ਭਖਦੇ ਮਸਲੇ: ਹੋਰ ਕਿੰਨਾ ਉੱਪਰ ਜਾਵਾਂਗੇ
Thursday, Aug 19, 2021 - 03:17 PM (IST)
ਅੱਜ ਕੱਲ੍ਹ ਦੇ ਸਮੇਂ ਵਿੱਚ ਆਮ ਇਨਸਾਨ ਲਈ ਪੂਰੀ ਜ਼ਿੰਦਗੀ ਵਿੱਚ ਇਕ ਵਾਰੀ ਘਰ ਬਣਾਉਣਾ ਹੀ ਇੱਕ ਵੱਡਾ ਮਸਲਾ ਹੈ। ਇਨਸਾਨ ਬੜੀ ਮੁਸ਼ਕਲ ਨਾਲ ਮਕਾਨ ਬਣਾਉਂਦਾ ਹੈ ਪਰ ਜਦੋਂ ਵੀ ਨਾਲ ਲੱਗਦਾ ਗੁਆਂਢੀ ਮਕਾਨ ਬਣਾਉਂਦਾ ਹੈ ਤਾਂ ਉਹ ਪਹਿਲੇ ਨਾਲੋਂ ਘੱਟੋ ਘੱਟ ਦੋ ਤੋ ਤਿੰਨ ਫੁੱਟ ਉੱਚਾ ਬਣਾ ਦਿੰਦਾ ਹੈ। ਅਗਲਾ ਗੁਆਂਢੀ ਦੂਜੇ ਤੋਂ ਦੋ ਫੁੱਟ ਉੱਚਾ ਬਣਾ ਦਿੰਦਾ ਹੈ। ਇੰਝ ਕਰਦੇ ਕਰਦੇ ਪੰਜ ਕੁ ਸਾਲ ਵਿੱਚ ਹੀ ਪਹਿਲਾ ਮਕਾਨ ਆਲੇ ਦੁਆਲੇ ਨਾਲੋਂ ਇੰਨਾ ਕੁ ਡੂੰਘਾ ਹੋ ਜਾਂਦਾ ਹੈ ਕਿ ਮਕਾਨ ਵਿੱਚ ਉਤਰਨ ਲਈ ਪੌੜੀਆਂ ਲਗਾਉਣੀਆਂ ਪੈ ਜਾਂਦੀਆਂ ਹਨ। ਮੀਂਹ ਦੌਰਾਨ ਆਲੇ ਦੁਆਲੇ ਦਾ ਪਾਣੀ ਘਰ ਵਿੱਚ ਦਾਖ਼ਲ ਹੋ ਕੇ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਵੈਸੇ ਤਾਂ ਸਾਡੀ ਮਾਨਸਿਕਤਾ ਬਣ ਚੁੱਕੀ ਹੈ ਕਿ ਕਿਵੇਂ ਨਾ ਕਿਵੇਂ ਆਪਣੀ ਮੁਸੀਬਤ ਕਿਸੇ ਦੂਸਰੇ ਦੇ ਗਲ਼ ਮੜੀ ਜਾਵੇ, ਇਸੇ ਮਾਨਸਕਿਤਾ ਕਾਰਨ ਬਜਾਏ ਇਸ ਦੇ ਕਿ ਅਸੀਂ ਰਲ ਮਿਲ ਕੇ ਮੀਂਹ ਦੇ ਪਾਣੀ ਦੇ ਨਿਕਾਸ ਦਾ ਪਰਬੰਧ ਕਰੀਏ, ਅਸੀਂ ਘਰ ਦਾ ਲੈਵਲ ਉੱਚਾ ਚੁੱਕਣਾ ਹੀ ਇੱਕੋ ਇੱਕ ਇਲਾਜ ਸਮਝ ਲੈਂਦੇ ਹਾਂ। ਜਦੋਂ ਕਿ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਅੱਜ ਨਹੀਂ ਤਾਂ ਕੱਲ੍ਹ ਘੁੰਮ ਕੇ ਘਰ ਨੀਵਾਂ ਹੋਣ ਦੀ ਇਹ ਵਾਰੀ ਸਾਡੇ ਸਿਰ ਵੀ 'ਤੇ ਆਵੇਗੀ ਹੀ ਆਵੇਗੀ। ਸਾਰੇ ਗਲੀ-ਮੁਹੱਲੇ ਦੀ ਅਖੀਰਲੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਘੱਟੋ ਘੱਟ ਸੜਕ ਜਾਂ ਰਸਤੇ ਨਾਲੋਂ ਜ਼ਰੂਰ ਉੱਚਾ ਰਿਹਾ ਜਾਵੇ।
ਇਸ ਸਾਰੇ ਵਰਤਾਰੇ ਵਿੱਚ ਇੱਕ ਗੁਆਂਢੀ ਹੋਰ ਜੁੜ ਜਾਂਦਾ ਹੈ ਤੇ ਤਕਰੀਬਨ ਉਸਦੀ ਮਾਨਸਿਕਤਾ ਵੀ ਸਾਡੇ ਨਾਲ ਮਿਲਦੀ ਜੁਲਦੀ ਹੈ ਉਹ ਹੈ ਸਾਡੀ ਚੁਣੀ ਹੋਈ ਸਰਕਾਰ।ਇਸ ਸਾਰੇ ਕੰਮ ਵਿੱਚ ਸੜਕ ਬਣਾਉਣ, ਟੁੱਟੀ ਤੋਂ ਮੁਰੰਮਤ ਕਰਨ, ਨੀਵੀਂ ਹੋਣ ਤੇ ਉੱਚੀ ਚੁੱਕਣ, ਗਲੀਆਂ-ਨਾਲੀਆਂ ਦੁਬਾਰਾ ਬਣਾਉਣ, ਨਵੇਂ ਨਕਸ਼ੇ ਬਣਾਉਣ ਵਿੱਚ ਸੋਚ ਕੇ ਦੇਖੋ ਕਿੰਨੇ ਲੋਕ ਕੰਮ ਲੱਗੇ ਹੋਏ ਹਨ। ਕਿੰਨੇ ਹੀ ਮਿਸਤਰੀ, ਮਜ਼ਦੂਰ, ਠੇਕੇਦਾਰ, ਸਮਾਨ ਵੇਚਣ ਬਣਾਉਣ ਵਾਲੇ ਕੰਮ ਲੱਗੇ ਹਨ। ਇਹ ਦੋਵੇਂ ਧਿਰਾਂ ਜਨਤਾ ਅਤੇ ਸਰਕਾਰ, ਬੈਲਗੱਡੀ ਅੱਗੇ ਜੁੜੇ ਉਹਨਾਂ ਬਲਦਾਂ ਦੀ ਤਰ੍ਹਾਂ ਹਨ ਜੋ ਗੱਡੇ ਨੂੰ ਅੱਗੇ ਖਿੱਚਣ ਦੀ ਬਜਾਏ ਇਕ ਦੂਜੇ ਨੂੰ ਧੱਕਣ ਵਿੱਚ ਹੀ ਆਪਣੀ ਸ਼ਕਤੀ ਨੂੰ ਅਜਾਈਂ ਗੁਆਉਦੇ ਰਹਿੰਦੇ ਹਨ। ਮੇਰੇ ਦੇਖਦੇ ਦੇਖਦੇ ਵੀਹ ਕੁ ਸਾਲਾਂ ਵਿੱਚ ਕਿੰਨੇ ਹੀ ਮਕਾਨ ਦੋ ਵਾਰ ਬਣਕੇ ਵੀ ਡੂੰਘੇ ਹੋ ਚੁੱਕੇ ਹਨ । ਮੇਰੇ ਪਿੰਡ ਦੇ ਬਹੁਤ ਹੀ ਵੱਡੇ ਵੱਡੇ ਰੇਤ ਦੇ ਟਿੱਲੇ ਜੋ ਕਿ ਕਿਸੇ ਸਮੇਂ ਰਾਜਸਥਾਨ ਦਾ ਨਜ਼ਾਰਾ ਪੇਸ਼ ਕਰਦੇ ਸਨ ਸਭ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਪਹੁੰਚ ਚੱਕੇ ਹਨ ਪਰ ਸ਼ਹਿਰ ਜਾਂ ਪਿੰਡ ਹਾਲਾਂ ਵੀ ਨੀਵੇਂ ਦੇ ਨੀਵੇਂ ਹਨ। ਹਾਲਾਂ ਵੀ ਘਰਾਂ ਵਿੱਚ ਪਾਣੀ ਵੜ ਰਿਹਾ ਹੈ। ਇਸ ਚੂਹੇ ਬਿੱਲੀ ਦੀ ਦੌੜ ਵਿੱਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਸਿਵਾਏ ਕਿ ਸਾਡੀਆਂ ਜੇਬਾਂ ਦਾ ਤੇ ਸਰਕਾਰੀ ਪੈਸਾ ਜੋ ਕਿ ਅਸਿੱਧੇ ਰੂਪ ਵਿੱਚ ਸਾਡੇ ਕੋਲੋਂ ਹੀ ਗਿਆ ਹੈ, ਕਿਸੇ ਸਾਰਥਕ ਕੰਮ ਵਿੱਚ ਲੱਗਦਾ। ਉਸ ਬੇਲੋੜੇ ਕੰਮ ਰੂਪੀ ਗਧੇ ਦੇ ਢਿੱਡ ਵਿੱਚ ਪੈ ਰਿਹਾ ਹੈ ਜਿਸ ਨੇ ਕਿ ਅਖੀਰ ਨੂੰ ਸਾਡੇ ਪੱਲੇ ਲਿੱਦ ਹੀ ਪਾਉਣੀ ਹੈ।
ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਇਸ ਦਾ ਕੋਈ ਇਲਾਜ ਹੈ, ਹਾਂ ਹੈ। ਉਸ ਲਈ ਸਾਨੂੰ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਸਾਡੇ ਚੁਣੇ ਹੋਏ ਪੰਚਾਇਤ ਮੈਂਬਰਾਂ, ਕੌਸਲਰਾਂ ਨਾਲ ਮਿਲ ਕੇ ਕੁੱਝ ਪੁਆਇੰਟ ਜੋ ਕਿ ਜ਼ਿਆਦਾ ਤੋਂ ਜ਼ਿਆਦਾ ਦੋ ਸੌ ਫੁੱਟ 'ਤੇ ਸੈੱਟ ਕਰਵਾਉਣੇ ਚਾਹੀਦੇ ਹਨ, ਜਿਨਾਂ ਨੂੰ ਰੈਫਰੈਂਸ ਮੰਨ ਕੇ ਹੀ ਮਕਾਨ ਦਾ ਲੈਵਲ ਰੱਖਿਆ ਜਾਵੇ। ਇਹ ਵੀ ਯਕੀਨੀ ਹੋਣਾ ਚਾਹੀਦਾ ਹੈ ਕਿ ਸੜਕ ਦਾ ਲੈਵਲ ਵੀ ਮੁਰੰਮਤ ਦੌਰਾਨ ਬਿਨਾਂ ਮਤਲਬ ਉੱਚਾ ਨਾ ਚੁੱਕਿਆ ਜਾਵੇ। ਇਸ ਕੰਮ ਨਾਲ ਜਿਹੜਾ ਇੱਕ ਹੋਰ ਕੰਮ ਸੰਵਰਦਾ ਹੈ ਅਤੇ ਬਹੁਤ ਹੀ ਅਹਿਮ ਹੈ ਜਦੋਂ ਕੋਈ ਬਸਤੀ ਜਾਂ ਕਲੋਨੀ ਵਸਾਈ ਜਾਂਦੀ ਹੈ ਤਾਂ ਉਸ ਵਿੱਚ ਪਲਾਟਾਂ ਲਈ ਤਕਰੀਬਨ ਵੀਹ ਫੁੱਟੀਆਂ ਗਲੀਆਂ ਛੱਡੀਆਂ ਜਾਂਦੀਆਂ ਹਨ। ਜਦ ਕੋਈ ਵਿਅਕਤੀ ਸੜਕ ਨਾਲੋਂ ਘੱਟੋ ਘੱਟ ਦੋ ਫੁੱਟ ਉਚਾ ਮਕਾਨ ਬਣਾਉਂਦਾ ਹੈ ਤਾਂ ਉਹ ਘੱਟੋ ਘੱਟ ਚਾਰ ਪੌੜੀਆਂ ਗਲੀ ਵਿੱਚ ਲਾ ਕੇ ਢਾਈ ਫੁੱਟ ਜਗ੍ਹਾ ਰਸਤਾ ਰੋਕ ਲੈਂਦਾ ਹੈ।ਇੰਝ ਹੀ ਜਦੋਂ ਸਾਹਮਣੇ ਗੁਆਂਢੀ ਮਕਾਨ ਬਣਾਉਂਦਾ ਹੈ ਤਾਂ ਉਹ ਵੀ ਪਹਿਲੇ ਨਾਲੋਂ ਦੋ ਫੁੱਟ ਉੱਚਾ ਚੁੱਕ ਕੇ ਤਿੰਨ ਫੁੱਟ ਪੌੜੀਆਂ ਲਾ ਕੇ ਰਸਤਾ ਰੋਕ ਦਿੰਦਾ ਹੈ। ਇੰਝ ਕਰਦੇ ਕਰਦੇ ਲੋਕੀਂ ਵੀਹ ਫੁੱਟੇ ਰਸਤੇ ਦੀ ਸੱਤ ਫੁੱਟੀ ਗਲੀ ਬਣਾ ਦਿੰਦੇ ਹਨ। ਜਿੰਨ੍ਹਾਂ ਨੂੰ ਕੁਦਰਤ ਨੇ ਕਾਰ ਬਖਸ਼ੀ ਹੋਵੇ ਉਹ ਪਹਿਲੇ ਗੇੜ ਵਿੱਚ ਹੀ ਛੇ ਜਾਂ ਸੱਤ ਫੁੱਟ ਦਾ ਰੈਂਪ ਬਣਾ ਦਿੰਦੇ ਹਨ। ਹੁਣ ਕਿਉਂਕਿ ਇਸ ਕੰਮ ਵਿੱਚ ਕੋਈ ਵੀ ਗੁਆਂਢੀ ਪਿੱਛੇ ਨਹੀਂ ਰਿਹਾ ਹੁੰਦਾ ਇਸ ਲਈ ਇਕ ਦੂਜੇ ਨੂੰ ਕੁੱਝ ਕਹਿ ਨਹੀਂ ਸਕਦੇ। ਹਾਲਾਂ ਕਿ ਅੰਦਰੋ ਅੰਦਰੀ ਔਖੇ ਸਾਰੇ ਹੀ ਹੁੰਦੇ ਹਨ। ਐਸਾ ਵੀ ਵੇਖਿਆ ਗਿਆ ਹੈ ਕਈ ਵਾਰ ਕਿਸੇ ਖ਼ਾਸ ਹਾਦਸੇ ਕਰਕੇ ਅੱਗ ਲੱਗਣ ਜਾਂ ਕਿਸੇ ਹੋਰ ਐਮਰਜੈਂਸੀ ਦੌਰਾਨ ਰਸਤਾ ਰੁਕਿਆ ਹੋਣ ਕਰਕੇ ਫਾਇਰ ਬਰਗੇਡ ਦੀ ਗੱਡੀ ਜਾਂ ਐਬੁਲੈਂਸ ਵੀ ਹਾਦਸੇ ਵਾਲੀ ਜਗ੍ਹਾ 'ਤੇ ਨਹੀਂ ਪਹੁੰਚ ਸਕਦੀ ਤੇ ਲੋੜ ਤੋਂ ਵੱਧ ਨੁਕਸਾਨ ਹੋ ਜਾਂਦਾ ਹੈ। ਅਖ਼ੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਇਥੇ ਕੋਈ ਹੜ੍ਹ ਨਹੀਂ ਆਉਣ ਲੱਗੇ, ਬੇਮਤਲਬ ਦੀਆਂ ਦਲੀਲਾਂ ਦੇ ਕੇ ਐਵੇਂ ਲੈਵਲ ਉੱਚੇ ਨਾ ਚੁੱਕੋ ਤੇ ਰਸਤੇ ਨਾ ਰੋਕੋ ਇਸ ਵਿੱਚ ਹੀ ਸਭ ਦੀ ਭਲਾਈ ਹੈ।
ਇੰਜਨੀਅਰ ਜੈਸਿੰਘ ਕੱਕੜਵਾਲ-ਧੂਰੀ
9815026985