ਪਿੰਡ ਬਾਦਲ ਖੁਰਦ ਦੀ ਸੰਗਤ ਨੇ ਕੀਤਾ ਢੱਡਰੀਆਂ ਵਾਲਿਆਂ ਦੇ ਹੱਕ ਦਾ ਖੜ੍ਹਣ ਦਾ ਐਲਾਨ
Wednesday, Mar 04, 2020 - 05:15 PM (IST)
ਭਵਾਨੀਗੜ੍ਹ (ਵਿਕਾਸ) : ਨੇੜਲੇ ਪਿੰਡ ਬਾਦਲ ਖ਼ੁਰਦ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਅੱਜ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਖੜ੍ਹਨ ਦਾ ਫੈਸਲਾ ਲਿਆ ਹੈ। ਇਸ ਮੌਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ 'ਚ ਆਏ ਸੁਖਮਨ ਸਿੰਘ, ਬੁੱਧ ਸਿੰਘ ਬਾਲਦ ਖੁਰਦ, ਬਹਾਦਰ ਸਿੰਘ, ਅਜੈਬ ਸਿੰਘ ਆਦਿ ਨੇ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਪਿਛਲੇ ਕੁਝ ਸਾਲਾਂ ਤੋਂ 'ਨਿਰੋਲ ਗੁਰਮਤਿ' ਦਾ ਪ੍ਰਚਾਰ ਕਰ ਰਹੇ ਹਨ, ਜਦੋਂਕਿ ਉਨ੍ਹਾਂ ਦੇ ਪ੍ਰਚਾਰ ਤੋਂ ਪੁਜਾਰੀਵਾਦ ਅਤੇ ਸੰਪ੍ਰਦਾਈਆਂ ਨੂੰ ਤਕਲੀਫ਼ ਹੋ ਰਹੀ ਹੈ। ਧਰਮ ਦੀ ਆੜ ਹੇਠ ਧੰਦਾ ਕਰਨ ਵਾਲਾ ਪੁਜਾਰੀ ਲਾਣਾ ਢੱਡਰੀਆਂ ਵਾਲੇ ਦੇ ਦੀਵਾਨ ਰੋਕਣ 'ਤੇ ਉਤਾਰੂ ਹੋ ਰਿਹਾ ਹੈ। ਦੇਸ਼ ਦੇ ਸੰਵਿਧਾਨ ਮੁਤਾਬਕ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਜਾ ਕਹਿਣ ਦਾ ਪੂਰਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਨੇ ਅਗਲੇ 6 ਮਹੀਨੇ ਦੇ ਦੀਵਾਨ ਰੱਦ ਕਰ ਦਿੱਤੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਸੰਗਤਾਂ ਵੱਲੋਂ ਆਰੰਭ ਕਰ ਦਿੱਤੀਆਂ ਗਈਆਂ ਸਨ, ਇਸ ਕਰਕੇ ਪੁਜਾਰੀਆਂ ਅਤੇ ਟਕਸਾਲੀਆਂ ਦੀ ਗੁੰਡਾਗਰਦੀ ਪ੍ਰਤੀ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਮੁੱਚੀਆਂ ਸੰਗਤਾਂ ਸਾਹਮਣੇ ਟੀ. ਵੀ. 'ਤੇ ਸਵਾਲ-ਜਵਾਬ ਕਰਨ ਦਾ ਜਥੇਦਾਰਾਂ ਅਤੇ ਟਕਸਾਲੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਜਦੋਂਕਿ ਹੁਣ ਉਹ ਲੋਕ ਵਿਚਾਰ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਮੁੱਚੀ ਸੰਗਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਲਏ ਗਏ ਫੈਸਲੇ ਨਾਲ ਖੜ੍ਹੀ ਹੈ ਅਤੇ ਮੰਗ ਕਰਦੀ ਹੈ ਕਿ ਧਰਮ ਦੀ ਆੜ ਹੇਠ ਗੁੰਡਾਗਰਦੀ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਜੀ ਵਲੋਂ ਨਕਲੀ ਨਿਰੰਕਾਰੀ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਜੱਥੇਦਾਰ ਜੀ ਬਿਆਨ ਦੇਣ ਤੋਂ ਪਹਿਲਾਂ ਕੁੱਝ ਤਾਂ ਸੋਚ ਲੈਂਦੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੱਥੇਦਾਰ ਉਨ੍ਹਾਂ 'ਤੇ ਨਕਲੀ ਨਿਰੰਕਾਰੀ ਹੋਣਾ ਸਾਬਿਤ ਕਰ ਦੇਣ ਤਾਂ ਉਹ ਧਾਰਮਿਕ ਸਟੇਜਾਂ ਤੋਂ ਬਾਅਦ ਆਪਣਾ ਧਾਰਮਿਕ ਅਸਥਾਨ 'ਪ੍ਰਮੇਸ਼ਵਰ ਦੁਆਰ' ਵੀ ਛੱਡ ਦੇਣਗੇ। ਭਾਈ ਰਣਜੀਤ ਸਿੰਘ ਨੇ ਜਾਰੀ ਵੀਡੀਓ ਦੌਰਾਨ ਕਿਹਾ ਕਿ ਜੱਥੇਦਾਰ ਜੀ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱਖ ਲੱਗਿਆ, ਉਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁੱਝ ਜੱਥੇਬੰਦੀਆਂ ਵਲੋਂ ਉਨ੍ਹਾਂ 'ਤੇ ਜੋ ਦੋਸ਼ ਲਾਏ ਗਏ ਹਨ, ਉਹ ਸਾਬਿਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਵੀ ਜੱਥੇਦਾਰ ਜੀ ਨੇ ਇਹ ਬਿਆਨ ਜਾਰੀ ਕਰ ਦਿੱਤਾ, ਇਸ ਲਈ ਉਹ ਸਾਬਿਤ ਕਰਕੇ ਦਿਖਾਉਣ ਕਿ ਉਹ ਨਕਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵੱਧ ਰਹੇ ਹਨ ਤਾਂ ਉਹ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਣਗੇ।
ਇਹ ਵੀ ਪੜ੍ਹੋ : ਧਾਰਮਿਕ ਸਟੇਜਾਂ ਤੋਂ ਬਾਅਦ 'ਪ੍ਰਮੇਸ਼ਵਰ ਦੁਆਰ' ਵੀ ਛੱਡਣਗੇ 'ਢੱਡਰੀਆਂ ਵਾਲੇ'!