ਸਰਕਾਰ, ਜਗਾਰੀਦਾਰ ਅਤੇ ਠੇਕੇਦਾਰਾਂ ਨੂੰ ਵੰਗਾਰਨ ਵਾਲਾ ਸ਼ਾਇਰ- ਬਾਬਾ ਨਜ਼ਮੀ
Tuesday, Jan 17, 2023 - 01:14 PM (IST)

ਬਾਬਾ ਨਜ਼ਮੀ ਦਾ ਨਾਂ ਪੰਜਾਬੀ ਸ਼ਾਇਰੀ ਤੇ ਖੇਤਰ ਵਿਚ ਵਿਸ਼ੇਸ਼ ਹੈ। ਉਸਨੇ ਆਪਣੀ ਬੇਬਾਕ ਲੇਖਣੀ ਕਰਕੇ ਜਿਹੜਾ ਮਾਣ, ਸਤਿਕਾਰ ਤੇ ਸਨਮਾਨ ਹਾਸਲ ਕੀਤਾ ਹੈ ਉਹ ਕਿਸੇ ਹੋਰ ਸਮਕਾਲੀ ਸ਼ਾਇਰ ਦੇ ਹਿੱਸੇ ਨਹੀਂ ਆਇਆ। ਉਸਦੀ ਸ਼ਾਇਰੀ ਮਨਪ੍ਰਚਾਵੇ ਦਾ ਸਾਧਨ ਨਹੀਂ ਹੈ। ਉਹ ਨਿਧੱੜਕ ਹੋ ਕੇ ਸਰਕਾਰ, ਜਗੀਰਦਾਰ ਤੇ ਠੇਕੇਦਾਰਾਂ ਨੂੰ ਵੰਗਾਰਨ ਵਾਲਾ ਕਵੀ ਹੈ। ਉਹ ਧਰਤੀ ਦਾ ਮੂੰਹ-ਮੱਥਾ ਸਵਾਰਨ ਵਾਲੇ ਕੰਮੀਆਂ, ਕਿਰਤੀਆਂ, ਔਰਤ ਨੂੰ ਹਲੂਣਾ ਦੇਣ ਵਾਲੀ ਸ਼ਾਇਰੀ ਕਰਦਾ ਹੈ। ਉਹ ਲਹਿੰਦੇ ਪੰਜਾਬ 'ਚੋਂ ਪੰਜਾਬੀ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪੁੱਜਦਾ ਕਰਨ ਵਾਲਾ ਸੰਜੀਦਾ ਲਿਖਾਰੀ ਹੈ। ਉਸਦੀ ਕਲਮ ਲੁਟੇਰੇ ਪ੍ਰਬੰਧ ‘ਤੇ ਉਂਗਲ ਧਰਦੀ ਹੈ। ਅਣਮਨੁੱਖੀ ਵਰਤਾਰੇ ਨੂੰ ਤਹਿਸ-ਨਹਿਸ ਕਰਨਾ ਲੋਚਦੀ ਹੈ। ਉਸਦੀ ਕਲਮ ਵਿੱਚ ਜਾਨ ਹੈ। ਲੁੱਟ ਰਹਿਤ ਸਮਾਜ ਸਿਰਜਣ ਦੀ ਚਾਰਾਜੋਈ ਕਰਦੀ ਹੈ। ਸੰਸਾਰ ਭਰ ਵਿੱਚ ਵਸਦੇ ਪੰਜਾਬੀਆਂ ਨੇ ਉਸਨੂੰ ‘ਲੋਕ ਸ਼ਾਇਰ’ ਵਜੋਂ ਪ੍ਰਵਾਨਗੀ ਦਿੱਤੀ ਹੈ।
ਬਾਬਾ ਨਜ਼ਮੀ ਦਾ ਜਨਮ ਲਾਹੌਰ ਦੇ ਪਿੰਡ ਘੁਮਿਆਰਪਰਾ ਵਿੱਚ ਹੋਇਆ। ਉਨ੍ਹਾਂ ਦਾ ਦਾ ਅਸਲੀ ਨਾਂ ਬਸ਼ੀਰ ਹੁਸੈਨ ਹੈ। ਕਿਰਤੀ ਪਰਿਵਾਰ ਵਿੱਚ ਪੈਦਾ ਹੋਏ ਇਸ ਫ਼ਨਕਾਰ ਦੇ ਪਿਤਾ ਦਾ ਨਾਂ ਮੰਗਤੇ ਖ਼ਾਨ ਅਤੇ ਮਾਤਾ ਦਾ ਨਾਂ ਆਲਮ ਬੀਬੀ ਹੈ।
ਬਾਬਾ ਨਜ਼ਮੀ ਦੇ ਪਿਤਾ ਸਾਈਕਲ ਸੰਵਾਰਨ ਦਾ ਕੰਮ ਕਰਦਾ ਸੀ। ਘਰ ਵਿੱਚ ਤੰਗਦਸਤੀ ਸੀ। ਇਸੇ ਕਰਕੇ ਉਸਦੀ ਕਲਮ ਦੋ ਢੰਗ ਦੀ ਰੋਟੀ ਲਈ ਆਤੁਰ ਨਿਮਾਣਿਆਂ ਦੀ ਪੀੜ ਨੂੰ ਬਿਆਨਦੀ ਹੈ। ਉਸਦੇ ਮਨ ‘ਤੇ ਭਾਰਤ-ਪਾਕਿਸਤਾਨ ਦੀ ਵੰਡ ਦਾ ਡੂੰਘਾ ਅਸਰ ਹੈ। ਉਸਨੇ ਆਪਣੇ ਮਾਪਿਆਂ ਅਤੇ ਵੱਡੇਰਿਆਂ ਤੋਂ ਦੇਸ਼-ਵੰਡ ਦੀਆਂ ਦਰਦਨਾਕ ਘਟਨਾਵਾਂ ਸੁਣੀਆਂ ਹੋਈਆਂ ਹਨ। ਉਹਦੀ ਸ਼ਾਇਰੀ ਵਿੱਚੋਂ ਵੀ ਇਹ ਦਰਦ ਉਜਾਗਰ ਹੁੰਦਾ ਹੈ। ਦੇਸ਼-ਵੰਡ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਜਿੰਨਾ ਨੁਕਸਾਨ ਹੋਇਆ ਹੈ ਉਹ ਉਸਦੇ ਸੀਨੇ ਵਿੱਚ ਚਸਕਦਾ ਹੈ। ਉਹ ਸਿਰਫ਼ ਪਾਕਿਸਤਾਨ ਦੇ ਪੰਜਾਬੀਆਂ ਨੂੰ ਸੰਬੋਧਿਤ ਨਹੀਂ ਹੁੰਦਾ, ਸੰਸਾਰ ਦੇ ਹਰ ਕੋਨੇ ਵਿੱਚ ਵੱਸਦੇ ਪੰਜਾਬੀਆਂ ਨੂੰ ਹਲੂਣਾ ਦਿੰਦਾ ਹੈ।
ਮਜ਼ਦੂਰਾਂ ਦਾ ਜ਼ਿੰਦਗੀ ਜਿਉਣ ਲਈ ਕੀਤਾ ਜਾਂਦਾ ਸੰਘਰਸ਼ ਉਸਦੀ ਕਵਿਤਾ ਦਾ ਧੁਰਾ ਹੈ। ਉਹ ਇਸ ਸੰਘਰਸ਼ ਨੂੰ ਖ਼ੁਸ਼ੀ ਵਿੱਚ ਤਬਦੀਲ ਕਰਨ ਦੀ ਪ੍ਰਬਲ ਇੱਛਾ ਰੱਖਦਾ ਹੈ। ਉਸਨੇ ਆਪਣੇ ਵਿਆਹੁਤਾ ਜੀਵਨ ਵਿੱਚ ਗੁਰਬਤ ਨੂੰ ਹੱਡੀਂ ਹੰਢਾਇਆ ਹੈ। ਦਾਲ-ਰੋਟੀ ਦੇ ਆਹਰ ਲਈ ਉਸਨੇ ਬਹੁਤ ਸਾਰੇ ਕੰਮ ਕੀਤੇ ਹਨ। ਉਸਦਾ ਇਹ ਅਨੁਭਵ ਤੇ ਵਿਚਾਰਧਾਰਾ ਉਸਦੀਆਂ ਪੁਸਤਕਾਂ 'ਅੱਖਰ ਵਿੱਚ ਸਮੁੰਦਰ, ਸੋਚਾਂ ਵਿੱਚ ਜਹਾਨ, ਮੇਰਾ ਨਾਂ ਇਨਸਾਨ ਅਤੇ ਮੈਂ ਇਕਬਾਲ ਪੰਜਾਬੀ' ਦੇ ਵਿੱਚ ਮਿਹਸੂਸ ਕੀਤਾ ਜਾ ਸਕਦਾ ਹੈ। ਬਾਬਾ ਨਜ਼ਮੀ ਲੋਕ-ਪੱਖੀ ਵਿਚਾਰਧਾਰਾ ਦਾ ਕਵੀ ਹੈ। ਉਸ ਦੀ ਕਵਿਤਾ ਦੇ ਵਿਸ਼ੇ ਇਨਕਲਾਬੀ ਹਨ। ਜ਼ਿੰਦਗੀ ਜਿਉਣ ਲਈ ਤਰੱਦਦ ਕਰਦੇ ਮਨੁੱਖ ਦੇ ਹਿਰਦੇ ਨੂੰ ਟੁੰਬਦੇ ਹਨ। ਉਹ ਸਮਾਜਿਕ ਨਾ-ਬਰਾਬਰੀ, ਸਿਆਸੀ ਗੰਧਲੇਪਨ, ਆਰਥਿਕ ਪਾੜੇ ਅਤੇ ਭਾਸ਼ਾਈ ਮਸਲਿਆਂ ਦੀ ਰਾਜਨੀਤੀ ਨੂੰ ਕਾਂਟੇ ਹੇਠ ਲਿਆਉਂਦਾ ਹੈ। ਸੰਵੇਦਨਸ਼ੀਲ ਮਨੁੱਖ ਅੰਦਰ ਨਸਲੀ, ਕੌਮੀਂ ਅਤੇ ਜਾਤੀ ਵਿਤਕਰਿਆਂ ਤੋਂ ਪਾਰ ਜਾ ਕੇ ਸੱਚਮੁੱਚ ਦਾ ਇਨਸਾਨ ਬਣਕੇ ਵਿਚਰਨ ਦੀ ਚੇਤਨਾ ਜਗਾਉਂਦਾ ਹੈ।
ਬਾਬਾ ਨਜ਼ਮੀ ਸ਼ਾਇਰੀ ਦਾ ਨਾਇਕ ਨਿਰਾਸ਼ ਨਹੀਂ ਹੈ, ਬਗਾਵਤੀ ਹੈ, ਬੇਬਾਕ ਵਿਚਰਦਾ ਹੈ। ਜ਼ਿੰਦਗੀ ਦੇ ਔਖੇ ਤੋਂ ਔਖੇ ਮੁਕਾਮ ‘ਤੇ ਵੀ ਹੱਥ ਨਹੀਂ ਜੋੜਦਾ, ਲੜਨ ਦਾ ਐਲਾਨ ਕਰਦਾ ਹੈ। ਪੱਥਰਾਂ ਦਾ ਪਾੜ ਕੇ ਉੱਗ ਆਉਣ ਦਾ ਜੇਰਾ ਰੱਖਦਾ ਹੈ। ਜ਼ਿੰਦਗੀ ਨੂੰ ਹੁਸੀਨ ਬਣਾਉਣ ਲਈ ਆਸਵੰਦ ਹੈ। ਉਸਦੇ ਨਾਇਕ ਦੁੱਲਾ, ਮਿਰਜ਼ਾ, ਵਰਿਆਮ, ਜਬਰੂ, ਭਗਤ ਸਿੰਘ ਤੇ ਊਧਮ ਸਿੰਘ ਜਿਹੇ ਮਰਜੀਵੜੇ ਹਨ। ਰਾਹ ਦਸੇਰੇ ਫਰੀਦ, ਨਾਨਕ, ਬੁੱਲ੍ਹਾ, ਵਾਰਸ, ਹਾਸ਼ਮ, ਸੱਚਲ ਅਤੇ ਭੱਟਾਈ ਹਨ। ਵਿਰਸੇ ਦਾ ਗਿਆਨ ਅਤੇ ਜਨੂੰਨ ਉਸਦੀ ਸ਼ਾਇਰੀ ਦਾ ਹਾਸਿਲ ਹੈ।