1947 ਹਿਜਰਤਨਾਮਾ - 59 : ਮੋਹਣ ਲਾਲ ਬਜੂਹਾਂ

05/20/2022 10:51:06 AM

'ਦੂਰ ਗਏ ਪਰਛਾਵੇਂ'
ਨਵਾਬ ਮੁਹੰਮਦ ਬਹਾਵਲ ਖਾਨ-2 ਨੇ ਪੁਰਾਣੇ ਪੰਜਾਬ ਦੀ ਰਿਆਸਤ ਰਹੀ, ਬਹਾਵਲਪੁਰ ਰਿਆਸਤ ਦੀ ਨੀਂਹ 1802 ਈ: ਵਿੱਚ ਰੱਖੀ। ਜਿਸ ਦਾ ਵਸੀਮਾ ਰਾਜਿਸਥਾਨ ਤੋਂ ਮੁਲਤਾਨ ਤੱਕ ਛੂਹੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਫ਼ਤਹਿ ਕਰਕੇ ਨਵਾਬ ਨੂੰ ਵੀ ਆਪਣੇ ਅਧੀਨ ਕਰ ਲਿਆ। ਮਹਾਰਾਜਾ ਦਾ ਡਰ ਜ਼ਿਆਦਾ  ਸਤਾਉਣ ਲੱਗਾ ਤਾਂ ਨਵਾਬ ਬਹਾਵਲ ਖਾਨ-3 ਨੇ 22 ਫਰਵਰੀ 1833 'ਚ ਅੰਗਰੇਜ਼ਾਂ ਨਾਲ ਸੰਧੀ ਕਰ ਲਈ। ਉਪਰੰਤ ਨਵਾਬ ਸਾਹਿਬ ਬਾਕੀ ਦੇਸੀ ਰਿਆਸਤਾਂ ਵਾਂਗ ਪੀੜ੍ਹੀ ਦਰ ਪੀੜ੍ਹੀ ਅੰਗਰੇਜ਼ਾਂ ਦੀ ਖੁਸ਼ਾਮਦ 'ਚ ਹੀ ਰਹੇ। ਦੂਜੀ ਆਲਮੀ ਜੰਗ ਵੇਲੇ ਬਹਾਵਲਪੁਰ ਸਭ ਤੋਂ ਪਹਿਲੀ ਭਾਰਤੀ ਦੇਸੀ ਰਿਆਸਤ ਸੀ, ਜਿਸ ਨੇ ਜੰਗ ਵਿੱਚ ਫ਼ਿਰੰਗੀ ਦਾ ਸਾਥ ਦੇਣ ਦਾ ਐਲਾਨ ਕੀਤਾ। 7 ਅਕਤੂਬਰ 1947 ਵਿੱਚ ਰਿਆਸਤ ਦੇ ਅਖ਼ੀਰੀ ਨਵਾਬ ਸਾਦਿਕ ਮੁਹੰਮਦ ਖ਼ਾਨ ਅਬੱਸੀ ਨੇ ਪਾਕਿਸਤਾਨ ਦੀ ਅਧੀਨਗੀ ਨੂੰ ਸਵੀਕਾਰ ਕਰ ਲਿਆ। ਪੇਸ਼ ਹੈ ਇਹੀ ਰਿਆਸਤ ਦੇ ਇੱਕ ਬਹਾਵਲਪੁਰੀਏ ਰਫਿਊਜੀ ਦਾ ਹਿਜਰਤਨਾਮਾ।-

"ਅਸੀਂ ਬਹਾਵਲਪੁਰੀਏ ਹੁੰਨੇ ਆਂ। ਵੈਸੇ ਜੱਦੀ ਪਿੰਡ ਤਾਂ ਸਾਡਾ ਧਾਲੀਵਾਲ ਮੰਜਕੀ (ਨਕੋਦਰ) ਐ ਪਰ ਹੱਲਿਆਂ ਉਪਰੰਤ ਪਿੰਡ ਬਜੂਹਾਂ ਖ਼ੁਰਦ-ਨਕੋਦਰ ਤਬਦੀਲ ਹੋ ਗਏ। ਜਦ ਫ਼ਿਰੰਗੀ ਨੇ ਬਾਰਾਂ ਆਬਾਦ ਕਰਨ ਲਈ ਇਧਰੋਂ ਜਿੰਮੀਦਾਰਾਂ ਨੂੰ ਓਧਰ ਭੇਜਣਾ ਸ਼ੁਰੂ ਕੀਤਾ ਤਾਂ ਧਾਲੀਵਾਲ ਤੋਂ ਵੀ ਕਾਫੀ ਜਿੰਮੀਦਾਰਾਂ ਚਾਲੇ ਪਾਏ। ਕੁੱਝ ਪਰਿਵਾਰਾਂ ਬਾਰਾਂ ਦੀ ਬਜਾਏ ਰਿਆਸਤ ਬਹਾਵਲਪੁਰ ਦਾ ਵੀ ਰੁੱਖ ਕੀਤਾ। ਗੁਆਂਢੀ ਪਿੰਡ ਚਾਨੀਆਂ ਤੋਂ ਕੁੱਝ ਰਾਮਗੜ੍ਹੀਆ ਪਰਿਵਾਰ ਜਿਨ੍ਹਾਂ 'ਚ ਮੋਹਰੀ ਚੇਲਿਆਂ ਦਾ ਮੋਹਣ ਸਿੰਘ ਅਤੇ ਜ਼ਿਲ੍ਹੇਦਾਰ ਡੋਗਰ ਮੱਲ ਦਾ ਪੋਤਰਾ ਬਲਰਾਮ ਸੀ, ਉਹ ਬਹਾਵਲਪੁਰ ਤੋਂ ਵੀ ਅੱਗੇ ਸਿੰਧ ਪ੍ਰਾਂਤ ਦੇ ਜ਼ਿਲ੍ਹਾ ਹੈਦਰਾਬਾਦ ਦੀ ਤਸੀਲ ਦਾਦੂ ਦੇ ਪਿੰਡ ਆਮੜੂ ਦੀ ਗੋਠ ਵਿਚ ਖੇਤੀ ਕਰਨ ਗਏ, ਜਦ ਕਿ ਉਹ ਜ਼ਮੀਨ ਕੋਈ ਏਡੀ ਉਪਜਾਊ ਨਹੀਂ ਸੀ। ਧਾਲੀਵਾਲ ਮੰਜਕੀ ਤੋਂ ਧਾਲੀਵਾਲ ਗੋਤੀਏ ਜੱਟ ਸਿੱਖ ਬਾਵਾ ਸਿੰਘ ਕਰਤਾਰ ਸਿੰਘ ਕਿਆਂ ਨਾਲ ਸਾਡੇ ਬਾਬਾ ਮਾਘੀ ਰਾਮ ਦਾ ਸਹਿਚਾਰਾ ਸੀ। ਜਦ ਉਨ੍ਹਾਂ ਰਿਆਸਤ ਬਹਾਵਲਪੁਰ ਦੇ ਪਿੰਡ ਚੱਕ 18 ,ਨਜ਼ਦੀਕ ਚਿਸਤੀਆਂ ਦਾ ਰੁੱਖ ਕੀਤਾ ਤਾਂ ਉਨ੍ਹਾਂ ਮੇਰੇ ਬਾਪ ਫ਼ਕੀਰ ਚੰਦ ਨੂੰ ਵੀ ਪਰਿਵਾਰ ਸਮੇਤ ਨਾਲ ਖੜਿਆ। ਮੇਰੇ ਬਾਪ ਦੀ ਸ਼ਾਦੀ 1930 ਦੇ ਕਰੀਬ ਗੁਰਾਇਆਂ ਦੇ ਪਿੰਡ ਅੱਟੀ ਦੀ ਧੀ ਬੰਤੀ ਨਾਲ ਹੋਈ। ਉਸੇ ਸਾਲ ਹੀ ਉਹ ਬਹਾਵਲਪੁਰ ਚਲੇ ਗਏ। ਅਸੀਂ ਜਾਤ ਵਜੋਂ ਮਹਿਰਾ ਹਾਂ ਅਤੇ ਓਧਰ ਕੰਮ ਵੀ ਪਾਣੀ ਢੋਣ, ਭੱਠੀ ਤੇ ਦਾਣੇ ਭੁੰਨਣ ਦਾ ਕੀਤਾ। ਅਸੀਂ ਦੋ ਭਰਾ ਮੈਂ ਮੋਹਣ ਜਨਮ ਸਾਲ 1935 ਅਤੇ ਮੈਥੋਂ ਵੱਡਾ ਸੋਹਣ ਅਤੇ ਸਾਥੋਂ ਛੋਟੀਆਂ ਚਾਰ ਭੈਣਾਂ, ਸੱਭੋ ਦਾ ਜਨਮ ਬਹਾਵਲਪੁਰ ਦਾ ਈ ਐ। 

ਓਧਰ ਦੋ ਖੂਹੀਆਂ ਅੱਗੜ-ਪਿੱਛੜ ਬਾਵਾ ਸਿੰਘ ਕਿਆਂ ਹੀ ਲਵਾਈਆਂ ਪਰ ਪਾਣੀ ਕੌੜਾ ਹੀ ਰਿਹਾ। ਸੋ ਨਜ਼ਦੀਕੀ ਨਹਿਰ ਤੋਂ ਪਾਣੀ ਪਿੰਡ ਇਕ ਵੱਡੇ ਚੁਬੱਚੇ ਵਿੱਚ ਆਉਂਦਾ ਕੀਤਾ। ਚੁਬੱਚੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਤੀਜੇ ਖਾਨੇ ’ਚੋਂ ਨਿੱਤਰਿਆ ਸਾਫ਼ ਪਾਣੀ ਮੇਰੇ ਮਾਈ-ਬਾਪ ਮਸ਼ਕਾਂ ਅਤੇ ਘੜਿਆਂ ਰਾਹੀਂ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਕਾਮਿਆਂ ਲਈ ਢੋਂਹਦੇ। ਉਹ ਬਦਲੇ 'ਚ ਹਾੜੀ ਸਾਉਣੀ ਦਿੰਦੇ। ਸਾਡੀ ਦਾਦੀ ਭੱਠੀ ਤੇ ਦਾਣੇ ਭੁੰਨਿਆਂ ਕਰਦੀ। ਅਸੀਂ ਸਾਰੇ ਬੱਚੇ ਵੀ ਵਡੇਰਿਆਂ ਦੀ ਮਦਦ ਕਰਦੇ। ਪਿੰਡ 'ਚ ਕੋਈ 30 ਕੁ ਘਰ ਜੱਟ ਸਿੱਖਾਂ, 2 ਕੁ ਮੁਸਲਿਮ ਅਤੇ 10 ਕੁ ਘਰ ਛੋਟੀਆਂ ਬਰਾਦਰੀਆਂ ਦੇ ਸਨ। ਪਿੰਡ 'ਚ ਧਾਲੀਵਾਲ ਕਿਆਂ ਦੀ ਹੀ ਸਰਦਾਰੀ ਸੀ। ਉਂਝ ਕੁਝ ਕੁ ਘਰ ਸਰੀਂਹ (ਨਕੋਦਰ) ਕਿਆਂ ਸਿੱਖਾਂ ਦੇ ਵੀ ਸਨ। ਪਿੰਡ ਵਿੱਚ ਲੁਹਾਰਾ-ਤਖਾਣਾਂ ਕੰਮ ਦੇਵਾ ਸਿੰਘ ਕਰਦਾ, ਪਿੰਡ ਦਾ ਲੰਬੜਦਾਰ ਹਜੂਰਾ ਸਿੰਘ ਹੁੰਦਾ। ਮੇਰੇ ਬਚਪਨ ਦੇ ਸਾਥੀ ਕੋਮਲ,ਜਿੰਦੂ ਅਤੇ ਗਿੰਦੋ ਹੁੰਦੇ। ਕੱਠੇ ਹੋ ਜੰਗ-ਪਲੰਗਾ, ਲੁੱਕਣ ਮੀਟੀ ਖੇਡਦੇ।

ਸਕੂਲ ਅਸੀਂ ਕੋਈ ਨਹੀਂ ਗਏ, ਗੁਆਂਢੀ ਪਿੰਡ 20 ਚੱਕ ਵਿੱਚ ਸਕੂਲ ਹੁੰਦਾ ਸੀ। ਹੋਰ ਚੌਧਰੀਆਂ ਵਿੱਚ ਜੱਟ ਸਿੱਖ ਧਾਲੀਵਾਲ, ਬਾਵਾ ਸਿੰਘ ਕਰਤਾਰ ਸਿੰਘ ਅਤੇ ਕਰਮ ਸਿੰਘ ਸਾਧੂ ਸਿੰਘ ਧਗਾਣਿਆਂ ਦੇ ਵੱਜਦੇ। ਪਰਿਆ ਵਿੱਚ ਕੋਈ ਫ਼ੈਸਲਾ ਹੁੰਦਾ ਤਾਂ ਇਹੀ ਕਰਦੇ। ਪਿੰਡ ਵਿੱਚ ਇੱਕ ਗੁਰਦੁਆਰਾ ਹੁੰਦਾ। ਹੋਰ ਕੋਈ ਮੰਦਰ-ਮਸਜਿਦ ਨਹੀਂ ਸੀ। 20 ਚੱਕ ਸਾਡਾ ਗੁਆਂਢੀ ਪਿੰਡ ਸੀ। ਖੇਤਾਂ ਵਿੱਚ ਕਿਸਾਨਾ ਜ਼ਿਆਦਾ ਕਣਕ ਨਰਮਾ ਕਪਾਹ ਹੀ ਬੀਜਦੇ।ਜਿਣਸ ਗੱਡਿਆਂ ਤੇ ਲੱਦ ਚਿਸਤੀਆਂ ਮੰਡੀ 'ਚ ਵੇਚ ਆਉਂਦੇ। ਸਾਰੀਆਂ ਕੌਮਾਂ ਆਪਸੀ ਮਿਲਵਰਤਨ ਨਾਲ ਰਹਿੰਦੀਆਂ। ਦੁੱਖ਼-ਸੁੱਖ ਵਿੱਚ ਇਕ ਦੂਜੇ ਦੇ ਕੰਮ ਆਉਂਦੇ।

'47 ਵਿੱਚ ਜਦ ਕਤਲੇਆਮ ਸ਼ੁਰੂ ਹੋਈ ਤਾਂ ਉਸਦਾ ਸੇਕ ਬਹਾਵਲਪੁਰ ਵਿਚ ਪਹੁੰਚਾ। 20 ਚੱਕ 'ਚ ਇਕ ਬਦਮਾਸ਼ ਬਿਰਤੀ ਵਾਲਾ ਮੁਸਲਿਮ ਚੌਧਰੀ ਸੀ, ਜਿਸ ਦੇ 6 ਪੁੱਤਰ, ਸੱਭੋ ਲਾਠੀਆਂ ਵਰਗੇ। ਉਹ ਕਈ ਦਿਨਾਂ ਤੋਂ 18 ਚੱਕ ਵਾਲਿਆਂ ਨੂੰ ਪਿੰਡ ਖਾਲੀ ਕਰਨ ਦੇ ਸੁਨੇਹੇਂ ਭੇਜਦਾ। ਮੋਹਤਬਰਾਂ ਪਿੰਡ ਵਿੱਚ, ਚੋਣਵੇਂ ਜਵਾਨਾਂ ਦਾ ਰਾਤ ਦਾ ਪਹਿਰਾ ਸ਼ੁਰੂ ਕੀਤਾ। ਜਦ ਕਤਲੋਗਾ਼ਰਤ ਅਤੇ ਅੱਗਜ਼ਨੀ ਦਾ ਸੇਕ ਗੁਆਂਢੀ ਪਿੰਡਾਂ ਤੱਕ ਆਣ ਪਹੁੰਚਾ ਤਾਂ ਬਰਸਾਤ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮ ਨੂੰ ਲੋਕਾਂ ਜ਼ਰੂਰੀ ਵਸਤਾਂ ਦੇ ਗੱਡੇ ਲੱਦ ਲਏ। ਸਾਰੀ ਰਾਤ ਖਰਾਸ ਚੱਲਦੇ ਰਹੇ। ਸਵੇਰੇ ਨਿੱਤ ਨੇਮ ਤੋਂ ਬਾਅਦ ਗੁਰਦੁਆਰੇ 'ਕੱਠ ਹੋਇਆ, ਭਾਈ ਜੀ ਨੇ ਅਰਦਾਸ ਕੀਤੀ। ਚੰਗੀਆਂ ਲਵੇਰੀਆਂ ਅਤੇ ਬਲਦ ਨਾਲ ਹੱਕ ਲਏ। ਬਾਕੀਆਂ ਦੇ ਰੱਸੇ ਖੋਲ੍ਹ ਦਿੱਤੇ। ਸਾਰੇ ਸਰਦਾਰਾਂ ਹੱਥੀਂ ਬਣਾਏ ਸੰਵਾਰੇ ਘਰ-ਬਾਰ ਅਤੇ ਖੜੀ ਨਰਮੇ ਦੀ ਫ਼ਸਲ ਨੂੰ ਨਮ ਅੱਖਾਂ ਨਾਲ ਨਿਹਾਰ, ਆਖ਼ਰੀ ਫ਼ਤਹਿ ਬੁਲਾ ਦਿੱਤੀ। ਕੋਈ 20 ਕੁ ਦਿਨ ਦੇ ਤਲਖ਼ੀਆਂ ਅਤੇ ਫਾਕਿਆਂ ਭਰੇ ਸਫ਼ਰ ਤੋਂ ਬਾਅਦ ਬਰਾਸਤਾ ਫਿਰੋਜ਼ਪੁਰ-ਲੁਧਿਆਣਾ ਹੁੰਦੇ ਹੋਏ ਆਪਣੇ ਜੱਦੀ ਪਿੰਡ ਧਾਲੀਵਾਲ ਮੰਜਕੀ ਕਾਫ਼ਲਾ ਆਣ ਪਹੁੰਚਾ। ਅਸੀਂ ਹਫ਼ਤਾ ਕੁ ਲੇਟ ਪਹੁੰਚੇ ਕਿਓਂ ਜੋ ਫ਼ਿਲੌਰ ਆਪਣੀ ਭੂਆ ਭਾਗੋ ਘਰ ਰੁੱਕ ਰਹੇ। 

ਰਸਤੇ 'ਚ ਕਤਲੇਆਮ ਅਤੇ ਤਬਾਹੀ ਦੇ ਕਈ ਡਰਾਉਣੇ ਦ੍ਰਿਸ਼ ਦੇਖੇ। ਭਲੇ ਸਾਡੇ ਕਾਫ਼ਲੇ ਉੱਪਰ ਕੋਈ ਹਮਲਾ ਨਾ ਹੋਇਆ ਪਰ ਰਿਆਸਤ ਤੋਂ ਤੁਰਿਆਂ ਰਸਤੇ ਵਿੱਚ ਕੁੱਝ ਲੁੱਟ ਖੋਹ ਦੀ ਬਿਰਤੀ ਵਾਲਿਆਂ ਪਿਛਲੇ ਗੱਡਿਆਂ ਤੋਂ ਸਮਾਨ ਲੁੱਟਣ ਅਤੇ ਜ਼ਨਾਨੀਆਂ ਨੂੰ ਜਬਰੀ ਉਠਾਉਣ ਦੀ ਕੋਸ਼ਿਸ਼ ਕੀਤੀ। ਪਹਿਰੇ ਤੇ ਗੱਡਿਆਂ ਨਾਲ ਚੱਲ ਰਹੇ ਸਿੱਖ ਚੋਬਰਾਂ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਕਾਫ਼ਲੇ ’ਤੇ ਕੋਈ ਵੱਡਾ ਹਮਲਾ ਨਹੀਂ ਹੋਇਆ। ਰੱਬ-ਰੱਬ ਕਰਦੇ ਸੁੱਖ ਸਬੀਲੀ ਆਪਣੇ ਪਿੱਤਰੀ ਪਿੰਡ ਆਣ ਪਹੁੰਚੇ। ਇਥੇ ਹਫ਼ਤਾ ਕੁ ਦੇ ਠਹਿਰਾ ਤੋਂ ਬਾਅਦ ਬਹਾਵਲਪੁਰੀਏ ਸਰਦਾਰ, ਮੁਸਲਮਾਨਾਂ ਵਲੋਂ ਖਾਲੀ ਕੀਤੇ ਗੁਆਂਢੀ ਪਿੰਡ ਬੂਜੂਹਾ ਖ਼ੁਰਦ ਤੇ ਜਾ ਕਾਬਜ਼ ਹੋਏ। ਅਸੀਂ ਉਨ੍ਹਾਂ ਦੇ ਨਾਲ ਹੀ ਇਥੇ ਆਣ ਵਾਸ ਕੀਤਾ। ਜ਼ਮੀਨ ਤਾਂ ਸਾਡੀ ਕੋਈ ਨਹੀਂ ਸੀ ਪਰ ਘਰ ਸਾਨੂੰ ਮੁਸਲਮਾਨਾਂ ਦਾ ਅਲਾਟ ਹੋ ਗਿਆ। ਹੁਣ 87 ਵਿਆਂ ਵਿਚ ਆਪਣੀ ਬਾਲ ਫੁਲਵਾੜੀ ਵਿੱਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। ਪੁੱਤਰ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੇਰੀ ਕਹਾਣੀ ਸੁਣੀ ਅਤੇ ਲਿਖੀ। ਕਿਓਂ ਜੋ ਇਹ ਸੂਰਜ ਤਾਂ ਹੁਣ ਅਸਤ ਹੋਣ ਦੇ ਨੇੜੇ ਐ। ਪਰਛਾਵੇਂ ਦੂਰ ਚਲੇ ਗਏ ਹਨ। ਮੇਰੇ ਪੁੱਤ ਪੋਤਿਆਂ ਕਦੀ ਵੀ ਮੇਰੀ ਕਹਾਣੀ ਸੁਣਨ ’ਚ ਦਿਲਚਸਪੀ ਨਹੀਂ ਦਿਖਾਈ।"

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News