ਪਸ਼ੂਆਂ ਦੇ ਚਾਰੇ ਲਈ ਰੱਖੀ ਪਰਾਲੀ ਨੂੰ ਲੱਗੀ ਅੱਗ
Saturday, Nov 10, 2018 - 03:24 AM (IST)
ਮਲੋਟ, (ਕਾਠਪਾਲ, ਸ਼ਾਂਤ, ਜੱਜ)- ਅੱਜ ਸਵੇਰੇ ਪਿੰਡ ਸ਼ੇਖੂ ਵਿਖੇ ਅੱਗ ਲੱਗਣ ਕਾਰਨ ਲੱਖਾਂ ਦੀ ਪਰਾਲੀ ਸਡ਼ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਅਧਿਕਾਰੀਆਂ ਸੁਰਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 10.30 ਵਜੇ ਅੱਗ ਲੱਗਣ ਸਬੰਧੀ ਸੂਚਨਾ ਮਿਲੀ, ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ’ਤੇ ਪਹੁੰਚੇ ਤਾਂ ਕਰੀਬ 100 ਟਰਾਲੀਆਂ ਜਿੰਨੀ ਪਰਾਲੀ ਅੱਗ ਦੀ ਲਪੇਟ ’ਚ ਆ ਚੁੱਕੀ ਸੀ। ਅੱਗ ਜ਼ਿਆਦਾ ਹੋਣ ਕਾਰਨ 4 ਗੱਡੀਆਂ ਮਲੋਟ ਅਤੇ 1 ਗੱਡੀ ਗਿੱਦਡ਼ਬਾਹਾ ਤੋਂ ਮੰਗਵਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਪਰਾਲੀ ਦੇ ਮਾਲਕ ਅਲੀ ਖਾਨ ਨੇ ਦੱਸਿਆ ਕਿ ਅੱਜ ਸਵੇਰ ਕਰੀਬ 10.30 ਵਜੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਵਿਖੇ ਸੂਚਨਾ ਦਿੱਤੀ, ਜਿਸ ’ਤੇ ਤੁਰੰਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਆ ਕੇ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਨੁਕਸਾਨੀ ਗਈ ਪਰਾਲੀ ਦੀ ਕੀਮਤ ਦਾ ਅੰਦਾਜ਼ਾ ਕਰੀਬ ਡੇਢ ਲੱਖ ਰੁਪਏ ਹੈ, ਉਹ ਪਸ਼ੂਆਂ ਦੇ ਚਾਰੇ ਲਈ ਪਰਾਲੀ ਇਕੱਠੀ ਕਰ ਕੇ ਰੱਖਦੇ ਸਨ, ਜਿਸ ਨੂੰ ਅੱਜ ਸਵੇਰੇ ਅੱਗ ਲੱਗਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਕਿ ਉਹ ਪਸ਼ੂਆਂ ਦੇ ਚਾਰੇ ਦਾ ਹੋਰ ਪ੍ਰਬੰਧ ਕਰ ਸਕਣ। ਮੌਕੇ ’ਤੇ ਪਹੁੰਚੇ ਐੱਸ. ਡੀ. ਐੱਮ. ਗੋਪਾਲ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਇਆ ਜਾ ਚੁੱਕਾ ਹੈ, ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜੇ. ਸੀ. ਬੀ. ਮੰਗਵਾ ਕੇ ਪਰਾਲੀ ਨੂੰ ਪਲਟ ਕੇ ਚੰਗੀ ਤਰ੍ਹਾਂ ਅੱਗ ਬੁਝਾਈ ਜਾਵੇਗੀ, ਤਾਂ ਕਿ ਅੱਗ ਦੁਬਾਰਾ ਨਾ ਲੱਗੇ। ਮੁਆਵਜ਼ੇ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਪਰਾਲੀ ਮਾਲਕ ਵੱਲੋਂ ਸਰਕਾਰ ਦੇ ਨਿਯਮਾਂ ਮੁਤਾਬਕ ਪਰਾਲੀ ਨੂੰ ਸਟੋਰ ਕਰ ਕੇ ਰੱਖਿਆ ਗਿਅਾ ਸੀ ਤਾਂ ਮੁਆਵਜ਼ੇ ਲਈ ਸਰਕਾਰ ਤੱਕ ਅਾਵਾਜ਼ ਜ਼ਰੂਰ ਪਹੁੰਚਾਉਣਗੇ। ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਤਫਤੀਸ਼ ਵਿਚ ਜੁਟੇ ਹੋਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਡੀ. ਐੱਸ. ਪੀ. ਮਲੋਟ, ਐੱਸ. ਐੱਚ. ਓ. ਮਲੋਟ, ਨਾਇਬ ਤਹਿਸੀਲਦਾਰ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ।
