1947 ਹਿਜਰਤਨਾਮਾ 82 : ਹਮੀਦ ਮੁਹੰਮਦ ਦਾਊਂ

Sunday, Sep 08, 2024 - 12:47 PM (IST)

     "ਸੋਹਾਣੇ ਦੇ ਟਿੱਕਾ ਸਾਬ ਨੂੰ ਸਲਾਮ"

" ਕੁੱਝ ਮੋਹਤਬਰ ਭਲੇ ਸਰਦਾਰਾਂ ਕਰਕੇ ਅਸੀਂ ਪਾਕਿਸਤਾਨੀ ਬਣਦੇ ਬਣਦੇ ਹਿੰਦੋਸਤਾਨੀ ਬਣੇ ਰਹੇ। ਇਹ, ਮੈਂ ਹਮੀਦ ਮੁਹੰਮਦ ਵਲਦ ਹੈਦਰ ਅਲੀ/ਮਾਈ ਬਸੀਰਾਂ ਮੁਸਲਿਮ ਅਰਾਈਂ ਪਿੰਡ ਦਾਊਂ-ਮੁਹਾਲੀ  ਤੋਂ ਆਪਣੀ ਸੰਤਾਲੀ ਸੁਣਾ ਰਿਹੈਂ। ਇਹੋ ਸਾਡਾ ਜ਼ੱਦੀ ਪਿੰਡ ਏ। ਦੇਸੂ ਮਾਜ਼ਰਾ, ਰਾਇਪੁਰ, ਰਾਮਗੜ੍ਹ, ਬਡ ਮਾਜ਼ਰਾ ਅਤੇ ਮਲੋਆ ਸਾਡੇ ਗੁਆਂਢੀ ਪਿੰਡ ਹਨ। 47ਲੀਆਂ ਵੇਲੇ ਪਿੰਡ ਵਿੱਚ ਇਕ ਖੂਹ ਅੰਦਰ ਅਤੇ ਇਕ ਬਾਹਰਲੀ ਆਬਾਦੀ ਵਿਚ ਸਾਡੇ ਘਰ ਦੇ ਬਾਹਰ ਵਿਹੜ੍ਹੇ ਨਾਲ ਸਨ। ਜਿੱਥੋਂ ਬਚਨੀ ਮਹਿਰਾ ਘੜਿਆਂ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਹਦੀ। ਉਹ ਭੱਠੀ 'ਤੇ ਦਾਣੇ ਵੀ ਭੁੰਨਿਆਂ ਕਰਦੀ। ਰਲਾ ਅਤੇ ਪਰਸ਼ੋਤਮ ਪਿੰਡ ਵਿੱਚ ਹੱਟੀਆਂ ਕਰਦੇ।
ਤਦੋਂ ਕੋਈ ਅੱਧ ਦੇ ਕਰੀਬ ਇਸ ਪਿੰਡ ਵਿੱਚ ਮੁਸਲਿਮ ਆਬਾਦੀ ਸੀ। ਇਵੇਂ ਆਲ਼ੇ ਦੁਆਲ਼ੇ ਪਿੰਡਾਂ ਵਿੱਚ ਵੀ ਕਿਧਰੇ ਘੱਟ ਕਿਧਰੇ ਵੱਧ। ਸਾਰੀਆਂ ਕੌਮਾਂ ਪਿਆਰ ਮੁਹੱਬਤ ਨਾਲ ਰਹਿੰਦੀਆਂ। ਕੰਮਾਂ ਕਾਰਾਂ ਵਿੱਚ ਇਕ ਦੂਜੇ ਦੇ ਹੱਥ ਵਟਾਉਂਦੇ, ਦੁੱਖ਼ ਸੁੱਖ ਵਿਚ ਸਾਂਝੀ ਹੁੰਦੇ।ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਇਕ ਦਿਨ ਮੱਜ੍ਹਬਾਂ ਦੇ ਨਾਮ ਤੇ ਖ਼ੂਨ ਸਫ਼ੈਦ ਹੋ ਜਾਵੇਗਾ। ਉਦੋਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸਾਂ। ਮੈਥੋਂ ਵੱਡਾ ਨਜ਼ੀਰ ਮੁਹੰਮਦ ਵੀ।ਕੁੱਲ ਚਾਰ ਭਾਈ ਸਾਂ, ਅਸੀਂ। ਨਿਆਜ ਮੁਹੰਮਦ ਅਤੇ ਨਾਜ਼ਰ ਮੁਹੰਮਦ ਵੀ ਮੈਥੋਂ ਵੱਡੇ ਸਨ। ਰਸੀਬਨ ਬੀਬੀ ਨਾਮੇ ਇਕ ਭੈਣ ਸੀ ਜਿਸ ਦਾ ਰੌਲਿਆਂ ਤੋਂ ਪਹਿਲਾਂ ਹੀ ਨਿਕਾਹ ਹੋ ਗਿਆ । ਉਹ ਆਪਣੇ ਸੌਹਰਾ ਪਰਿਵਾਰ ਨਾਲ ਪਾਕਿਸਤਾਨੀ ਹੋ ਗਈ। ਅਫ਼ਸੋਸ ਕਿ ਉਸ ਨਾਲ ਸਾਡਾ ਮੁੜ ਮੇਲ਼ ਨਾ ਹੋਇਆ। ਉਦੋਂ ਭਾਰੀ ਬਰਸਾਤ, ਭੁੱਖ ਮਰੀ ਅਤੇ ਵਬਾ ਦਾ ਬਹੁਤ ਜ਼ੋਰ ਸੀ। ਕੈਂਪਾਂ,ਕਾਫ਼ਲਿਆਂ ਵਿੱਚ ਬਹੁਤ ਹਿਜਰਤ ਕਾਰੀ ਉਪਰੋਕਤ ਬਲਾਵਾਂ ਨਾਲ ਜੂਝਦੇ ਮਾਰੇ ਵੀ ਗਏ।
ਮੇਰੇ ਅੱਬਾ ਹੱਲਿਆਂ ਵੇਲੇ ਸਾਡੇ ਲਾਗਲੇ ਸੁਹਾਣੇ ਪਿੰਡ, ਸਰਦਾਰ ਟਿੱਕਾ ਸਾਬ ਦੇ ਬਾਗ਼ਾਂ ਦੇ ਮਾਲੀ ਸਨ।ਮਾਈ ਬਸੀ਼ਰਾਂ ਵੀ ਆਂਡ ਗੁਆਂਢ ਸਰਦਾਰਾਂ ਦੇ ਘਰਾਂ ਵਿੱਚ ਕੰਮਾਂ ਵਿਚ ਹੱਥ ਵਟਾਉਂਦੀ। ਬਦਲੇ ਵਿੱਚ ਉਹ ਬਣਦੀ ਉਜਰਤ ਦੇ ਦਿੰਦੇ। ਇੰਝ ਘਰ ਦਾ ਗੁਜ਼ਾਰਾ ਵਧੀਆ ਨਿਭੀ ਜਾਂਦਾ। ਭਾਰਤ ਆਜ਼ਾਦ ਹੋਵੇਗਾ, ਪਾਕਿਸਤਾਨ ਬਣੇਗਾ। ਸੱਭ ਮੁਸਲਮਾਨਾਂ ਨੂੰ ਉਠਕੇ ਪਾਕਿਸਤਾਨ ਜਾਣਾ ਪਵੇਗਾ। ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਅਕਸਰ ਸੁਣਦੇ। ਆਲ਼ੇ ਦੁਆਲ਼ੇ ਪਿੰਡਾਂ ਵਿੱਚੋਂ ਹਲਾ ਹਲਾ-ਲਲਾ ਲਲਾ, ਕਤਲੇਆਮ, ਆਗਜ਼ਨੀ ਦੀਆਂ ਲਾਟਾਂ ਉਚੀਆਂ ਉਠਦੀਆਂ ਦੇਖਦੇ।
ਪਿੰਡ ਚੋਂ ਕੁੱਝ ਸ਼ੈਤਾਨ ਮੁਸਲਮਾਨਾਂ ਉਪਰ ਹਮਲਾ ਕਰਨ, ਧੀਆਂ ਭੈਣਾਂ ਦੀ ਬੇਪਤੀ ਅਤੇ ਲੁੱਟ ਮਾਰ ਕਰਨ ਦੇ ਮਨਸੂਬੇ ਬਣਾਉਂਦੇ। ਜਦ 'ਜਿਹੀ ਹਿਲਜੁਲ ਸ਼ੁਰੂ ਹੋਈ ਤਾਂ ਪਿੰਡ ਚੋਂ ਹੀ ਇਕ ਧਿਰ ਮੁਸਲਮਾਨਾਂ ਦੇ ਬਚਾਅ ਵਾਸਤੇ ਖੜ੍ਹੀ ਹੋ ਗਈ। ਜਿਨ੍ਹਾਂ ਵਿਚ ਜੱਟ ਸਿੱਖ ਰਚਨ ਸਿੰਘ, ਜਗੀਰ ਸਿੰਘ ਮਹਿਰਾ, ਹਜ਼ਾਰਾ ਸਿੰਘ ਮੱਜ੍ਹਬੀ ਵਗੈਰਾ ਸਨ। ਉਨ੍ਹਾਂ ਸਾਰੇ ਮੁਸਲਮਾਨਾਂ ਨੂੰ ਸੁਨੇਹਾ ਭੇਜਿਆ ਕਿ ਸਾਰੇ ਮੁਸਲਮਾਨ ਤਿਆਰੀ ਫੜ੍ਹ ਲੈਣ,ਕੱਲ੍ਹ ਸਵੇਰੇ ਕੈਂਪ ਵਿੱਚ ਛੱਡ ਕੇ ਆਵਾਂਗੇ। ਦੂਜੇ ਦਿਨ ਸਾਰੇ ਮੁਸਲਮਾਨ ਪਿੰਡ ਦੇ ਬਾਹਰੀ ਚੌਂਕ ਵਿੱਚ 'ਇਕੱਠੇ ਹੋਏ। ਸਰਦਾਰਾਂ ਆਪਣੇ ਗੱਡੇ ਲਿਆਂਦੇ। ਬੱਚੇ, ਬਜ਼ੁਰਗ ਗੱਡਿਆਂ ਉਤੇ ਅਤੇ ਬਾਕੀ ਪੈਦਲ ਹੋ ਤੁਰੇ। ਸਰਦਾਰ ਸਾਨੂੰ ਦੇਸੂ ਮਾਜਰਾ ਪਿੰਡ ਦੇ ਆਰਜ਼ੀ ਕੈਂਪ ਵਿੱਚ ਛੱਡ ਆਏ।ਦੇਸੂ ਮਾਜ਼ਰਾ ਲਈ ਤੁਰੇ ਤਾਂ ਰਸਤੇ ਵਿਚ ਲੁੱਟ ਖੋਹ, ਉਧਾਲਿਆਂ ਦੀ ਵਿਰਤੀ ਵਾਲਿਆਂ ਕਾਫ਼ਲੇ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਭੱਜ ਕੇ ਅੱਗੇ ਹੋ ਗਏ। ਉਨ੍ਹਾਂ ਵੰਗਾਰ ਦਿਆਂ ਕਿਹਾ,"ਤੁਹਾਨੂੰ ਪਹਿਲਾਂ ਸਾਨੂੰ ਮਾਰਨਾ ਪਵੇਗਾ, ਫਿਰ ਅੱਗੇ ਵਧਣਾ।" ਤਾਂ ਉਹ ਕੱਚਾ ਜਿਹਾ ਹੋ ਕੇ ਵਾਪਸ ਪਰਤ ਗਏ। ਉਥੋਂ ਹੋਰ ਵੀ ਗੁਆਂਢੀ ਪਿੰਡਾਂ ਤੋਂ ਕਾਫ਼ਲੇ ਆਏ ਹੋਏ ਸਨ। ਸ਼ਾਮ ਨੂੰ ਇਕ ਵੱਡੇ ਕਾਫ਼ਲੇ ਦੇ ਰੂਪ ਵਿਚ ਖਰੜ ਤਹਿਸੀਲਦਾਰ ਦਫ਼ਤਰ ਦੇ ਸਾਹਮਣੇ ਖੁੱਲ੍ਹੇ ਖਲਿਆਨ ਵਿਚ ਲੱਗੇ ਰਫਿਊਜੀ ਕੈਂਪ ਵਿੱਚ ਜਾ ਡੇਰਾ ਲਾਇਆ। ਉਥੇ ਕੋਈ ਦੋ ਹਫ਼ਤੇ ਰੁਕੇ।ਖਾਣ ਪੀਣ ਲਈ ਹਲਕਾ ਫੁਲਕਾ ਮਿਲਦਾ ਰਿਹਾ। ਇਵੇਂ ਇਕ ਦਿਨ ਸੋਹਾਣੇ ਦੇ ਟਿੱਕਾ ਸਾਬ ਨੂੰ ਸਾਡੀ ਖ਼ਬਰ ਹੋਈ ਤਾਂ ਉਹ ਕੈਂਪ ਵਿੱਚ ਸਾਨੂੰ ਲੈਣ ਆਏ। ਪਰ ਕੈਂਪ ਦੇ ਸਰਕਾਰੀ ਪ੍ਰਬੰਧਕ ਨੇ ਮਨ੍ਹਾ ਕਰਤਾ। ਫਿਰ ਟਿੱਕਾ ਸਾਬ ਨੇ ਦੂਜੇ ਤੀਜੇ ਦਿਨ ਮਿਲਟਰੀ ਅਫ਼ਸਰ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਬਜ਼ੁਰਗਾਂ ਦੀ ਸਹਿਮਤੀ ਲੈ ਕੇ ਸਾਨੂੰ ਟਿੱਕਾ ਸਾਬ ਨਾਲ਼ ਭੇਜ'ਤਾ। ਸਾਡੇ ਪਰਿਵਾਰ ਨਾਲ਼ ਹੀ ਉਹ ਆਪਣਾ ਇਕ ਹੋਰ ਲਿਹਾਜ਼ੀ ਰਹਿਮਤ ਉਲ੍ਹਾ ਦਾ ਪਰਿਵਾਰ ਵੀ ਵਾਪਸ ਲੈ ਆਏ ਜੋ ਉਨ੍ਹਾਂ ਦੇ ਖੇਤਾਂ ਵਿਚ ਕਾਮੇ ਸਨ।ਦੋ ਸਾਲ ਟਿੱਕਾ ਸਾਬ ਪਾਸ ਹੀ ਰਹੇ। ਉਪਰੰਤ ਆਪਣੇ ਘਰ ਦਾਊਂ ਵਾਪਸ ਆਏ। ਆਪਣਾ ਜ਼ੱਦੀ ਮਕਾਨ ਜੋ ਅਜੇ ਤੱਕ ਖਾਲੀ ਹੀ ਪਿਆ ਸੀ ਪਰ ਸਮਾਨ ਲੋਕਾਂ ਵਲੋਂ ਲੁੱਟ ਲਿਆ ਗਿਆ, ਉਪਰ ਮੁੜ ਕਾਬਜ਼ ਹੋ ਗਏ।
ਹਾਲੇ਼ ਭੌਲੀ਼ ਤੇ ਜ਼ਮੀਨ ਲੈ ਕੇ ਕੁੱਝ ਸਾਲ ਖ਼ੇਤੀ ਕੀਤੀ।1955 ਵਿੱਚ ਅੱਬਾ ਜਾਨ ਅਤੇ ਦਰਾਜ਼ ਉਮਰ ਭੋਗ ਕੇ ਬਸੀਰਾਂ ਬੀਬੀ 2000 ਸੰਨ ਵਿੱਚ ਫੌਤ ਹੋ ਗਏ।ਖੇਤੀ ਛੱਡ ਕੇ ਮੈਂ ਜਨਰਲ ਬਰਾੜ ਦੇ ਫ਼ਾਰਮ ਵਿਚ ਨੌਕਰੀ ਕਰੀ। ਉਨ੍ਹਾਂ ਦਾ ਫ਼ਾਰਮ ਬੰਦ ਹੋਣ ਉਪਰੰਤ ਪੰਜਾਬ ਟਰੈਕਟਰ ਫੈਕਟਰੀ ਮੁਹਾਲੀ ਵਿੱਚ ਨੌਕਰ ਹੋਇਆ। ਅੱਜ ਕੱਲ੍ਹ ਜ਼ਿੰਮੇਵਾਰੀ ਤੋਂ ਮੁਕਤ ਹਾਂ। ਧੀਆਂ ਸ਼ਰੀਅਤ ਬੀਬੀ ਪੁੱਤਰ ਗੁ਼ੱਲ ਮੁਹੰਮਦ,ਅਸਲਮ ਮੁਹੰਮਦ ਅਤੇ ਕਾਸਿਮ ਮੁਹੰਮਦ ਸੱਭ ਵਿਆਹੇ ਵਰ੍ਹੇ ਨੇ। ਆਪਣਾ ਆਪਣਾ ਕੰਮ ਕਰਦੇ ਨੇ।ਇਸ ਵਕਤ ਆਪਣੀ ਸ਼ਰੀਕ-ਏ-ਹਯਾਤ ਜ਼ਮੀਲਾ ਬੀਬੀ ਨਾਲ ਪੁਰ ਸਕੂੰ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। 
'47  ਦਾ ਸਮਾਂ ਬੜਾ ਮਾੜਾ ਸੀ ਜਦ ਸਿੱਖ-ਹਿੰਦੂ ਬਨਾਮ ਮੁਸਲਮਾਨਾਂ ਵਿੱਚ ਧਰਮ ਦੇ ਨਾਮ ਤੇ ਭਿਆਨਕ ਕਤਲੇਆਮ, ਲੁੱਟ ਮਾਰ ਅਤੇ ਜ਼ਬਰੀ ਉਧਾਲਿਆਂ ਨੂੰ ਅੰਜਾਮ ਦਿੱਤਾ। ਸੋਹਾਣੇ ਦੇ ਟਿੱਕਾ ਸਾਬ ਨੂੰ ਸਲਾਮ ਜਿਨ੍ਹਾਂ ਆਪਣੇ ਆਂਡ ਗੁਆਂਢ ਪਿੰਡਾਂ ਵਿੱਚ ਮੁਸਲਮਾਨਾਂ ਨੂੰ ਆਂਚ ਨਾ ਆਉਣ ਦਿੱਤੀ । ਅਫ਼ਸੋਸ ਕਿ 'ਜਿਹੇ ਫ਼ਰਿਸ਼ਤਿਆਂ ਦੀ ਗਿਣਤੀ ਥੋੜ੍ਹੀ ਸੀ ਬਵਜ੍ਹਾ ਪੰਜਾਬੀਆਂ ਨੇ ਵੱਡਾ ਨੁਕਸਾਨ ਉਠਾਇਆ। ਇਸ ਲਈ ਸੱਤਾ ਦੇ ਲੋਭੀ ਵੱਡੇ ਨੇਤਾ ਜੁੰਮੇਵਾਰ ਤਾਂ ਹੈ ਹੀ ਪਰ ਤਦੋਂ ਦੇ ਮੁਹੱਲਾ ਅਤੇ ਪਿੰਡ ਪੱਧਰੀ ਚੌਧਰੀ ਜਿਨ੍ਹਾਂ ਭੀੜ ਨੂੰ ਉਕਸਾ ਕੇ ਆਪਣੇ ਮਗਰ ਲਗਾਇਆ, ਵਿੱਚ ਆਦਮੀਅਤ ਨਾਲੋਂ ਫ਼ਿਰਕੂ ਹੈਵਾਨੀਅਤ ਭਾਰੂ ਹੋ ਗਈ ਸੀ ਵੀ ਵੱਡੇ ਗੁਨ੍ਹਾਗਾਰ ਹਨ ਜੋ ਆਪਣੇ ਇਨਸਾਨੀ ਫਰਜ਼ਾਂ ਨੂੰ ਪਛਾਣ ਨਾ ਸਕੇ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
        92569-73526


Tarsem Singh

Content Editor

Related News