ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗੇ ਨੌਜਵਾਨ ਨੇ ਦਮ ਤੋੜਿਆ
Saturday, Aug 15, 2026 - 04:24 PM (IST)
ਮੋਗਾ (ਆਜ਼ਾਦ) : ਥਾਣਾ ਸਿਟੀ ਮੋਗਾ ਦੇ ਅਧੀਨ ਪੈਂਦੇ ਇਲਾਕੇ ਸਟਾਫ ਵਾਲੀ ਗਲੀ ਵਿਚ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗੇ ਨੌਜਵਾਨ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਖੁਸ਼ਪ੍ਰੀਤ ਸਿੰਘ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਖੁਸ਼ਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਕਰੀਬ 2 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਸਦੀ ਦਵਾਈ ਵੀ ਚੱਲ ਰਹੀ ਸੀ। ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਹ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ’ਤੇ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਪਰ ਉਸਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 194 ਤਹਿਤ ਕਾਰਵਾਈ ਕਰਨ ਤੋਂ ਬਾਅਦ ਅੱਜ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ।
