇ ਪੁੱਤਰਾਂ ਗੁਰਬਚਨ ਸਿੰਘ, ਤਰਲੋਚਨ ਸਿੰਘ ਅਤੇ ਧੀ ਬਲਦੀਸ਼ ਕੌਰ ਜੋ ਸੱਭ ਵਿਆਹੇ ਵਰ੍ਹੇ ਹਨ, ਨਾਲ ਰਹਿ ਰਹੀ ਹੈ।

ਕੋਰੋਨਾ ਮਹਾਂਮਾਰੀ ਦੇ ਦੌਰ ’ਚ ਦੇਸ਼ ਨੂੰ ਜੂਝਣਾ ਪੈ ਸਕਦੈ ‘ਆਕਸੀਜਨ ਸਿਲੰਡਰਾਂ’ ਦੀ ਕਮੀ ਨਾਲ (ਵੀਡੀਓ)

ਇਸ ਦੇ ਸਿਰ ਦਾ ਸਾਈਂ ਭਲੇ ਨਹੀਂ ਰਿਹਾ ਪਰ ਉਸ ਦੇ ਪੁੱਤ ਪੜੋਤਿਆਂ ਦੀ ਫੁਲਵਾੜੀ ਛੇਤੀ ਕੀਤੇ ਉਸ ਨੂੰ ਉਦਾਸ ਨਹੀਂ ਹੋਣ ਦਿੰਦੀ। ਪਿੰਡ ਪੰਚਾਇਤ ਦੀ ਮੈਂਬਰ, ਚੰਡੀਗੜ੍ਹ ਦਿਹਾਤ ਇਲਾਕੇ ਦੀ ਕਾਂਗਰਸ ਇਸਤਰੀ ਵਿੰਗ ਦੀ ਪ੍ਰਧਾਨ ਰਹੀ ਇਸ ਨਸੀਬ ਕੌਰ ਦੀਆਂ ਚੰਡੀਗੜ੍ਹ ਦੇ ਕਾਂਗਰਸ ਪ੍ਰਧਾਨ ਤੋਂ ਲੈ ਕੈ ਰਾਜੀਵ ਗਾਂਧੀ, ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਨਾਲ ਫੋਟੋਆਂ ਵੀ ਹਨ, ਤੇ ਸਬੰਧ ਵੀ ਬੜੇ ਨਜਦੀਕੀ ਰਹੇ ਹਨ। ਭਲੇ ਬੜਾ ਇਜਤ ਮਾਣ ਮਿਲਿਐ ਨਸੀਬ ਕੌਰ ਨੂੰ ਤੇ ਇਕੋ ਇਕ ਬਚ ਗਈ ਭੈਣ ਦੇ ਪੁੱਤਰ ਵੀ ਇਹਨੂੰ 1-2 ਵਾਰ ਮਿਲ ਗਏ ਹਨ।

ਇਧਰ ਵੀ ਕੋਈ ਕਮੀ ਨਹੀਂ ਰਹੀ। ਹੰਝੂਆਂ ਵਿਚ ਭਿੱਜੀ ਹੋਈ ਨਸੀਬ ਕੌਰ ਫਿਰ ਬੋਲਦੀ ਹੈ, "ਇਧਰ ਭਾਵੈਂ ਕਾਫੀ ਇੱਜਤ ਮਾਣ ਮਿਲਿਐ ਤੇ ਪਰਸਿੱਧੀ ਵੀ ਪਰ ਸੰਨ 47 ਦੀ ਉਹ ਕਾਲੀ ਬੋਲੀ ਰਾਤ ਜਿਸ ਦਿਨ ਮਨੁੱਖੀ ਹੈਵਾਨੀਅਤ ਦਾ ਨੰਗਾ ਨਾਚ ਨੱਚਿਆ ਗਿਆ, ਕੋਹ-ਕੋਹ ਮਾਰਤਾ ਮੇਰਾ ਪਰਿਵਾਰ ਜ਼ਾਲਮਾ। ਉਹ ਸਮਾਂ ਹੀ ਅਜਿਹਾ ਸੀ ਕਿ ਨਾ ਅਪੀਲ ਨਾ ਦਲੀਲ। ਉਹ ਦੰਗਈ ਹਿੰਦੂ-ਸਿੱਖ ਨਾ ਮੁਸਲਮਾਨ ਸਨ। ਉਹ ਬਸ ਇਨਸਾਨੀ ਭੇਸ ਵਿੱਚ ਕਾਮੀ, ਕਾਤਲ, ਲੁਟੇਰੇ,ਹੈਵਾਨ ਸਨ। ਉਹ ਉਰਦੂ ਦਾ ਸ਼ੇਅਰ ਹੈ ਨਾ,ਅਖੇ-

" ਮਹਿਸੂਸ ਯੇ ਹੋਤਾ ਹੈ ਯਹ ਦੌਰ ਏ ਤਬਾਹੀ ਹੈ।
  ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ।"

ਉਹ ਸਮਾਂ ਕਿਵੇਂ ਵੀ ਭੁਲਾਇਆਂ ਵੀ ਨਹੀਂ ਭੁੱਲਦਾ। ਹੁਣ ਵੀ 47 ਦੇ ਜ਼ਖਮਾਂ ’ਤੇ ਆਇਆ ਖਰੀਂਡ ਕਿਤੇ-ਕਿਤੇ ਯਾਦਾਂ ਦੇ ਤੀਲੇ ਨਾਲ ਛਿਲਿਆ ਜਾਂਦੈ।ਪਰ ਕੀ ਕਰਾਂ ਰੋ ਲੈਣ ਤੋਂ ਸਿਵਾ ਹੋਰ ਕੁੱਝ ਪੱਲੇ ਵੀ ਤਾਂ ਨਹੀਂ ਪੈਂਦਾ। ਮਰ ਗਿਆਂ ਤੇ ਬੀਤੇ ਪਲਾਂ ਨੂੰ ਕਿੰਝ ਮੋੜਾਂ?"
        PunjabKesari
ਲੇਖਕ : ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News