*ਵਾਰਤਾਕਾਰ ਤੇ ਕਵੀ ਮੁਹੰਮਦ ਅੱਬਾਸ ਧਾਲੀਵਾਲ ਨੂੰ ਪੜਦਿਆਂ..! *

Tuesday, Nov 05, 2024 - 05:06 PM (IST)

*ਵਾਰਤਾਕਾਰ ਤੇ ਕਵੀ ਮੁਹੰਮਦ ਅੱਬਾਸ ਧਾਲੀਵਾਲ ਨੂੰ ਪੜਦਿਆਂ..! *

ਮੈਂ ਮੁਹੰਮਦ ਅੱਬਾਸ ਧਾਲੀਵਾਲ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਉਹ ਕਾਲਜ ਦੇ ਜ਼ਮਾਨੇ 'ਚ ਸਾਡੇ ਤੋਂ ਸੀਨੀਅਰ ਸਨ। ਅੱਬਾਸ ਧਾਲੀਵਾਲ ਪਿਛਲੇ ਲੰਮੇ ਸਮੇਂ ਤੋਂ ਉਰਦੂ, ਪੰਜਾਬੀ ਤੇ ਹਿੰਦੀ ਸਾਹਿਤ 'ਚ ਜੋ ਆਪਣੀਆਂ ਬੇਸ਼-ਕੀਮਤੀ ਸੇਵਾਵਾਂ ਦੇ ਰਹੇ ਹਨ। ਮੁਹੰਮਦ ਅੱਬਾਸ ਧਾਲੀਵਾਲ ਦਾ ਜਨਮ 4 ਫਰਵਰੀ 1972 ਨੂੰ ਮਲੇਰਕੋਟਲਾ ਵਿਖੇ ਇੱਕ ਮੁਸਲਮਾਨ ਪਰਿਵਾਰ 'ਚ ਹੋਇਆ। ਆਪਣੇ ਪੁਸ਼ਤੈਨੀ ਕੰਮ ਦੇ ਬਾਰੇ ਦੱਸਦੇ ਹਨ ਕਿ " ਉਨ੍ਹਾਂ ਦੇ ਦਾਦਾ ਖੁਦਾ ਬਖਸ਼ ਅਤੇ ਪਿਤਾ ਹਾਜੀ ਮੁਹੰਮਦ ਮੁਸ਼ਤਾਕ (ਸੂਬਾ) ਹੁਰਾਂ ਦਾ ਲਕੜੀ ਦਾ ਵੱਡਾ ਕਾਰੋਬਾਰ ਸੀ ਬਾਹਰੋਂ ਖੜ੍ਹੇ ਦਰਖਤਾਂ ਦਾ ਸੌਦਾ ਕਰ ਉਨ੍ਹਾਂ ਦੀ ਕਟਾਈ ਕਰਵਾ ਕੇ ਟਰਾਲੀਆਂ ਜਾਂ ਗੱਡਿਆਂ 'ਤੇ ਲੱਦ ਕੇ ਮਲੇਰਕੋਟਲਾ, ਬਰਨਾਲਾ ਅਤੇ ਲੁਧਿਆਣਾ ਸ਼ਹਿਰਾਂ ਦੇ ਵੱਡੇ-ਵੱਡੇ ਆਰਿਆਂ ਤੇ ਲਕੜ ਉਤਾਰ ਆਉਂਦੇ ਸਨ। ਦਾਦਾ ਖੁਦਾ ਬਖਸ਼ ਊਠ ਰੱਖਦੇ ਸਨ ਤੇ ਊਠ ਦੂਰ-ਦੂਰ ਤੱਕ ਇਲਾਜ ਕਰਨ ਵੀ ਜਾਂਦੇ ਸਨ। ਦਾਦਾ 1969 ਚ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਕੰਮਕਾਜ ਦੀ ਸਾਰੀ ਜਿੰਮੇਵਾਰੀ ਅੱਬਾ ਜੀ ਦੇ ਕੰਧਿਆਂ ਤੇ ਆ ਪਈ ਸੀ ਪਰ ਅੱਬਾ (ਮੁਸ਼ਤਾਕ) ਧਾਰਮਿਕ ਵਿਰਤੀ ਵਾਲੇ ਵਿਅਕਤੀ ਸਨ ਉਨ੍ਹਾਂ ਦਾ ਬਹੁਤਾ ਧਿਆਨ ਆਪਣੀ ਇਬਾਦਤ ਵੱਲ ਰਹਿੰਦਾ ਸੀ ਸੋ ਉਹ ਕਾਰੋਬਾਰ ਨੂੰ ਉਂਝ ਨਹੀਂ ਸੀ ਸੰਭਾਲ ਸਕੇ ਜਿਵੇਂ ਦਾਦਾ ਨੇ ਸੰਭਾਲਿਆ ਹੋਇਆ ਸੀ"।
ਅੱਬਾਸ ਧਾਲੀਵਾਲ ਨੇ ਆਪਣੀ ਮੁੱਢਲੀ ਪੜ੍ਹਾਈ ਸ਼ਹਿਰ ਦੇ ਪ੍ਰਸਿੱਧ ਇਸਲਾਮੀਆ ਹਾਈ ਸਕੂਲ ਮੌਜੂਦਾ ਸਮੇਂ ਦੇ ਸੀਨੀਅਰ ਸੈਕੰਡਰੀ ਸਕੂਲ 'ਚੋਂ ਹਾਸਲ ਕੀਤੀ। ਇਸ ਤੋਂ ਗਰੈਜੂਏਸ਼ਨ ਆਨਰ ਉਰਦੂ ਨਾਲ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਕੀਤੀ। ਇਸ ਉਪਰੰਤ ਐਮ.ਏ ਪੰਜਾਬੀ ਅਤੇ ਉਰਦੂ ਵੀ ਇਸੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਕੀਤੀ ਬਾਅਦ ਵਿਚ ਬੀ.ਐਡ ਹੈਦਰਾਬਾਦ ਦੀ ਮੌਲਾਨਾ ਆਜ਼ਾਦ ਉਰਦੂ ਯੂਨੀਵਰਸਿਟੀ ਤੋਂ ਕੀਤੀ।  ਅੱਬਾਸ ਧਾਲੀਵਾਲ ਨੂੰ ਡਾਇਰੀ ਲਿਖਣ ਦਾ ਸ਼ੌਕ ਵਿਦਿਆਰਥੀ ਜੀਵਨ ਤੋਂ ਹੀ ਸੀ ਉਨ੍ਹਾਂ ਦੀ ਪਹਿਲੀ ਕਹਾਣੀ " ਏਕ ਨਯਾ ਮੁਸਤਬਿਲ" ਪੰਜਾਬ ਦੇ ਪ੍ਰਸਿੱਧ ਪੰਜਾਬ ਕੇਸਰੀ ਗਰੁੱਪ ਦੇ ਅਖਬਾਰ ਹਿੰਦ ਸਮਾਚਾਰ ਵਿੱਚ 1993 ਵਿੱਚ ਪ੍ਰਕਾਸ਼ਿਤ ਹੋਈ ਸੀ।  ਅੱਬਾਸ ਧਾਲੀਵਾਲ ਨੂੰ ਪੜਨ ਅਤੇ ਲਿਖਣ ਦਾ ਸ਼ੌਕ ਆਪਣੇ ਵਿਦਿਆਰਥੀ 'ਚ ਹੀ ਪੈਦਾ ਹੋ ਚੁੱਕਾ ਸੀ। ਇਸ ਸੰਦਰਭ ਵਿੱਚ ਉਹ ਆਪਣੀ ਇੱਕ ਵਾਰਤਾ ਰਚਨਾ "ਇੱਕ ਪੱਤਰ ਯਾਦਾਂ ਦੇ ਝਰੋਖੇ ਚੋਂ" ਵਿੱਚ ਲਿਖਦੇ ਹਨ ਕਿ "ਗੱਲ ਲੱਗਭਗ ਸਾਢੇ ਤਿੰਨ ਦਹਾਕੇ ਪਹਿਲਾਂ ਦੀ ਹੈ ਜਦ ਮੈਂ ਹਾਲੇ ਨੌਵੀਂ-ਦਸਵੀਂ ਦਾ ਵਿਦਿਆਰਥੀ ਸਾਂ। ਸਾਡੇ ਸਾਹਮਣੇ ਕਿਰਾਏ ’ਤੇ ਰਹਿੰਦੇ ਇਕ ਮਾਸਟਰ ਜੀ, ਜਿਨ੍ਹਾਂ ਦੇ ਪਾਸ ਇੱਕ ਰੋਜ਼ਾਨਾ ਅਖਬਾਰ (ਪੰਜਾਬੀ ਟ੍ਰਿਬਿਊਨ) ਆਇਆ ਕਰਦਾ ਸੀ, ਮੇਰਾ ਅਕਸਰ ਮਾਸਟਰ ਜੀ ਪਾਸ ਜਾਣਾ ਆਉਣਾ ਰਹਿੰਦਾ ਸੀ। ਉਹਨ੍ਹਾਂ ਪਾਸੋਂ ਕਦੋਂ ਮੈਨੂੰ ਅਖਬਾਰ ਪੜ੍ਹਨ ਦੀ ਚੇਟਕ ਲੱਗ ਗਈ, ਇਸ ਦਾ ਪਤਾ ਈ ਨਾ ਲਗਾ। ਕੁੱਝ ਅਰਸੇ ਬਾਅਦ ਉਹ ਘਰ ਛੱਡ ਕੇ ਕਿਸੇ ਹੋਰ ਪਾਸੇ ਸ਼ਿਫਟ ਹੋ ਗਏ।

PunjabKesari
ਇਸ ਉਪਰੰਤ ਮੈਂ ਸ਼ਹਿਰ ਦੇ ਪ੍ਰਸਿੱਧ ਤੇਲੀਆਂ ਵਾਲੇ ਬਾਜ਼ਾਰ ਨੇੜੇ ਇਕ ਅਖਬਾਰ ਦੀ ਲਾਇਬ੍ਰੇਰੀ ਚ ਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਘਰ ਦੀ ਆਰਥਿਕ ਸਥਿਤੀ ਠੀਕਠਾਕ ਈ ਸੀ ਤੇ ਘਰੇ ਅਖਬਾਰ ਲਗਵਾੳਣਾ ਮੇਰੇ ਮਾਪਿਆਂ ਵਾਸਤੇ ਸੰਭਵ ਨਹੀਂ ਸੀ। ਪਰ ਆਪਣੀ ਜੇਬ ਖਰਚੀ ਚੋਂ ਪੈਸੇ ਬਚਾ ਕੇ, ਮੈਂ ਮਲੇਰਕੋਟਲਾ ਦੇ ਬੱਸ ਸਟੈਂਡ ਤੋਂ ਸਪੈਸ਼ਲ ਹਰ ਐਤਵਾਰ ਮੈਗਜ਼ੀਨ ਵਾਲਾ ਪੰਜਾਬੀ ਟ੍ਰਿਬਿਊਨ ਖਰੀਦ ਲਿਆਇਆ ਕਰਦਾ ਸਾਂ, ਇਹ ਕਿ ਉਹਨੀਂ ਦਿਨੀਂ ਐਤਵਾਰ ਮੈਗਜ਼ੀਨ ਵਿੱਚ ਅਕਸਰ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ ਛਪਿਆ ਕਰਦਾ ਸੀ। ਕਪੂਰ ਸਾਹਿਬ ਦੀਆਂ ਰਚਨਾਵਾਂ ਪੜ੍ਹਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ। ਜੇਕਰ ਕਿਹਾ ਜਾਵੇ ਕਿ ਮੈਂ ਕਪੂਰ ਸਾਹਿਬ ਦੀਆਂ ਰਚਨਾਵਾਂ ਦਾ ਖਤਰਨਾਕ ਹੱਦ ਤੱਕ ਕਾਇਲ ਸੀ, ਤਾਂ ਇਸ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਮੇਰੇ ਲਈ ਕਪੂਰ ਸਾਹਿਬ ਇਕ ਅਜਿਹਾ ਲੇਖਕ ਸੀ ਜਿਸ ਨੂੰ ਪੜ੍ਹਦੇ ਸਮੇਂ, ਮੈਨੂੰ ਆਪਣੇ ਜ਼ਹਿਨ ਦੇ ਕਿਵਾੜ ਜਿਵੇਂ ਖੁੱਲ੍ਹਦੇ ਮਹਿਸੂਸ ਹੁੰਦੇ। ਉਨ੍ਹਾਂ ਦੀਆਂ ਲਿਖਤਾਂ 'ਚੋਂ ਮੈਨੂੰ ਅਕਸਰ ਇਕ ਪ੍ਰਕਾਰ ਦੀ ਪ੍ਰੇਰਨਾ ਮਿਲਦੀ ਅਤੇ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਮੈਂ ਜੀਵਨ ਰੂਪੀ ਤਜਰਬਿਆਂ ਦੇ ਦਰਿਆ ਵਿੱਚ ਗੋਤੇ ਮਾਰ ਰਿਹਾ ਹੋਵਾਂ, ਜਿਵੇਂ ਹਰ ਗੋਤੇ ਪਿੱਛੋਂ ਮੈਨੂੰ ਜ਼ਿੰਦਗੀ ਦੀਆਂ ਅਣਸੁਲਝੀਆਂ ਗੁੱਥੀਆਂ ਸੁਲਝਦੀਆਂ ਜਾ ਰਹੀਆਂ ਹੋਣ।
ਦਸਵੀਂ ਉਪਰੰਤ ਮੈਂ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਕਪੂਰ ਸਾਹਿਬ ਨੂੰ ਪੜ੍ਹਨਾ ਵੀ। ਇਸ ਤੋਂ ਇਲਾਵਾ ਉਰਦੂ ਦੇ ਪ੍ਰਸਿੱਧ ਨਾਵਲ-ਨਿਗਾਰ ਨਸੀਮ ਹਜਾਜ਼ੀ ਅਤੇ ਕੁਰਅਤੁਲ ਐਨ ਹੈਦਰ ਦਾ ਨਾਵਲ ‘ਆਗ ਕਾ ਦਰਿਆ’ ਆਦਿ +2 ਵਿਚ ਹੀ ਪੜ੍ਹ ਲਿਆ (ਜੋ ਅੱਗੇ ਜਾ ਕੇ ਸਾਨੂੰ ਉਰਦੂ ਐਮ ਏ ਦੇ ਸਿਲੇਬਸ 'ਚ ਲੱਗਿਆ ਹੋਇਆ ਸੀ)। ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਨੂੰ ਵੀ ਮੈਂ ਚਾਅ ਨਾਲ ਪੜ੍ਹਿਆ ਤੇ ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੇ ਜਿਵੇਂ ਜੀਵਨ ਨੂੰ ਇਕ ਅਲੱਗ ਈ ਤਰ੍ਹਾਂ ਦੇ ਨਜ਼ਰੀਏ ਤੋਂ ਜਾਣੂੰ ਕਰਵਾਇਆ। "
ਇਸੇ ਰਚਨਾ 'ਚ ਅੱਬਾਸ ਧਾਲੀਵਾਲ ਅੱਗੇ ਲਿਖਦੇ ਹਨ ਕਿ" ਬੀ.ਏ. ਵਿਚ ਹੋਇਆ ਤਾਂ ਪਤਾ ਲੱਗਾ ਕਿ ਜਿਸ ਨਰਿੰਦਰ ਸਿੰਘ ਕਪੂਰ ਦਾ ਮੈਂ ਫੈਨ ਹਾਂ ਉਹ ਸਾਡੀ ਈ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਹੈੱਡ ਹਨ। ਮੈਨੂੰ ਇਹ ਜਾਣ ਕੇ ਡਾਢੀ ਖੁਸ਼ੀ ਹੋਈ ਤੇ ਨਾਲ ਹੀ ਇੱਛਾ ਜਾਗੀ ਕਿ ਕਪੂਰ ਸਾਹਿਬ ਨੂੰ ਜਾ ਕੇ ਮਿਲਾਂ ਅਤੇ ਉਨ੍ਹਾਂ ਨੂੰ ਦੱਸਾਂ ਕਿ ਮੈਂ ਉਨ੍ਹਾਂ ਦਾ ਕਿੰਨਾ ਵੱਡਾ ਫੈਨ ਹਾਂ। ਪਰ ਫਿਰ ਸੋਚਿਆ ਕਿ ਇੰਨੇ ਵੱਡੇ ਆਦਮੀ ਨੂੰ ਕਿਵੇਂ ਅਤੇ ਕੀ ਕਹਿ ਕੇ ਮਿਲਾਂਗਾ।
ਇਸੇ ਉਧੇੜ-ਬੁਣ ਵਿਚ ਦਿਨ, ਹਫਤਿਆਂ ਅਤੇ ਮਹੀਨਿਆਂ ਦਾ ਸਫਰ ਤੈਅ ਕਰਦੇ ਹੋਏ ਸਾਲਾਂ ਵਿਚ ਤਬਦੀਲ ਹੁੰਦੇ ਰਹੇ ਅਰਥਾਤ ਸਮਾਂ ਆਪਣੀ ਰਫਤਾਰ ਚਲਦਾ ਰਿਹਾ। ਫਿਰ ਇਤਫਾਕਨ ਮੈਨੂੰ ਇਕ ਦਿਨ ਯੂਨੀਵਰਸਿਟੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਘਰੋਂ ਮੈਂ ਮੱਥ ਕੇ ਚੱਲਿਆ ਕਿ ਅੱਜ ਕਪੂਰ ਸਾਹਿਬ ਨੂੰ ਮਿਲ ਕੇ ਹੀ ਆਵਾਂਗਾ। ਯੂਨੀਵਰਸਿਟੀ ਜਾ ਕੇ ਮੈਂ ਕਪੂਰ ਸਾਹਿਬ ਬਾਰੇ ਪੁੱਛਦੇ ਪੁਛਾਉਂਦੇ ਉਨ੍ਹਾਂ ਦਾ ਵਿਭਾਗ ਜਾ ਲੱਭਿਆ। ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਦੇ ਦਫਤਰ ਵਿੱਚ ਦਾਖਲ ਹੁੰਦਾ, ਮੇਰਾ ਦਿਲ ਇੱਕ ਬਿਆਨੋ ਅਸਮਰਥ ਖੁਸ਼ੀ ਨਾਲ ਝੂਮ ਰਿਹਾ ਸੀ ਤੇ ਦਿਲ ਦੀ ਧੜਕਣ ਨੇ ਜਿਵੇਂ ਤੇਜ਼ ਰਫਤਾਰ ਫੜ ਲਈ ਸੀ। ਇਸੇ ਦੌਰਾਨ ਖੁਸ਼ੀ ਦੀਆਂ ਲਹਿਰਾਂ ਦੇ ਵਿਚਕਾਰ ਘਿਰਿਆ ਹੋਇਆ ਜਿਵੇਂ ਹੀ ਮੈਂ ਕਪੂਰ ਸਾਹਿਬ ਦੇ ਦਫਤਰ ਨੇੜੇ ਪਹੁੰਚਿਆ ਤਾਂ ਉਨ੍ਹਾਂ ਦੇ ਕੈਬਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਦਫਤਰ ਦੇ ਬਾਹਰ ਬੈਠੇ ਇੱਕ ਬਾਬੂ ਨੂੰ ਕਪੂਰ ਸਾਹਿਬ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਕਪੂਰ ਸਾਹਿਬ ਤਾਂ ਯੂਨੀਵਰਸਿਟੀ ਵਿੱਚ ਸੈਨਟ ਦੀ ਮੀਟਿੰਗ ਵਿਚ ਹਿੱਸਾ ਲੈਣ ਗਏ ਹੋਏ ਨੇ, ਤੇ ਇਹ ਵੀ ਕਿਹਾ ਕਿ ਜੇਕਰ “ਤੁਸੀਂ” ਕੋਈ ਜ਼ਰੂਰੀ ਕੰਮ ਬਾਬਤ ਮਿਲਣਾ ਹੈ ਤਾਂ ਸੈਨਟ ਹਾਲ ਵਿੱਚ ਜਾ ਕੇ ਮਿਲ ਸਕਦੇ ਹੋ।
ਕੁਝ ਸਮੇਂ ਲਈ ਮੈਂ ਜਿਵੇਂ ਸੁੰਨ ਹੋਗਿਆ ...!.. ਅੰਦਰੋ ਅੰਦਰੀ ਸੋਚਿਆ ਕਿ ਮੈਂ ਕਪੂਰ ਸਾਹਿਬ ਨੂੰ ਕੀ ਕਹਿ ਕਿ ਮਿਲਾਂਗਾ? ਕੀ ਪਤਾ ਉਹ ਕਿੰਨੀ ਕੁ ਜ਼ਰੂਰੀ ਮੀਟਿੰਗ ਵਿੱਚ ਬਿਜ਼ੀ ਹੋਣ ਜੇ ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ... ਤਾਂ...!.. ਤੇ ਮੇਰੇ ਦਿਲ ਨੇ ਫੈਸਲਾ ਕੀਤਾ ਕਿ ਮੈਂ ਅੱਜ ਉਨ੍ਹਾਂ ਨੂੰ ਨਾ ਮਿਲਾਂ... ਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ਇਕ ਛੋਟੀ ਜਿਹੀ ਪੈਡ ਮੇਰੇ ਸਾਹਮਣੇ ਕਰ ਦਿੱਤੀ। ਮੈਂ ਉਸ ਵਿੱਚੋਂ ਇਕ ਕਾਗ਼ਜ਼ ਕੱਢਿਆ ਤੇ ਉਸ ਉੱਪਰ ਉਰਦੂ ਵਿਚ ਇਕ ਸ਼ੇਅਰ ਲਿਖ ਕੇ ਤੇ ਹੇਠਾਂ ਆਪਣਾ ਪਤਾ ਲਿਖ ਕੇ ਉਹ ਪਰਚਾ ਉਸ ਬਾਬੂ ਨੂੰ ਸੌਂਪ ਕੇ ਆਖਿਆ " ਇਹ ਕਪੂਰ ਸਾਹਿਬ ਨੂੰ ਦੇ ਦੇਣਾ ਜੀ।"  ਇਸ ਤੋਂ ਬਾਅਦ ਠੀਕ ਇਕ ਹਫਤੇ ਬਾਅਦ ਮੈਨੂੰ ਨਰਿੰਦਰ ਸਿੰਘ ਕਪੂਰ ਹੁਰਾਂ ਦਾ, ਉਨ੍ਹਾਂ ਦੇ ਆਪਣੀ ਜ਼ਾਤੀ ਲੈਟਰ ਪੈਡ ’ਤੇ ਆਪਣੇ ਦਸਤ-ਏ-ਮੁਬਾਰਕ ਨਾਲ ਲਿਖਿਆ ਪੱਤਰ ਮਿਲਿਆ। ਜਦੋਂ ਮੈਂ ਉਸ ਨੂੰ ਪੜ੍ਹਿਆ, ਮੇਰੀ ਖੁਸ਼ੀ ਦੀ ਇੰਤਹਾ ਨਾ ਰਹੀ! ਉਸ ਪੱਤਰ ਦਾ ਇਕ-ਇਕ ਸ਼ਬਦ ਅੱਜ ਵੀ ਮੇਰੇ ਲਈ ਕਿਸੇ ਬੇਸ਼-ਕੀਮਤੀ ਜ਼ੇਵਰ ਤੋਂ ਘੱਟ ਨਹੀਂ। ਉਨ੍ਹਾਂ ਮੈਨੂੰ ਸੰਬੋਧਨ ਹੁੰਦਿਆਂ ਲਿਖਿਆ:
“ਪਿਆਰੇ ਮੁਹੰਮਦ ਅਬਾਸ ਜੀਓ, ਅੱਜ ਜਦੋਂ ਇਕ ਮੀਟਿੰਗ ਤੋਂ ਵਾਪਸ ਆਇਆ ਤਾਂ ਅੱਗੇ ਮੇਜ਼ ’ਤੇ ਤੁਹਾਡੇ ਸੋਹਣੇ ਹੱਥਾਂ ਦਾ ਲਿਖਿਆ ਉਰਦੂ ਵਿਚ ਇਕ ਸ਼ੇਅਰ ਪਿਆ ਸੀ, ਮੈਂ ਛਪੀ ਹੋਈ ਉਰਦੂ ਪੜ੍ਹ ਲੈਂਦਾ ਹਾਂ, ਲਿਖੀ ਹੋਈ ਨਹੀਂ। ਕਿਸੇ ਤੋਂ ਪੜ੍ਹਵਾਇਆ, ਤੁਹਾਡੇ ਸੋਹਣੇ ਦਿਲ ਦੇ ਦੀਦਾਰ ਹੋਏ, ਬਹੁਤ-ਬਹੁਤ ਸ਼ੁੱਕਰੀਆ। ਪਤਾ ਨਹੀਂ ਤੁਸੀਂ ਕਿਸ ਕੰਮ ਆਏ ਸੀ। ਮੇਰੀ ਬਦ-ਕਿਸਮਤੀ ਕਿ ਤੁਹਾਡੇ ਨਾਲ ਮੇਲ ਨਹੀਂ ਹੋਇਆ। ਹੁਣ ਮੈਂ ਤੁਹਾਡਾ ਲਿਖਿਆ ਵੀ ਪੜ੍ਹ ਲੈਂਦਾ ਹਾਂ। ਤੁਹਾਡੀ ਲਿਖਾਈ ਬੜੀ ਸਾਫ ਅਤੇ ਸੋਹਣੀ ਹੈ, ਹੱਥ ਵੀ ਸੋਹਣੇ ਹੋਣਗੇ, ਸੋਹਣੇ ਹੱਥ ਸੋਹਣੇ ਦਿਲ ਦੀ ਗਵਾਹੀ ਹੁੰਦੇ ਹਨ। ਹੁਣ ਕਦੇ ਵੀ ਆਉ ਤਾਂ ਜ਼ਰੂਰ ਮਿਲਣਾ। ਕੋਈ ਕੰਮ ਹੋਵੇ ਤਾਂ ਜ਼ਰੂਰ ਲਿਖਣਾ, ਭਾਵੇਂ ਉਰਦੂ ਵਿੱਚ ਹੀ ਲਿਖਣਾ। ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ। ਸ਼ੁੱਭ ਇੱਛਾਵਾਂ ਨਾਲ, ਆਪ ਜੀ ਦਾ, ਨਰਿੰਦਰ ਸਿੰਘ ਕਪੂਰ।”। 
ਇੱਥੇ ਦੱਸਦੇ ਚਲਾਂ ਕਿ ਮੈਂ +1 ਤੋਂ ਆਪਣੀਆਂ ਵੱਖ-ਵੱਖ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਮੇਰੀ ਪਹਿਲੀ ਕਹਾਣੀ "ਏਕ ਨਯਾ ਮੁਸਤਕਬਿਲ" 1993 ਚ ਉਨ੍ਹੀਂ ਦਿਨੀਂ ਪੰਜਾਬ ਕੇਸਰੀ ਗਰੁੱਪ ਦੇ ਉਰਦੂ ਦੇ ਅਖਬਾਰ 'ਹਿੰਦ ਸਮਾਚਾਰ' ਦੇ ਅਫਸਾਨਾ ਐਡੀਸ਼ਨ 'ਚ ਪਹਿਲੇ ਪੰਨੇ ਬਿਲਕੁਲ ਉੱਪਰ ਛੱਪੀ ਸੀ। ਬਾਅਦ 'ਚ ਇਹ ਲਿਖਣ ਤੇ ਛਪਣ ਦਾ ਸਿਲਸਿਲਾ ਜਾਰੀ ਰਿਹਾ।  ਲੇਕਿਨ ਕਰੀਬ ਤਿੰਨ ਦਹਾਕਿਆਂ ਬਾਅਦ ਮੇਰੀ ਖੁਸ਼ੀ ਦੀ ਉਸ ਸਮੇਂ ਇੰਤਹਾ ਨਾ ਰਹੀ ਜਦੋਂ ਪਹਿਲੀ ਵਾਰ ਮੈਂ ਤੇ ਕਪੂਰ ਸਾਹਿਬ 2019 'ਚ ਪੰਜਾਬੀ ਟ੍ਰਿਬਿਊਨ ਦੇ ਦਸਤਕ ਐਡੀਸ਼ਨ ਚ ਇੱਕਠੇ ਛੱਪੇ। ਜਿੱਥੇ ਉਨ੍ਹਾਂ ਦਾ ਇਸ ਐਡੀਸ਼ਨ 'ਚ ਇੱਕ ਆਰਟੀਕਲ ਪ੍ਰਕਾਸ਼ਿਤ ਹੋਇਆ ਉੱਥੇ ਹੀ ਮੇਰੀ ਰਚਨਾ "ਦਾਸਤਾਂ ਕਾਲੇਪਾਣੀ ਦੇ ਕੈਦੀਆਂ ਦੀ..." ਪ੍ਰਕਾਸ਼ਿਤ ਹੋਈ। ਇਹ ਅਖਬਾਰ ਅੱਜ ਵੀ ਮੈਂ ਕਿਸੇ ਡਿਗਰੀ ਵਾਂਗੂ ਸਾਂਭ ਕੇ ਰੱਖਿਆ ਹੋਇਆ ਹੈ। " ਉਨ੍ਹਾਂ ਦੇ ਬਹੁਤ ਸਾਰੇ ਆਰਟੀਕਲ ਜਿੱਥੇ ਪਾਠ-ਪੁਸਤਕਾਂ ਵਿੱਚ ਪੜ੍ਹਾਏ ਜਾਂਦੇ ਕਵੀਆਂ ਕਹਾਣੀਕਾਰਾਂ ਤੇ ਲੇਖਕਾਂ ਦੀ ਕਲਾ ਤੇ ਜੀਵਨ ਬਾਰੇ ਚਾਨਣਾ ਪਾਉਂਦੇ ਹਨ ਜੋ ਕਿ ਵਿਦਿਆਰਥੀ ਵਰਗ ਲਈ ਸਹਾਈ ਸਿੱਧ ਹੋ ਰਹੇ ਹਨ। ਇਸ ਦੇ ਨਾਲ ਨਾਲ ਉਹ ਆਪਣੀਆਂ ਵੱਖ-ਵੱਖ ਰਚਨਾਵਾਂ 'ਚ ਸਮਾਜ ਵਿਚ ਚੱਲ ਰਹੀਆਂ ਬੁਰਾਈਆਂ ਤੇ ਲੋਕਾਂ ਵਿੱਚ ਪਾਈਆਂ ਜਾਂਦੀਆਂ ਕੁਰੀਤੀਆਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਕਦੇ ਵੀ ਨਹੀਂ ਹਿਚਕਿਚਾਉਂਦੇ। ਉਹ ਇੱਕ ਕੋਮਲ ਹਿਰਦਾ ਰੱਖਣ ਵਾਲੇ ਮਨੁੱਖ ਹਨ। ਉਹ ਚਾਹੇ ਵਾਰਤਕ ਲਿਖਣ ਚਾਹੇ ਕਵਿਤਾ ਮਨੁੱਖ ਲਈ ਦਰਦ ਉਨ੍ਹਾਂ ਦੀਆਂ ਰਚਨਾਵਾਂ 'ਚੋਂ ਡੁੱਲ-ਡੁੱਲ ਪੈਂਦਾ ਹੈ ਇੱਥੋਂ ਤੱਕ ਕਿ ਸੜਕ ਕਿਨਾਰੇ ਬਲਦੇ ਹੋਏ ਰੁੱਖ ਵੀ ਉਸ ਤੋਂ ਵੇਖੇ ਨਹੀਂ ਜਾਂਦੇ । 
ਉਨ੍ਹਾਂ ਦੀਆਂ ਗ਼ਜ਼ਲਾਂ ਹੋਵਣ ਜਾਂ ਕਵਿਤਾ ਜਾਂ ਫਿਰ ਲੇਖ ਜਾਂ ਕੋਈ ਵਿਅੰਗਾਤਮਕ ਰਚਨਾ, ਹਰ ਇੱਕ 'ਚ ਉਹ ਝੂਠ ਤੇ ਕੱਟਾਸ਼ ਕਰਦਿਆਂ ਸੱਚਾਈ ਦੀ ਪ੍ਰਤੀਨਿਧਤਾ ਕਰਦੇ ਨਜ਼ਰ ਆਉਂਦੇ ਹਨ। 
ਉਹ ਸਾਹਿਤ ਦੀ ਹਰ ਵੰਨਗੀ ਵਿੱਚ ਲਿਖਦੇ ਹਨ ਉਨ੍ਹਾਂ ਬਹੁਤ ਸਾਰੀਆਂ ਕਹਾਣੀਆਂ ਜਿਵੇਂ ਕਿ ਕਸਵੱਟੀ, ਸ਼ਗੁਨ, ਹਾਰਟ ਅਟੈਕ, ਨਵੀਂ ਵੋਟ, ਬਰੇਨਵਾਸ਼, ਦਿਆਲੂ, ਜ਼ਿੰਦਾ ਜ਼ਮੀਰ, ਡਿਲੀਟ ਨੰਬਰ, ਅਤੇ ਸ਼ਰਮਿੰਦਗੀ ਆਦਿ ਯਕੀਨਨ ਹਰ ਇੱਕ ਨੂੰ ਇੱਕ ਵਾਰ ਜ਼ਰੂਰ ਪੜਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਵਿਅੰਗਾਤਮਕ ਲੇਖਾਂ 'ਚੋਂ 'ਜ਼ੋਰ ਕਾ ਝਟਕਾ ਧੀਰੇ ਸੇ ਲਗੇ' ਤੇ "ਮਹਿੰਗੇ ਪਿਆਜ਼ ਦਾ ਤੜਕਾ " ਅਤੇ " ਆਖਿਰ ਹਮਨੇ ਭੀ ਇਲੈਕਸ਼ਨ ਲੜਨੇ ਕਾ ਫੈਸਲਾ ਕੀਆ" ਆਦਿ ਵੀ ਪੜਨਯੋਗ ਹਨ। ਇਸੇ ਦੇ ਨਾਲ ਨਾਲ ਉਨ੍ਹਾਂ ਦੀਆਂ ਕਵਿਤਾਵਾਂ 'ਚੋਂ ਸਮੁੰਦਰ, ਰਵੱਈਏ, ਮਰਦ ਰੋਂਦੇ ਨਹੀਂ, ਸੜਕਾਂ ਤੇ ਬਲਦੇ ਰੁੱਖ , ਅੱਬਾ ਤੈਂ ਹੁਣ ਮੁੜ ਨਈਂ ਆਉਣਾ, ਅਧਿਆਪਕ ਅਤੇ ਅਧੂਰੇ ਲੋਕ, ਰਵੱਈਏ ਮਨੁੱਖ ਬਨਾਮ ਮਸ਼ੀਨ ਖ਼ੂਬਸੂਰਤੀ ਆਦਿ ਵੀ ਪੜਨਯੋਗ ਹਨ। ਇਨ੍ਹਾਂ 'ਚੋਂ ਬਹੁਤ ਸਾਰੀਆਂ ਕਵਿਤਾਵਾਂ ਦੇ ਵਿਸ਼ੇ ਮਨੁੱਖਾਂ ਦੀ ਮਨੋਵਿਗਿਆਨਕ ਸੋਚਾਂ ਦੀ ਅੰਦਰੂਨੀ ਵਿਸ਼ਾਲਤਾ ਤੇ ਘੁੱਟਣ ਦੋਵਾਂ ਨੂੰ ਬਿਆਨ ਕਰਦੀਆਂ ਹਨ ਇਹਨਾਂ ਨੂੰ ਪੜ੍ਹਨ ਉਪਰੰਤ ਪਾਠਕ ਸੋਚਣ ਲਈ ਮਜਬੂਰ ਹੋ ਜਾਂਦੇ।  ਉਨ੍ਹਾਂ ਸਫ਼ਰਨਾਮੇ ਵੀ ਲਿਖੇ ਹਨ ਜਿਨ੍ਹਾਂ ਚੋਂ ' ਪਿੰਕ ਸਿਟੀ ਜੈਪੁਰ ਦੀ ਸੈਰ ਕਰਦਿਆਂ' ਅਤੇ 'ਸਫ਼ਰ ਏ ਹੱਜ ' ਬੇਹੱਦ ਦਿਲਚਸਪ ਤੇ ਪੜਨਯੋਗ ਹਨ।

PunjabKesari
ਉਰਦੂ ਗ੍ਰਾਮਰ ਦੇ ਨਾਲ-ਨਾਲ ਉਨ੍ਹਾਂ ਵੱਖ-ਵੱਖ ਉਰਦੂ ਅਦੀਬਾਂ ਜਿਵੇਂ ਕਿ ਸ੍ਰ ਸਯੱਦ ਅਹਿਮਦ ਖਾਨ, ਮੌਲਾਨਾ ਅਬੁਲ ਕਲਾਮ ਆਜ਼ਾਦ, ਕੱਰਤੁਲ ਐਨ ਹੈਦਰ, ਮੁਨਸ਼ੀ ਪ੍ਰੇਮ ਚੰਦ ਰਾਜਿੰਦਰ ਸਿੰਘ ਬੇਦੀ ਅਤੇ ਉਰਦੂ ਸ਼ਾਇਰਾਂ 'ਚੋਂ ਮਿਰਜ਼ਾ ਗ਼ਾਲਿਬ, ਇਕਬਾਲ, ਜੋਸ਼ ਮਲੀਹ ਆਬਾਦੀ, ਫੈਜ਼, ਫਿਰਾਕ, ਸਾਹਿਰ ਲੁਧਿਆਣਵੀ ਅਤੇ ਨਜ਼ੀਰ ਆਦਿ ਤੇ ਵੱਖ-ਵੱਖ ਅਖਬਾਰਾਂ ਵਿੱਚ ਲੇਖ ਛਪੇ ਹਨ ਜਿਸ ਤੋਂ ਵਿਦਿਆਰਥੀਆਂ ਦੇ ਨਾਲ ਹੀ ਖੋਜ ਕਾਰਜਾਂ ਲੱਗੇ ਵਿਦਿਆਰਥੀ ਵੀ ਲਾਭ ਉਠਾਉਂਦੇ ਹਨ। ਉਰਦੂ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਵੀ ਚੌਖਾ ਕੰਮ ਕੀਤਾ ਹੈ ਪੰਜਾਬੀ ਵਾਰਤਕ 'ਚ ਲਿਖੇ ਉਨ੍ਹਾਂ ਦੇ ਲੇਖ ਬੇਹੱਦ ਦਿਲਚਸਪ ਤੇ ਵਿਦਿਆਰਥੀਆਂ ਲਈ ਇੱਕ ਰੌਸ਼ਨ ਮਿਨਾਰੇ ਦੀ ਹੈਸੀਅਤ ਰੱਖਦੇ ਹਨ।  ਪੰਜਾਬੀ ਤੇ ਉਰਦੂ ਸਾਹਿਤ ਵਿੱਚ ਉਨ੍ਹਾਂ ਦੇ ਲੇਖ ਕਹਾਣੀਆਂ ਤੇ ਕਵਿਤਾਵਾਂ ਆਏ ਦਿਨ ਦੇਸ਼ ਦੇ ਮੰਨੇ ਪ੍ਰਮੰਨੇ ਅਖ਼ਬਾਰਾਂ ਜਿਵੇਂ ਪੰਜਾਬੀ ਟ੍ਰਿਬਿਊਨ, ਅਜੀਤ, ਦੇਸ਼ ਸੇਵਕ, ਰੋਜ਼ਾਨਾ ਸਪੋਰਕਸਮੈਨ, ਅੱਜ ਦੀ ਆਵਾਜ਼ ਆਦਿ ਦਰਜਨਾਂ ਅਖਬਾਰਾਂ 'ਚ ਆਏ ਦਿਨ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।  ਇਸ ਦੇ ਨਾਲ ਹੀ ਉਹ ਉਰਦੂ ਦੇ ਰਾਸ਼ਟਰੀਆ ਸਹਾਰਾ- ਨਵੀਂ ਦਿੱਲੀ, ਤਾਸੀਰ-ਨਵੀਂ ਦਿੱਲੀ, ਕੌਮੀ ਤਨਜੀਮ-ਪਟਨਾ, ਸੱਚ ਕੀ ਆਵਾਜ਼ ਦਿੱਲੀ, ਹਮਾਰਾ ਸਮਾਜ-ਪਟਨਾ, ਸਾਲਾਰ ਬੰਗਲੌਰ, ਅਵਧਨਾਮਾ - ਲਖਨਊ, ਏਸ਼ੀਅਨ ਐਕਸਪ੍ਰੈੱਸ- ਔਰੰਗਾਬਾਦ, ਮੁਨਸਿਫ - ਹੈਦਰਾਬਾਦ ਆਦਿ ਦਰਜਨਾਂ ਅਖਬਾਰਾਂ ਵਿੱਚ ਸੰਪਾਦਕੀ ਪੰਨੇ ਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹਫਤਾਵਾਰੀ ਤੇ ਮੰਥਲੀ ਅਖਬਾਰਾਂ ਵਿੱਚ ਜਿਵੇਂ ਪੰਜਾਬ ਟਾਈਮਜ਼- ਨਿਊਯਾਰਕ ਅਮਰੀਕਾ, ਸਰੋਕਾਰ ਕੇਨੈਡਾ, ਨਵ ਸਵੇਰ-ਵਿੰਨੀਪੈਗ ਕੇਨੈਡਾ, ਇੰਡੋ 
-ਕੇਨੈਡੀਅਨ ਪੋਸਟ - ਐਡਮਿੰਟਨ ਕਨੇਡਾ, ਤਹਿਜ਼ੀਬ-ਉਲ-ਇਖਲਾਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਪਹੁ-ਫੁਟਾਲਾ ਮਲੇਰਕੋਟਲਾ, ਸੁਨਹਿਰੇ ਅੱਖਰ - ਮਲੇਰਕੋਟਲਾ ਆਦਿ ਮੈਗਜ਼ੀਨ ਤੇ ਰਸਾਲਿਆਂ 'ਚ ਵੀ ਆਏ ਦਿਨ ਪ੍ਰਕਾਸ਼ਿਤ ਹੁੰਦਾ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਸ਼ੈਲੀ ਗਜ਼ਬ ਦੀ ਹੈ ਇਹੋ ਵਜ੍ਹਾ ਹੈ ਕਿ ਵੱਖ-ਵੱਖ ਯੂ ਟਿਊਬ ਚੈਨਲ ਵਾਲੇ ਉਸਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ 'ਚ ਪੇਸ਼ ਕਰਦੇ ਹਨ ਤੇ ਆਪਣੇ ਚੈਨਲਾਂ ਤੇ ਪਾਉਂਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਅਵਧਨਾਮਾ ਲਖਨਊ ਦੇ ਡਾ. ਮੂਸੀ ਰਜ਼ਾ ਤੇ ਆਲ ਇੰਡੀਆ ਰੇਡੀਓ ਦਿੱਲੀ ਦੇ ਨਿਊਜ਼ ਐਂਕਰ ਅਵਤਾਰ ਸਿੰਘ ਢਿੱਲੋਂ, ਰੇਡੀਓ ਮਿਰਚੀ ਪੰਜਾਬ (ਯੂ ਐਸ ਏ) ਦੀ ਐਂਕਰ ਸੰਦੀਪ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹਨ ਜੋ ਕਿ ਮੁਹੰਮਦ ਅੱਬਾਸ ਧਾਲੀਵਾਲ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦੇ ਕੇ ਆਪਣੇ- ਆਪਣੇ ਯੂ ਟਿਊਬ ਚੈਨਲਾਂ ਤੇ ਪਾਉਂਦੇ ਰਹਿੰਦੇ ਹਨ। 
ਇਸ ਦੇ ਨਾਲ-ਨਾਲ ਖੁਦ ਮੁਹੰਮਦ ਅੱਬਾਸ ਧਾਲੀਵਾਲ ਅਮਰੋਹਾ ਫਾਊਂਡੇਸ਼ਨ ਨਵੀਂ ਦਿੱਲੀ ਦੇ ਅਕਸਰ ਆਨ ਲਾਈਨ ਵਿਸ਼ਵ ਪੱਧਰੀ ਮੁਸ਼ਾਇਰਿਆਂ ਦੀ ਨਿਜ਼ਾਮਤ (ਮੰਚ ਸੰਚਾਲਨ) ਕਰਦੇ ਨਜ਼ਰ ਆਉਂਦੇ ਹਨ। 
ਮੁਹੰਮਦ ਅੱਬਾਸ ਧਾਲੀਵਾਲ ਕਈ ਵਾਰ ਆਲ ਇੰਡੀਆ ਰੇਡੀਓ ਜਲੰਧਰ, ਐਫ.ਐਮ.ਬਠਿੰਡਾ ਤੇ ਐਫ.ਐਮ. ਪਟਿਆਲਾ ਉੱਤੇ ਆਪਣੇ ਵੱਖ-ਵੱਖ ਪ੍ਰੋਗਰਾਮ ਪੇਸ਼ ਕਰ ਚੁੱਕਾ ਹੈ। ਇਸ ਦੇ ਨਾਲ-ਨਾਲ ਐਨ.ਸੀ.ਈ.ਆਰ.ਟੀ, ਨਵੀਂ ਦਿੱਲੀ ਤੇ ਪੰਜਾਬ ਉਰਦੂ ਅਕਾਦਮੀ ਮਲੇਰਕੋਟਲਾ ਵਿਖੇ ਵੀ ਮੁਹੰਮਦ ਅੱਬਾਸ ਆਪਣੇ ਵੱਖ-ਵੱਖ ਉਰਦੂ ਵਿਸ਼ੇ ਤੇ ਖੋਜ ਪੱਤਰ ਪੜ ਚੁੱਕੇ ਹਨ । ਜਿੱਥੇ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ ਪ੍ਰਤੀ ਕਿਸਾਨ ਵੀਰਾਂ ਨੂੰ ਅਖਬਾਰਾਂ ਰਾਹੀਂ ਆਪਣੇ ਆਰਟੀਕਲਾਂ ਰਾਹੀਂ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ ਉੱਥੇ ਹੀ ਉਨ੍ਹਾਂ ਅੱਜ ਕੱਲ੍ਹ ਵਿਆਹ ਸ਼ਾਦੀਆਂ 'ਚ ਹੋ ਰਹੀ ਫਜੂਲ ਖਰਚੀ ਵਿਰੁੱਧ ਲੋਕਾਂ ਆਪਣੇ ਆਰਟੀਕਲਾਂ ਰਾਹੀਂ ਇੱਕ ਸੁਨੇਹਾ ਦਿੱਤਾ ਹੈ।  ਇਸ ਤੋਂ ਇਲਾਵਾ ਪਾਣੀ ਦੀ ਬੱਚਤ, ਸਿਹਤ ਨਾਲ ਸੰਬੰਧਤ ਲਿਖੇ ਆਪਣੇ ਆਰਟੀਕਲਾਂ ਰਾਹੀਂ ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਆਪਣੀਆਂ ਬਹੁਤ ਸਾਰੀਆਂ ਮਿੰਨੀ ਕਹਾਣੀ 'ਚ ਵੀ ਵਿਆਹ-ਸ਼ਾਦੀਆਂ 'ਚ ਪੈਣ ਵਾਲੇ ਸ਼ਗੁਨ ਤੇ ਸਮਾਜ ਫੈਲੀਆਂ ਹੋਰ ਬਹੁਤ ਸਾਰੀਆਂ ਕੁਰੀਤੀਆਂ ਨੂੰ ਨਾ ਸਿਰਫ ਨਿਸ਼ਾਨਾ ਬਣਾਇਆ ਹੈ ਬਲਕਿ ਜੋ ਲੋਕ ਇਨ੍ਹਾਂ ਬੁਰਾਈਆਂ ਚ ਸ਼ਾਮਲ ਹਨ ਉਨ੍ਹਾਂ ਨੂੰ ਵੀ ਆਪਣੀਆਂ ਕਹਾਣੀਆਂ ਦੇ ਪਾਤਰ ਬਣਾ ਕੇ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ । 
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੇਸ਼ 'ਚ ਵੰਡ ਪਾਊ ਮੀਡੀਆ ਦੇ ਭੰਡੀਪ੍ਰਚਾਰ ਨੂੰ ਲੋਕਾਂ ਸਾਹਮਣੇ ਬੇ-ਨਕਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਜਿੱਥੇ ਦੇਸ਼ ਦੀ ਏਕਤਾ ਅਖੰਡਤਾ ਨੂੰ ਆਪਣੇ ਕਾਇਮ ਰੱਖਣ ਦੇ ਨਾਲ-ਨਾਲ ਸੰਸਾਰਿਕ ਪੱਧਰ ਤੇ ਵੱਖ-ਵੱਖ ਦੇਸ਼ਾਂ 'ਚ ਚੱਲ ਰਹੇ ਖਿੱਚੋਤਾਣ ਨੂੰ ਵੀ ਆਪਣੀਆਂ ਕਾਵਿਕ ਰਚਨਾਵਾਂ ਤੇ ਲੇਖਾਂ ਰਾਹੀਂ ਦੂਰ ਕਰਨ ਦੀ ਸਾਰਥਕ ਕੋਸ਼ ਕੀਤੀ ਹੈ  ਜਿਵੇਂ ਉਨ੍ਹਾਂ ਦੇ ਇੱਕ ਲੇਖ ਦਾ ਟਾਈਟਲ ਹੈ : *ਹਿੰਦੂ ਹੈ ਗ਼ਮਜ਼ੁਦਾ ਔਰ ਮੁਸਲਮਾਂ ਉਦਾਸ ਹੈ... "
ਤੇ ਇੱਕ ਹੋਰ ਆਰਟੀਕਲ ਹੈ ਜਿਸ ਵਿਸ਼ਵ ਦੇ ਹਾਕਮਾਂ ਨੂੰ ਦੁਨੀਆਂ 'ਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਉਸ ਦਾ ਸਿਰਲੇਖ ਹੈ : " ਜੰਗ ਕਿਯਾ ਮਸਅਲੋਂ ਕਾ ਹੱਲ ਦੇਗੀ...!"  ਇਸ ਤੋਂ ਇਲਾਵਾ ਮੁਹੰਮਦ ਅੱਬਾਸ ਦੇ ਢੇਰਾਂ ਆਰਟੀਕਲ ਹਨ ਜੋ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਪੈਣ ਦਾ ਸੁਨੇਹਾ ਦਿੰਦੇ ਹਨ।  ਕਨੈਡਾ ਦੀ ਇੱਕ ਵਾਤਾਵਰਣ ਤੇ ਵਿਰਾਸਤ ਦੀ ਸੁਰੱਖਿਆ ਕਰਨ ਵਾਲੀ ਸਮਾਜਿਕ ਸੰਸਥਾ ਕੌਂਸਲ ਆਫ ਹੈਰੀਟੇਜ ਐਂਡ ਇਨਵਾਇਰਮੈਂਟ (ਕੋਹਿਪ) ਵਲੋਂ ਵੀ ਮੁਹੰਮਦ ਅੱਬਾਸ ਨੂੰ ਇਸੇ ਸਾਲ ਆਪਣੇ ਇੱਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 
ਇੱਥੇ ਜਿਕਰਯੋਗ ਹੈ ਕਿ 2019 ਦੇ ਹੱਜ ਦੌਰਾਨ ਮੁਹੰਮਦ ਅੱਬਾਸ ਬਤੌਰ ਲਾਇਜਨ ਅਫਸਰ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕਾ ਹੈ। ਇਸ ਦੌਰਾਨ ਉਹ ਮਦੀਨੇ ਤੇ ਮੱਕੇ ਹੱਜ ਯਾਤਰੀਆਂ ਨੂੰ ਆਪਣੀਆਂ ਬੇ-ਲੋਸ ਸੇਵਾਵਾਂ ਪ੍ਰਦਾਨ ਕਰਨ ਬਦਲੇ ਐਕਸੀਲੈਂਟ (ਆਊਟ ਸਟੈਂਡਿੰਗ) ਸਰਟੀਫਿਕੇਟ ਹਾਸਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਜਿਲ੍ਹਾ ਸਿੱਖਿਆ ਅਫ਼ਸਰ ਮਲੇਰਕੋਟਲਾ ਅਤੇ ਐੱਸ ਐੱਸ ਪੀ ਮਲੇਰਕੋਟਲਾ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਦੋਂ ਕਿ ਪਿੱਛੇ ਜਿਹੇ ਕਲਮ ਪੰਜਾਬ ਦੀ ਵਲੋਂ ਵੀ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਪੱਤਰ ਨਾਲ ਨਿਵਾਜ਼ਿਆ ਗਿਆ ਹੈ। 
ਮੁਹੰਮਦ ਅੱਬਾਸ ਧਾਲੀਵਾਲ ਨੇ ਆਪਣੀਆਂ ਰਚਨਾਵਾਂ ਵਿੱਚ ਜੀਵਨ ਦੇ ਲੱਗਭੱਗ ਹਰ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ ਇਹੋ ਵਜ੍ਹਾ ਹੈ ਕਿ ਉਨ੍ਹਾਂ ਉੱਤੇ ਇੱਕ ਵਾਰ ਟਿੱਪਣੀ ਕਰਦਿਆਂ ਹੈਦਰਾਬਾਦ ਦੀ ਪ੍ਰੋਫੈਸਰ ਰਿਜ਼ਵਾਨਾ ਮੌਈਨ ਨੇ ਕਿਹਾ ਸੀ ਕਿ " ਕੋਈ ਤਾਂ ਹੈ ਜਿਸ ਦੀ ਅੱਖ ਸਮਾਜ ਦੇ ਹਰ ਪਹਿਲੂ ਦਾ ਅਹਾਤਾ (ਆਪਣੇ ਕਲਾਵੇ 'ਚ) ਕਰਦੀ ਨਜ਼ਰ ਆਉਂਦੀ ਹੈ।"

ਲੇਖਕ : ਮੁਹੰਮਦ ਅਸਗ਼ਰ 
ਹੈੱਡਮਾਸਟਰ ਸਰਕਾਰੀ ਹਾਈ ਸਕੂਲ, 
ਤੱਖਰ ਕਲਾਂ, ਮਲੇਰਕੋਟਲਾ।


author

Aarti dhillon

Content Editor

Related News