ਭਾਈ ਲੌਂਗੋਵਾਲ ਦਾ ਸ਼੍ਰੋਮਣੀ ਕਮੇਟੀ ਦਾ ਮੁੜ ਪ੍ਰਧਾਨ ਬਣਨਾ ਤੈਅ!

11/14/2019 11:09:01 AM

ਪਟਿਆਲਾ/ਰੱਖੜਾ (ਰਾਣਾ)—ਸਿੱਖਾਂ ਦੀ ਪ੍ਰਤੀਨਿੱਧਤਾ ਕਰਨ ਵਾਲੀ ਅਤੇ ਗੁਰਧਾਮਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਾਰਕਾਰਨੀ ਦੀ ਚੋਣ ਲਈ ਜਨਰਲ ਅਜਲਾਸ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦਿਆ ਗਿਆ ਹੈ। ਇਸ ਵਿਚ ਪ੍ਰਧਾਨ ਸਮੇਤ ਕਾਰਕਾਰਨੀ ਦੀ ਚੋਣ ਹੋਵੇਗੀ। ਜਿਵੇਂ ਕਿ ਪਿਛਲੀਆਂ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ ਕਿ ਐੱਸ. ਜੀ. ਪੀ. ਸੀ. 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਤੌਰ 'ਤੇ ਕਬਜ਼ਾ ਹੈ। ਸ਼੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਨਾਲ ਹੀ ਐੱਸ. ਜੀ. ਪੀ. ਸੀ. ਪ੍ਰਧਾਨਗੀ ਲਈ ਨਾਂ ਤਜਵੀਜ਼ ਕੀਤਾ ਜਾਂਦਾ ਹੈ। ਹਾਲਾਂਕਿ ਐੱਸ. ਜੀ. ਪੀ. ਸੀ. ਦੀ ਕਾਰਜ-ਸ਼ੈਲੀ ਅਤੇ ਗੁਰਦੁਆਰਾ ਕਾਨੂੰਨ ਮੁਤਾਬਕ ਹੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਂਦੀ ਹੈ। ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਸਿੱਧੀ ਸਹਿਮਤੀ ਨਾਲ ਹੀ ਸਮੁੱਚੀ ਪ੍ਰਕਿਰਿਆ ਸਿਰੇ ਚੜ੍ਹਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਿਭਾਈ ਭੂਮਿਕਾ ਦੇ ਮੱਦੇਨਜ਼ਰ ਪਿਛਲੀਆਂ ਦੋ ਟਰਮਾਂ ਦੀ ਤਰ੍ਹਾਂ ਇਸ ਵਾਰ ਵੀ ਲੌਂਗੋਵਾਲ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੀ ਸਮਝਿਆ ਜਾ ਰਿਹਾ ਹੈ। ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਾਂਡਾਂ ਕਾਰਣ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਢਾਹ ਲੱਗੀ ਹੈ। ਇਸ ਕਾਰਣ ਹੀ ਉਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਸ ਨੁਕਸਾਨੀ ਗਈ ਪੰਥਕ ਦਿੱਖ ਨੂੰ ਮੁੜ ਬਹਾਲ ਕਰਨ ਲਈ, ਵਧਾਉਣ ਅਤੇ ਸਜਾਉਣ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਐੱਸ. ਜੀ. ਪੀ. ਸੀ. ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਜੋ 'ਆਕਸੀਜਨ' ਦਿੱਤੀ ਗਈ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ।

ਇੰਨਾ ਹੀ ਨਹੀਂ, ਐੱਸ. ਜੀ. ਪੀ. ਸੀ. ਨੇ ਪੰਜਾਬ ਦੀ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਸਾਂਝੇ ਤੌਰ 'ਤੇ ਸਟੇਜ ਲਾਉਣ ਦੇ ਯਤਨ ਕਰਨ ਉਪਰੰਤ ਵੱਖਰੇ ਤੌਰ 'ਤੇ ਸਟੇਜ ਲਾ ਕੇ ਜਿਥੇ ਸਿੱਖਾਂ ਅੰਦਰ ਕਾਂਗਰਸ ਪਾਰਟੀ ਦੇ ਸਿੱਖ ਵਿਰੋਧੀ ਹੋਣ ਦੀ ਮਿੱਥ ਨੂੰ ਪੱਕਿਆਂ ਕੀਤਾ ਹੈ, ਉਥੇ ਹੀ ਐੱਸ. ਜੀ. ਪੀ. ਸੀ. ਦੇ ਸਮਾਗਮਾਂ ਅੰਦਰ ਸ਼੍ਰੋਮਣੀ ਅਕਾਲੀ ਦੀ ਸਮੁੱਚੀ ਲੀਡਰਸ਼ਿੱਪ ਦੇ ਨਾਲ-ਨਾਲ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ, ਮੰਤਰੀਆਂ ਅਤੇ ਅਫਸਰਸ਼ਾਹੀ ਵਿਚ ਵੀ ਆਪਣੀ ਪੈਂਠ ਨੂੰ ਵੀ ਮਜ਼ਬੂਤ ਕੀਤਾ ਹੈ। ਸਮੁੱਚੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਯੂਥ ਵਿੰਗ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਆਗੂਆਂ ਵਿਚ ਭਾਈ ਲੌਂਗੋਵਾਲ ਨੇ ਆਪਣੀ ਸੂਝ-ਬੂਝ ਤੇ ਕਾਬਲੀਅਤ ਦੀ ਛਾਪ ਛੱਡੀ ਹੈ। ਇਸ ਦੇ ਨਾਲ ਹੀ ਐੱਸ. ਜੀ. ਪੀ. ਸੀ. ਦੇ ਮੌਜੂਦਾ ਇਕ ਸਾਲ ਦੇ ਕਾਰਜਕਾਲ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਦੀ ਪਛਾਣ ਮਜ਼ਬੂਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਗੁਰਦੁਆਰਾ ਪ੍ਰਬੰਧਾਂ ਵਿਚ ਵੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।

ਭਾਵੇਂ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਪ੍ਰਧਾਨਗੀ ਲਈ ਫਾਈਨਲ ਹੀ ਸਮਝਿਆ ਜਾ ਰਿਹਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਸਰਗਰਮ ਹਾਜ਼ਰੀ ਨੇ ਵੀ ਸਿੱਖ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ ਕਿ ਆਉਣ ਵਾਲੀ ਚੋਣ ਵਿਚ ਬੀਬੀ ਜਗੀਰ ਦਾ ਨਾਂ ਵੀ ਵਿਚਾਰਿਆ ਜਾ ਸਕਦਾ ਹੈ। ਫਿਲਹਾਲ ਇਨ੍ਹਾਂ ਦੋ ਚਿਹਰਿਆਂ ਤੋਂ ਇਲਾਵਾ ਪ੍ਰਧਾਨਗੀ ਲਈ ਕੋਈ ਹੋਰ ਚਿਹਰਾ ਸਰਗਰਮੀ ਦਿਖਾਉਂਦਾ ਨਜ਼ਰ ਨਹੀਂ ਆ ਰਿਹਾ। ਦਰਵੇਸ਼ ਸ਼ਖਸੀਅਤ ਅਤੇ ਸਿੱਖ ਸਕਾਲਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਵੀ 550 ਸਾਲਾ ਸਮਾਗਮਾਂ ਵਿਚ ਸਰਗਰਮ ਭੂਮਿਕਾ ਨਿਭਾਈ ਹੈ। ਵਿੱਦਿਅਕ ਅਦਾਰਿਆਂ ਵਿਚ ਕਰਵਾਏ ਬਹੁਤੇ ਸਮਾਗਮਾਂ ਵਿਚ ਹਾਜ਼ਰੀ ਲਵਾਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਐੱਸ. ਜੀ. ਪੀ. ਸੀ. ਦੇ ਸਮੁੱਚੇ ਮੈਂਬਰਾਂ ਅਤੇ ਸਿੱਖ ਚਿਹਰਿਆਂ ਵਿਚੋਂ ਪ੍ਰੋ. ਬਡੂੰਗਰ ਵੱਧ ਪੜ੍ਹੇ-ਲਿਖੇ, ਸਿੱਖ ਧਰਮ, ਗੁਰਬਾਣੀ, ਗੁਰਬਾਣੀ ਉਚਾਰਣ, ਫਿਲਾਸਫੀ ਤੇ ਇਤਿਹਾਸ ਤੇ ਡੂੰਘੀ ਪਕੜ ਰਖਦੇ ਹਨ।

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਮੁੜ ਭਾਈ ਲੌਂਗੋਵਾਲ 'ਤੇ ਭਰੋਸਾ ਪ੍ਰਗਟਾਅ ਸਕਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਆਪਣੇ ਜਾਂ ਪਾਰਟੀ ਖਿਲਾਫ ਬਗਾਵਤ ਕਰਨ ਵਾਲੇ ਨੂੰ ਉੱਚਾ ਅਹੁਦਾ ਨਹੀਂ ਦਿੱਤਾ। ਜੇ ਦਿੱਤਾ ਤਾਂ ਦੁਬਾਰਾ ਨਹੀਂ ਦਿੱਤਾ। ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਲਈ ਜੱਦੋ-ਜਹਿਦ ਕਰਨ ਵਾਲੇ ਅਤੇ ਸਿਰਫ ਪ੍ਰਧਾਨਗੀ ਪਿੱਛੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੇ ਬਗਾਵਤ ਕਰ ਦਿੱਤੀ ਸੀ। ਇਸ ਟਰਮ ਮੌਕੇ ਇਨ੍ਹਾਂ ਬਾਗੀ ਆਗੂਆਂ ਵਿਚੋਂ ਕਿਸੇ ਇਕ ਦਾ ਨਾਂ ਵਿਚਾਰਿਆ ਜਾ ਸਕਦਾ ਸੀ, ਜੇ ਇਨ੍ਹਾਂ ਪਾਰਟੀ ਵਿਰੁੱਧ ਬਗਾਵਤ ਨਾ ਕੀਤੀ ਹੁੰਦੀ। ਫਿਲਹਾਲ ਇਨ੍ਹਾਂ ਨੂੰ ਛੱਡ ਕੇ ਹੋਰ ਕੋਈ ਸੀਨੀਅਰ ਆਗੂ ਨਜ਼ਰ ਨਹੀਂ ਆਉਂਦਾ, ਜਿਸ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾਇਆ ਜਾ ਸਕਦਾ ਹੋਵੇ।


Shyna

Content Editor

Related News