ਟਰੈਵਲ ਏਜੰਟ ਵੱਲੋਂ 7 ਲੱਖ ਦੀ ਠੱਗੀ ਦਾ ਮਾਮਲਾ : ਕਿਸਾਨ ਯੂਨੀਅਨ ਵੱਲੋਂ ਧਰਨਾ

Saturday, Aug 22, 2026 - 06:25 PM (IST)

ਟਰੈਵਲ ਏਜੰਟ ਵੱਲੋਂ 7 ਲੱਖ ਦੀ ਠੱਗੀ ਦਾ ਮਾਮਲਾ : ਕਿਸਾਨ ਯੂਨੀਅਨ ਵੱਲੋਂ ਧਰਨਾ

ਮਹਿਲ ਕਲਾਂ (ਹਮੀਦੀ) : ਪਿੰਡ ਹਰਦਾਸਪੁਰਾ ਦੇ ਦੋ ਨੌਜਵਾਨਾਂ ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਇੰਗਲੈਂਡ ਭੇਜਣ ਦੇ ਨਾਂ ’ਤੇ 7 ਲੱਖ ਰੁਪਏ ਲੈ ਕੇ ਨਾ ਭੇਜਣ ਦੇ ਦੋਸ਼ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਥਾਣਾ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਤੇ ਸਤਨਾਮ ਸਿੰਘ ਮੂੰਮ ਅਨੁਸਾਰ ਸਾਲ ਬੀਤਣ ’ਤੇ ਵੀ ਨੌਜਵਾਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਏਜੰਟ ਵੱਲੋਂ 2 ਲੱਖ 2 ਹਜ਼ਾਰ ਰੁਪਏ ਵਾਪਸ ਕੀਤੇ ਗਏ, ਜਦਕਿ 4 ਲੱਖ 98 ਹਜ਼ਾਰ ਰੁਪਏ ਬਾਕੀ ਹਨ। ਜਥੇਬੰਦੀ ਨੇ ਬਾਕੀ ਰਕਮ ਵਾਪਸੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਏਜੰਟ ਖਿਲਾਫ ਮੁਕੱਦਮਾ ਦਰਜ ਹੈ। ਮਾਣਯੋਗ ਹਾਈਕੋਰਟ ਵੱਲੋਂ ਮੁਲਜ਼ਮ ਨੂੰ 18 ਅਗਸਤ ਨੂੰ ਅੰਤਰਿਮ ਜ਼ਮਾਨਤ (ਐਂਟੀਸਿਪੇਟਰੀ ਜ਼ਮਾਨਤ) ਦਿੱਤੀ ਗਈ ਹੈ ਅਤੇ ਪੁਲਸ ਅਦਾਲਤੀ ਹੁਕਮਾਂ ਅਨੁਸਾਰ ਨਿਰਪੱਖ ਜਾਂਚ ਕਰ ਰਹੀ ਹੈ। ਦੂਜੇ ਪਾਸੇ, ਟਰੈਵਲ ਏਜੰਟ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ 2 ਲੱਖ ਰੁਪਏ ਖਾਤੇ ਰਾਹੀਂ ਅਤੇ 5 ਲੱਖ ਰੁਪਏ ਬਰਨਾਲਾ ਦੇ ਨਿੱਜੀ ਢਾਬੇ ’ਤੇ ਪਰਿਵਾਰ ਨੂੰ ਦਿੱਤੇ ਸਨ। ਪੁਲਸ ਵੱਲੋਂ ਅਦਾਲਤੀ ਕਾਰਵਾਈ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਜੱਗਾ ਸਿੰਘ ਮਹਿਲ ਕਲਾਂ, ਗੋਰਾ ਸਿੰਘ ਰਾਏਸਰ, ਦਲਵੀਰ ਸਿੰਘ ਸਹੋਰ, ਗੋਪਾਲ ਕ੍ਰਿਸ਼ਨ ਹਮੀਦੀ ਅਤੇ ਸੱਤਪਾਲ ਸਿੰਘ ਸੋਹੀ ਸਮੇਤ ਹੋਰ ਆਗੂ ਹਾਜ਼ਰ ਸਨ।


author

Gurminder Singh

Content Editor

Related News