ਪੰਜਾਬ ਉਪ ਚੋਣਾਂ : ਤਿੰਨੋਂ ਪਾਰਟੀਆਂ ਦੇ ਜ਼ਿਆਦਾਤਰ ਸਟਾਰ ਪ੍ਰਚਾਰਕਾਂ ਦੇ ਨਹੀਂ ਹੋਏ ਦਰਸ਼ਨ

10/17/2019 9:50:33 AM

ਲੁਧਿਆਣਾ(ਹਿਤੇਸ਼) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋ ਰਹੀ ਉਪ ਚੋਣ ਵਿਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ ਪਰ ਤਿੰਨੋਂ ਪ੍ਰਮੁੱਖ ਪਾਰਟੀਆਂ ਵੱਲੋਂ ਐਲਾਨੇ ਗਏ ਸਟਾਰ ਪ੍ਰਚਾਰਕਾਂ ਦੇ ਹੁਣ ਤੱਕ ਦਰਸ਼ਨ ਹੀ ਨਹੀਂ ਹੋਏ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ, ਬਿਕਰਮ ਮਜੀਠੀਆ ਉਪ ਚੋਣ ਦੌਰਾਨ ਹਲਕਾ ਦਾਖਾ ਅਤੇ ਜਲਾਲਾਬਾਦ 'ਚ ਲਗਾਤਾਰ ਪ੍ਰਚਾਰ ਕਰ ਰਹੇ ਹਨ ਅਤੇ ਇਨ੍ਹਾਂ ਦੋਵਾਂ ਸੀਟਾਂ 'ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਤੋਂ ਇਲਾਵਾ ਵੱਡੇ ਨੇਤਾਵਾਂ ਦੀ ਡਿਊਟੀ ਲਾਈ ਗਈ ਹੈ।

ਇਸੇ ਤਰ੍ਹਾਂ ਭਾਜਪਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਸੀਟ 'ਤੇ ਪੱਕਾ ਡੇਰਾ ਲਾਇਆ ਹੋਇਆ ਹੈ ਅਤੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਨਾਲ ਪਾਰਟੀ ਦੇ ਦੂਜੇ ਵੱਡੇ ਨੇਤਾ ਵੀ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਉਸ ਵੱਲੋਂ ਚਾਰੇ ਸੀਟਾਂ 'ਤੇ ਮੰਤਰੀਆਂ, ਐੱਮ. ਪੀਜ਼, ਵਿਧਾਇਕਾਂ ਤੋਂ ਇਲਾਵਾ ਹਰ ਛੋਟੇ, ਵੱਡੇ ਆਗੂਆਂ ਦੀ ਡਿਊਟੀ ਲਾਈ ਗਈ ਹੈ ਪਰ ਉਨ੍ਹਾਂ 'ਚੋਂ ਕਈ ਪ੍ਰਮੁੱਖ ਨੇਤਾ ਕੁਝ ਦਿਨ ਪਹਿਲਾਂ ਤੱਕ ਉਨ੍ਹਾਂ ਨੂੰ ਮਿਲੇ ਇਲਾਕੇ 'ਚ ਨਹੀਂ ਪੁੱਜੇ ਸਨ, ਜਿਸ ਸਬੰਧੀ ਰਿਪੋਰਟ ਮਿਲਣ 'ਤੇ ਚੀਫ ਮਨਿਸਟਰ ਨੇ ਘੁਰਕੀ ਦਿੱਤੀ ਤਾਂ ਹਾਲਾਤ ਵਿਚ ਕੁਝ ਬਦਲਾਅ ਹੋਇਆ।

ਇਹੀ ਨਹੀਂ, ਖੁਦ ਕੈਪਟਨ ਅਮਰਿੰਦਰ ਸਿੰਘ ਵੀ ਮੰਗਲਵਾਰ ਤੋਂ ਹੀ ਪਹਿਲੇ ਦਿਨ ਚੋਣ ਪ੍ਰਚਾਰ ਲਈ ਫੀਲਡ 'ਚ ਉੱਤਰੇ ਹਨ ਅਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਉਨ੍ਹਾਂ ਦੇ ਨਾਲ ਹੀ ਪਹਿਲੇ ਦਿਨ ਦਿਖਾਈ ਦਿੱਤੀ। ਇਸ ਤੋਂ ਵੀ ਵਧ ਕੇ ਮਾਮਲਾ ਇਹ ਹੈ ਕਿ ਉਪਰੋਕਤ ਤਿੰਨੋਂ ਪ੍ਰਮੁੱਖ ਪਾਰਟੀਆਂ ਵੱਲੋਂ ਸਟਾਰ ਪ੍ਰਚਾਰਕਾਂ ਦੀ ਜੋ ਲਿਸਟ ਚੋਣ ਕਮਿਸ਼ਨ ਨੂੰ ਦਿੱਤੀ ਗਈ, ਉਨ੍ਹਾਂ 'ਚੋਂ ਜ਼ਿਆਦਾਤਰ ਨੇਤਾ ਹੁਣ ਤੱਕ ਫੀਲਡ ਤੋਂ ਗਾਇਬ ਚੱਲ ਰਹੇ ਹਨ।

ਸੰਨੀ ਦਿਓਲ ਨੇ ਪੰਜਾਬ ਦੀ ਬਜਾਏ ਮਹਾਰਾਸ਼ਟਰ ਨੂੰ ਦਿੱਤੀ ਪਹਿਲ
ਸੰਨੀ ਦਿਓਲ ਵੈਸੇ ਤਾਂ ਪੰਜਾਬ ਦੇ ਗੁਰਦਾਸਪੁਰ ਤੋਂ ਐੱਮ. ਪੀ. ਬਣੇ ਹਨ ਅਤੇ ਭਾਜਪਾ ਵੱਲੋਂ ਉਨ੍ਹਾਂ ਦਾ ਨਾਂ ਉਪ ਚੋਣ ਲਈ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਸੰਨੀ ਦਿਓਲ ਵੱਲੋਂ ਪੰਜਾਬ ਦੀ ਬਜਾਏ ਮਹਾਰਾਸ਼ਟਰ 'ਚ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਕੈਪਟਨ ਦੇ ਤਿੰਨੋਂ ਵਿਰੋਧੀਆਂ ਨੇ ਵੀ ਬਣਾਈ ਦੂਰੀ
ਵੈਸੇ ਤਾਂ ਅੰਬਿਕਾ ਸੋਨੀ, ਪ੍ਰਨੀਤ ਕੌਰ ਅਤੇ ਕਈ ਨੇਤਾਵਾਂ ਨੇ ਹੁਣ ਤੱਕ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਮੋਰਚਾ ਨਹੀਂ ਸੰਭਾਲਿਆ ਪਰ ਮੁੱਖ ਰੂਪ ਨਾਲ ਚਰਚਾ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਵਿਰੋਧੀਆਂ ਨਵਜੋਤ ਸਿੱਧੂ, ਪ੍ਰਤਾਪ ਬਾਜਵਾ, ਸ਼ਮਸ਼ੇਰ ਸਿੰਘ ਦੁਲੋ ਦੀ ਹੋ ਰਹੀ ਹੈ, ਜਿਨ੍ਹਾਂ ਦੇ ਨਾਂ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕਰਨ ਦੇ ਬਾਵਜੂਦ ਉਨ੍ਹਾਂ ਨੇ ਉਪ ਚੋਣ ਤੋਂ ਦੂਰੀ ਬਣਾਈ ਹੋਈ ਹੈ।


cherry

Content Editor

Related News