ਮੌਸਮ ਖਰਾਬ ਰਹਿਣ ਦੀ ਚਿਤਾਵਨੀ ਨੇ ਕਿਸਾਨਾਂ ਦੀ ਵਧਾਈ ਚਿੰਤਾ
Wednesday, Apr 17, 2019 - 10:43 AM (IST)

ਮੋਗਾ (ਮਨੋਜ)—ਬੀਤੀ ਰਾਤ ਇਲਾਕੇ 'ਚ ਚੱਲੀ ਤੇਜ਼ ਹਨੇਰੀ ਤੇ ਬਾਰਿਸ਼ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਅਤੇ ਆਉਣ ਵਾਲੇ ਦਿਨਾਂ ਵਿਚ ਮੌਸਮ ਹੋਰ ਖਰਾਬ ਰਹਿਣ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਿਚ ਭਾਰੀ ਵਾਧਾ ਕੀਤਾ ਹੈ। ਜੇਕਰ ਹੋਰ ਬਾਰਿਸ਼ ਜਾਂ ਤੇਜ਼ ਹਨੇਰੀ ਆਉਂਦੀ ਹੈ ਤਾਂ ਖੜ੍ਹੀ ਕਣਕ ਦੇ ਡਿੱਗਣ ਦੀ ਸੰਭਾਵਨਾ ਹੈ, ਜਿਸ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੰਡੀਆਂ 'ਚ ਸਮੇਂ ਸਿਰ ਬੋਲੀ, ਬਾਰਦਾਨਾ, ਲਿਫਟਿੰਗ ਆਦਿ ਦੇ ਵਧੀਆ ਪ੍ਰਬੰਧ ਕਰ ਕੇ ਖਰੀਦ ਅਧਿਕਾਰੀਆਂ ਨੂੰ ਮੰਡੀਆਂ 'ਚ ਬੋਲੀ ਲਾਉਣ ਲਈ ਭੇਜੇ। ਕਿਸਾਨ ਆਗੂ ਕਾਮਰੇਡ ਲਾਲ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਉਂਦੇ ਕੁਝ ਦਿਨਾਂ ਵਿਚ ਮੰਡੀਆਂ ਵਿਚ ਕਣਕ ਦੀ ਭਾਰੀ ਆਮਦ ਸ਼ੁਰੂ ਹੋ ਜਾਵੇਗੀ ਤੇ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਤੁਰੰਤ ਯੋਗ ਉਪਰਾਲੇ ਕਰੇ ਅਤੇ ਮਾਰਕੀਟ ਕਮੇਟੀ ਨੂੰ ਕਿਸਾਨਾਂ ਦੀ ਸਹੂਲਤ ਲਈ ਛਾਂ, ਪਾਣੀ, ਲਾਈਟਾਂ ਆਦਿ ਦੇ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਹਨ।