ਬਾਲ ਸਾਹਿਤ ਵਿਸ਼ੇਸ਼-10 : ਕਾਉਣੀ

07/31/2020 5:49:58 PM

ਕਾਉਣੀ ਆਪਣੇ ਦੋ ਬੱਚਿਆਂ ਨਾਲ ਨਿੰਮ ਦੇ ਬਣੇ ਆਲ੍ਹਣੇ ਵਿਚ ਬੈਠੀ ਸੀ। ਨਿੰਮ ਦੇ ਇਸ ਸੰਘਣੇ ਰੁੱਖ ਦੇ ਆਲੇ-ਦੁਆਲੇ ਹੋਰ ਵੀ ਰੁੱਖ ਸਨ। ਹਲਕੀ-ਹਲਕੀ ਕਿਣ-ਮਿਣ ਨੇ ਹਰ ਸ਼ੈਅ ਉੱਪਰ ਪਾਣੀ ਦਾ ਲਿਹਾਫ ਚਾੜਿਆਂ ਹੋਇਆ ਸੀ।
ਬੱਚਿਆਂ ਦੇ ਕੂਲੇ-ਕੂਲੇ ਖੰਬਾਂ ਉੱਪਰ ਅਟਕੇ ਜਲ ਕਣ ਸ਼ੀਸ਼ੇ ਵਾਂਗ ਚਮਕ ਰਹੇ ਸਨ। ਆਪਣੇ ਪਿੰਡਿਆਂ ਤੋਂ ਜਲ-ਕਣ ਛੱਡਣ ਦੀ ਬਜਾਏ ਉਹ ਦੋਵੇ ਬੱਚੇ ਆਪਣੀ ਮਾਂ ਦੇ ਖੰਭਾਂ ਵਿਚ ਆਪੋ-ਆਪਣੀਆਂ ਚੂੰਝਾਂ ਫੇਰ ਰਹੇ ਸਨ। ਕਾਫੀ ਸਮੇਂ ਤੱਕ ਕਾਉਣੀ ਇਸ ਕਾਰਜ ਦਾ ਸੁੱਖ ਲੈਂਦੀ ਰਹੀ। ਪਰ ਵਿੱਚ ਵਿੱਚ ਉਹ ਬੇਚੈਨ ਹੋ ਜਾਂਦੀ, ਕਿਉਂਕਿ ਉਨ੍ਹਾਂ ਦੀ ਇਹ ਹਰਕਤ ਉਸ ਨੂੰ ਆਰਾਮ ਨਾਲ ਟਿਕਣ ਨਹੀਂ ਦੇ ਰਹੀ ਸੀ। ਕਦੇ ਏਧਰ ਹੁੰਦੀ ਕਦੇ ਉਧਰ।
ਹਾਰ ਕੇ ਉਹ ਆਲ੍ਹਣੇ ਦੇ ਕਿਨਾਰੇ ਜਾ ਬੈਠੀ ਅਤੇ ਬੈਠਦਿਆਂ ਹੀ ਉਸ ਨੇ ਆਪਣੇ ਖੰਭਾਂ ਨੂੰ ਜ਼ੋਰ ਨਾਲ ਛੰਡਿਆ। ਪਰਾਂ ਉੱਪਰੋਂ ਝੜੇ ਪਾਣੀ ਨੇ ਆਸ-ਪਾਸ ਦੀਆਂ ਵਸਤਾਂ ਨੂੰ ਹੋਰ ਭਿਉਂ ਦਿੱਤਾ। 
ਹਲਕੇ ਜਿਹੇ ਗੁੱਸੇ ਨਾਲ ਇਕ ਬੋਟ ਬੋਲਿਆ, ‘‘ ਕੀ ਕਰ ਰਹੇ ਹੋ? ਮੈਨੂੰ ਪਾਣੀ ਨਾਲ ਗਿੱਲਾ ਕਰ ਦਿੱਤਾ ਏ’’।
ਦੂਜਾ ਬੋਲਿਆ,‘‘ ਚੁੰਜ ਫੇਰਨ ਨਾਲ ਮੈਨੂੰ ਮਜ਼ਾ ਆ ਰਿਹਾ ਸੀ। ਕੀ ਹੋ ਗਿਆ, ਤੁਸੀਂ ਦੂਰ ਜਾ ਬੈਠੇ ਓ?’’
ਮਾਂ ਚੁੱਪ ਰਹੀ। ਪਰਾਂ ਨੂੰ ਛੰਡਣ ਬਾਅਦ ਉਹ ਆਪਣੀ ਥਾਂ ਟਿੱਕੀ ਰਹੀ।
ਦੂਰ ਅੰਬਰੀ ਬੱਦਲ ਫੇਰ ਗੜ੍ਹਕੇ। ਉੱਠੀ ਗਰਜ ਨੇ ਸਾਰਿਆਂ ਨੂੰ ਡਰਾ ਦਿੱਤਾ। ਮਾਂ ਥੋੜਾ ਜਿਹਾ ਫੁਦਕ ਕੇ ਆਲ੍ਹਣੇ ਦੇ ਵਿਚਾਲੇ ਜਾ ਬੈਠੀ। ਬੱਚਿਆਂ ਦਾ ਡਰ ਦੂਰ ਕਰਨ ਲਈ ਉਸ ਨੇ ਆਪਣੇ ਦੋਹਾਂ ਬੱਚਿਆਂ ਨੂੰ ਆਪਣੇ ਪਰਾਂ ਥੱਲੇ ਲੁਕਾ ਲਿਆ।
ਥੋੜੇ ਚਿਰ ਬਾਅਦ ਸੱਜੇ ਪਾਸਿਓਂ ਇਕ ਬੱਚਾ ਆਪਣਾ ਸਿਰ ਕੱਢ ਕੇ ਬੋਲਿਆ,‘‘ ਮੈਥੋਂ ਇੰਝ ਨਹੀਂ ਬੈਠ ਹੋ ਰਿਹਾ। ਮੈਂ ਵੱਡਾ ਹੋ ਗਿਆ ਹਾਂ।’’
ਦੂਜੇ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਗਿਆ। ਉਸ ਨੇ ਸੱਚ ਕਹਿ ਸੁਣਾਇਆ,‘‘ ਮੈਨੂੰ ਤਾਂ ਡਰ ਲੱਗੀ ਜਾ ਰਿਹਾ ਏ।’’
ਲਗਾਤਾਰ ਪੈ ਰਹੀ ਬਾਰਿਸ਼ ਨੇ ਸਾਰਿਆਂ ਦੀ ਕੁਦਰਤੀ ਹਲਚਲ ਵਿਚ ਵਿਘਨ ਪਾ ਦਿੱਤਾ ਸੀ। ਇਸੇ ਕਰਕੇ ਦੋਵੇਂ ਬੋਟ ਬੇ-ਆਰਾਮੀ ਮਹਿਸੂਸ ਕਰ ਰਹੇ ਸਨ।
‘‘ਮਾਂ, ਜਦ ਤੱਕ ਮੀਂਹ ਪੈ ਰਿਹਾ ਏ, ਸਾਨੂੰ ਕੋਈ ਕਹਾਣੀ ਸੁਣਾ ਦਿਓ।’’
‘‘ ਕਿਹੜੀ ਸੁਣਾਵਾਂ ਇਸ ਵੇਲੇ।’’
‘‘ ਕੋਈ ਵੀ...’’
ਕਉਣੀ ਨੇ ਤਿੰਨ-ਚਾਰ ਕਹਾਣੀਆਂ ਦੇ ਨਾਂ ਲਏ ਪਰ ਬੱਚਿਆਂ ਨੇ ਸੁਣਨ ਤੋਂ ਮਨ੍ਹਾਂ ਕਰ ਦਿੱਤਾ, ਕਿਉਂਕਿ ਇਹ ਕਹਾਣੀਆਂ ਉਹ ਪਹਿਲਾਂ ਵੀ ਸੁਣ ਚੁੱਕੇ ਸਨ। ਉਹ ਕੁਝ ਨਵਾਂ ਸੁਣਨ ਦੇ ਚਾਅ ਵਿਚ ਸਨ।
ਕਾਉਣੀ ਚੁੱਪ ਹੋ ਸੋਚਣ ਲਈ। ਸਿਰ ਨੀਵਾਂ ਕਰ ਬੱਚਿਆਂ ਵੱਲ ਦੇਖਦਿਆਂ ਹੋਈ ਬੋਲੀ,‘‘ ਮੈਂ ਤੁਹਾਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ। ਤੁਸੀਂ ਧਿਆਨ ਨਾਲ ਸੁਣਿਓ।’’
ਮਾਂ ਦੀ ਗੱਲ ਸੁਣ ਬੱਚੇ ਖੁਸ਼ ਹੋ ਗਏ। ਉਹ ਮਾਂ ਦੀ ਵੱਖੀਓਂ ਥੋੜਾ ਬਾਹਰ ਨਿਕਲ ਆਰਾਮ ਨਾਲ ਬੈਠ ਗਏ। ਦੋਵਾਂ ਨੇ ਆਪਣੀਆਂ ਗਰਦਨਾਂ ਖਿੱਚ ਕੇ ਹੋਰ ਲੰਮੀਆਂ ਕਰ ਲਈਆਂ ਤਾਂਕਿ ਆਪਣੀ ਮਾਂ ਦਾ ਚਿਹਰਾ ਚੰਗੀ ਤਰ੍ਹਾਂ ਦੇਖ ਸਕਣ।
ਕਉਣੀ ਨੇ ਆਪਣੀ ਹੱਡ-ਬੀਤੀ ਸ਼ੁਰੂ ਕੀਤੀ।
ਇਹ ਦੋ ਕੁ ਸਾਲ ਪਹਿਲਾਂ ਦੀ ਗੱਲ ਹੈ। ਗਰਮੀਆਂ ਦੇ ਦਿਨ ਸਨ। ਅਸਮਾਨੋਂ ਪਾਣੀ ਦੀ ਥਾਂ ਅੱਗ ਵਰ੍ਹ ਰਹੀ ਸੀ।ਪਾਣੀ ਘੱਟਦਾ-ਘਟਦਾ ਘੱਟ ਗਿਆ। ਇਸ ਦੇ ਬਾਵਜੂਦ ਕੁਝ ਦਿਨ ਤਾਂ ਔਖੀਆਂ-ਸੋਖਿਆਂ ਪੀਣ ਨੂੰ ਪਾਣੀ ਮਿਲਦਾ ਰਿਹਾ। ਫੇਰ ਉਹ ਵੀ ਬੰਦ  ਹੋ ਗਿਆ।
ਜਿਸ ਪਾਸੇ ਦੇਖੋ ਸਾਰੇ ਜੀਅ-ਜੰਤੂ ਧੁੱਪ ਤੋਂ ਬੱਚਣ ਲਈ ਛਾਂ ਲੱਭਦੇ ਫਿਰਦੇ। ਪਿਆਸ ਉਨ੍ਹਾਂ ਨੂੰ ਮੁੜ ਏਧਰ-ਉਧਰ ਘੁੰਮਣ ਲਾ ਦੇਂਦੀ।
ਸਾਰਾ ਦਿਨ ਬੈਠ ਕੇ ਵੀ ਗੁਜ਼ਾਰਾ ਨਾ ਹੁੰਦਾ। ਜਦ ਪਾਣੀ ਦੀ ਤਲਾਸ਼ ਵਿਚ ਮੈਂ ਉੱਡਦੀ ਤਾਂ ਮੇਰੀ ਪਿਆਸ ਹੋਰ ਚਮਕ ਪੈਂਦੀ।
ਖੱਬੇ ਪਾਸੇ ਵਾਲਾ ਬੱਚਾ ਇਹ ਗੱਲ ਸੁਣ ਕੇ ਹਰਕਤ ਵਿਚ ਆਇਆ ਅਤੇ ਉਤਾਵਲਾ ਹੋ ਕੇ ਬੋਲਿਆ,‘‘ ਮੈਂ ਤਾਂਹੀਓਂ ਤੁਹਾਡੇ ਪਿੰਡੇ ’ਤੇ ਚੂੰਝ ਫੇਰ-ਫੇਰ ਪਾਣੀ ਪੀ ਰਿਹਾ ਸਾਂ। ਮੈਂ ਏਨਾ ਪਾਣੀ ਪੀ ਲੈਣਾ ਸੀ ਕਿ ਫੇਰ ਕਦੇ ਲੋੜ ਹੀ ਨਾ ਪੈਂਦੀ।
ਮਾਂ ਨੇ ਬੱਚੇ ਦੀ ਜੱਬਲੀ ਵੱਲ ਧਿਆਨ ਨਾ ਦੇ ਕੇ ਆਪਣੀ ਗੱਲ ਜਾਰੀ ਰੱਖੀ। ‘‘ਮੇਰਾ ਜਨਮ ਏਥੋਂ ਕਾਫੀ ਦੂਰ ਟਾਹਲੀ ਦੇ ਰੁੱਖ ਉੱਪਰ ਹੋਇਆ ਸੀ। ਮੈਨੂੰ ਥੋੜਾ-ਥੋੜਾ ਯਾਦ ਹੈ, ਉਸ ਰੁੱਖ ਥੱਲੇ ਇਕ ਖੋਖਾ ਹੁੰਦਾ ਸੀ। ਲੋਕਾਂ ਦਾ ਆਉਣਾ-ਜਾਣਾ ਸਦਾ ਬਣਿਆ ਰਹਿੰਦਾ। ਉਹ ਬੋਤਲਾਂ ’ਚੋਂ ਕੁਝ ਨਾ ਕੁਝ ਪੀਂਦੇ ਰਹਿੰਦੇ। ਪੀਤੀ ਜਾਣ ਵਾਲੀ ਵਸਤੂ ਦਾ ਰੰਗ ਪਾਣੀ ਜਿਹਾ ਨਹੀਂ ਸੀ ਹੁੰਦਾ।’’

ਏਧਰ-ਓਧਰ ਦੇਖ ਉਸ ਆਪਣੀ ਗੱਲ ਜਾਰੀ ਰੱਖੀ, ਆਪਣੀ ਪਿਆਸ ਬੁਝਾਣ ਲਈ ਹਰ ਦਿਸ਼ਾ ਵੱਲ ਉੱਡੀ ਪਰ ਪਾਣੀ ਕਿਤੇ ਦਿਖਾਈ ਨਾ ਦਿੱਤਾ।
‘‘ਇਕ ਵਾਰ ਉੱਡਦਿਆਂ-ਉੱਡਦਿਆਂ ਮੇਰੀ ਨਜ਼ਰ ਛੋਟੇ-ਛੋਟੇ ਦੋ ਘੱੜਿਆਂ ਉੱਪਰ ਪਈ। ਉਹ ਸੜਕ ਤੋਂ ਹੱਟ ਕੇ ਜ਼ਮੀਨ ’ਤੇ ਹੀ ਪਏ ਸਨ। ਹਿੰਮਤ ਕਰ ਮੈਂ ਥੱਲੇ ਉਤਰੀ। ਘੜੇ ਦੇ ਗਲੇ ’ਤੇ ਬੈਠੀ ਨੇ ਘੜੇ ’ਚ ਝਾਤੀ ਮਾਰੀ। ਉਹ ਖਾਲੀ ਸੀ।’’
‘‘ਮੈਂ ਦੂਜੇ ਘੜੇ ਵੱਲ ਵਧੀ। ਘੜੇ ’ਚ ਪਾਣੀ ਦੇਖ ਮੇਰੀ ਜਾਨ ’ਚ ਜਾਨ ਆ ਗਈ।’’
ਉਸ ਸਮੇਂ ਨੂੰ ਯਾਦ ਕਰ ਉਹ ਚੁੱਪ ਹੋ ਗਈ। ਫੇਰ ਉਸ ਨੇ ਆਪਣੀ ਦੋਹਾਂ ਬੱਚਿਆਂ ਵੱਲ ਦੇਖਿਆ। ਖੱਬੇ ਵੱਲ ਦੇ ਬੋਟ ਨੇ ਆਪਣੀ ਚੂੰਜ ਨੂੰ ਕਉਣੀ ਦੀ ਗਰਦਨ ਨਾਲ ਰਗੜਦਿਆ ਹੋਇਆ ਕਿਹਾ,‘‘ ਅਗੋ ਕੀ ਹੋਇਆ?
ਕਿਣ-ਮਿਣ ਹਾਲੇ ਵੀ ਜਾਰੀ ਸੀ।
ਕਉਣੀ ਨੇ ਬੱਚੇ ਨੂੰ ਪਿਆਰਦਿਆਂ ਕਿਹਾ,‘‘ਹੁਣ ਮਸਲਾ ਸੀ ਕਿ ਪਾਣੀ ਤੱਕ ਕਿਵੇਂ ਪਹੁੰਚਿਆਂ ਜਾਵੇ। ਉਸ ਸਮੇਂ ਮੇਰੇ ਦਿਮਾਗ ਵਿਚ ਉਹ ਕਹਾਣੀ ਘੁੰਮਣ ਲੱਗੀ, ਜਿਹੜੀ ਮੇਰੀ ਮਾਂ ਨੇ ਮੈਨੂੰ ਸੁਣਾਈ ਸੀ।
ਚਿਰ ਤੋਂ ਇਕੋ ਤਰ੍ਹਾਂ ਬੈਠੇ ਸੱਜੇ ਵੱਲ ਦੇ ਬੋਟ ਤੋਂ ਰਿਹਾ ਨਾ ਗਿਆ। ਉਹ ਇਸ ਗੱਲੋਂ ਵੀ ਡਰ ਗਿਆ ਕਿ ਮਾਂ ਮੁੜ ਤੋਂ ਪੁਰਾਣੀ ਕਹਾਣੀ ਸੁਣਾਉਣੀ ਸ਼ੁਰੂ ਨਾ ਕਰ ਦੇਵੇ। ਉਹ ਬੋਲ ਪਿਆ,‘‘ ਤੁਸੀਂ ਸੁਣਾਈ ਤਾਂ ਹੈ ਉਹ ਕਹਾਣੀ ਕਈ ਵਾਰ।’’
‘ਆਹੋ, ਕਿਉਂ ਨਹੀਂ ਉਹੀ ਪਿਆਸੇ ਕਾਂ ਦੀ, ਜਿਹੜਾ ਪਾਣੀ ਪੀਣ ਵਾਸਤੇ ਘੜੇ ’ਚ ਕੰਕਰ ਸੁੱਟਦਾ ਹੈ। ਮੈਂ ਉਸ ਦੇ ਵਾਂਗ ਨਹੀਂ ਕਰ ਸਕਦੀ ਸੀ। ਮੈਂ ਸੋਚਿਆ ਜੇ ਘੜੇ ’ਚ ਪੱਥਰ ਪਾਉਣ ਲੱਗੀ ਤਾਂ ਸਾਰਾ ਪਾਣੀ ਪੱਥਰ ਚੂਸ ਲੈਣਗੇ। ਨਾਲੇ ਆਸ-ਪਾਸ ਕੋਈ ਕੰਕਰ-ਪੱਥਰ ਨਹੀਂ ਸੀ।’’
ਮੈਂ ਬੈਠੀ ਸੋਚਣ ਲਗੀ ਕਿ ਹੁਣ ਕੀ ਕੀਤਾ ਜਾਏ?’’
ਬਿਜਲੀ ਦੀ ਲਿਸ਼ਕੋਰ ਵਾਂਗ ਇਕ ਵਿਚਾਰ ਮੇਰੇ ਦਿਮਾਗ ’ਚ ਲਿਸ਼ਕਿਆ। ਹਿੰਮਤ ਕਰ ਕੇ ਮੈਂ ਆਪਣੇ ਜਨਮ-ਰੁੱਖ ਵੱਲ ਉੱਡਣ ਲੱਗੀ। ਪਾਣੀ ਦੀ ਆਸ ਨੇ ਮੇਰਾ ਥਕੇਵਾਂ ਘਟਾਅ ਦਿੱਤਾ ਸੀ। ਟਾਹਲੀ ਦੀ ਟਹਿਣੀ ਉੱਪਰ ਬੈਠ ਮੈਂ ਏਧਰ-ਉਧਰ ਦੇਖਿਆ।ਖੋਖੇ ਕੋਲ ਹੀ ਪਲਾਸਟਿਕ ਦੀਆਂ ਕਈ ਨਲਕੀਆਂ ਖਿਲਰੀਆਂ ਪਈਆਂ ਸਨ। ਉਨ੍ਹਾਂ ਵਿੱਚੋਂ ਇਕ ਨੂੰ ਚੁੱਕ ਮੈਂ ਘੜਿਆ ਵੱਲ ਨੂੰ ਉੱਡ ਪਈ।
‘‘ਘੜੇ ਦੇ ਗਲਮੇ ’ਤੇ ਬੈਠ ਮੈਂ ਨਲਕੀ ਨੂੰ ਥੱਲੇ ਕੀਤਾ ਤਾਂ ਉਹ ਪਾਣੀ ਤੱਕ ਪਹੁੰਚ ਗਈ। ਰੱਜ ਕੇ ਪਾਣੀ ਪੀਣ ਤੋਂ ਬਾਅਦ ਮੈਂ ਨਲਕੀ ਨੂੰ ਘੜੇ ਕੋਲ ਰੱਖ ਆਪਣੇ ਆਲ੍ਹਣੇ ਵੱਲ ਪਰਤ ਆਈ।’’
‘‘ ਹੁਣ ਮੈਂ ਜਦ ਵੀ ਸੋਚਦੀ ਹਾਂ ਤਾਂ ਵਿਸ਼ਵਾਸ ਨਹੀਂ ਹੁੰਦਾ ਕਿ ਮੇਰੀ ਜਾਨ ਪਾਣੀ ਨੇ ਬਚਾਈ ਸੀ ਜਾਂ ਫੇਰ ਨਲਕੀ ਨੇ।’’

ਜਗਤਾਰਜੀਤ ਸਿੰਘ
9899091186


rajwinder kaur

Content Editor

Related News