ਦੁਰਗਾ ਪੂਜਾ 'ਚ ਸ੍ਰੀ ਹਰਿਮੰਦਿਰ ਸਾਹਿਬ ਵਰਗਾ ਪੰਡਾਲ,SGPC ਨੇ ਲਿਆ ਸਖਤ ਨੋਟਿਸ
Sunday, Oct 06, 2019 - 02:43 PM (IST)

ਸੰਗਰੂਰ (ਪੁਨੀਤ)—ਦਿੱਲੀ 'ਚ ਰਾਮਲੀਲਾ ਦੌਰਾਨ ਸਿੱਖ ਗੁਰੂ ਦਾ ਭੇਸ ਬਣਾ ਕੁਝ ਕਲਾਕਾਰਾਂ ਵਲੋਂ ਮੂਲਮੰਤਰ 'ਤੇ ਡਾਂਸ ਕਰਨ ਤੋਂ ਬਾਅਦ ਹੁਣ ਕਲਕੱਤਾ 'ਚ ਦੁਰਗਾ ਪੂਜਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਪੰਡਾਲ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸਦਾ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਸਿੱਖ ਪੰਥ ਖਿਲਾਫ ਆਏ ਦਿਨ ਹੋ ਰਹੀਆਂ ਕਾਰਵਾਈਆਂ ਨੂੰ ਸੋਚੀ-ਸਮਝੀ ਸਾਜ਼ਿਸ਼ ਦੱਸਿਆ, ਜਿਨ੍ਹਾਂ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ 'ਚ ਨਾ ਸਿਰਫ ਸਖਤ ਕਾਰਵਾਈ ਕੀਤੀ ਜਾਵੇਗੀ ਸਗੋਂ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਸਰਕਾਰ ਨੂੰ ਵੀ ਲਿਖਿਆ ਜਾਵੇਗਾ।
ਦੱਸਣਯੋਗ ਹੈ ਕਿ ਕਦੇ ਮੇਟਸ 'ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ,ਕਦੇ ਮੂਲਮੰਤਰ 'ਤੇ ਡਾਂਸ ਤੇ ਹੁਣ ਹਰਮਿੰਦਰ ਸਾਹਿਬ ਵਰਗਾ ਪੰਡਾਲ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਨਾ ਕੋਈ ਮਾਮਲਾ ਅਕਸਰ ਸਾਹਮਣਾ ਆਉਂਦਾ ਰਹਿੰਦਾ ਹੈ। ਲੋੜ ਹੈ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਦੀ , ਤਾਂ ਜੋ ਆਪਸੀ ਭਾਈਚਾਰਕ ਸਾਂਝ ਬਣੀ ਰਹੇ।