‘ਪੱਕੇ ਮੋਰਚੇ’ ਦੇ 47ਵੇਂ ਦਿਨ ਕੱਢਿਆ ਸਰਕਾਰ ਦਾ ਜਨਾਜ਼ਾ
Friday, Nov 23, 2018 - 05:59 AM (IST)

ਪਟਿਆਲਾ, (ਜੋਸਨ, ਬਲਜਿੰਦਰ)- ਅਧਿਆਪਕਾਂ ਨੇ ‘ਪੱਕੇ ਮੋਰਚੇ’ ਦੇ 47ਵੇਂ ਦਿਨ ਪੰਜਾਬ ਸਰਕਾਰ ਦਾ ਜਨਾਜ਼ਾ ਕੱਢ ਕੇ ਆਰ-ਪਾਰ ਦੀ ਲਡ਼ਾਈ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇਥੇ ਜੁਡ਼ੇ ਸੈਂਕਡ਼ੇ ਅਧਿਆਪਕਾਂ ਨੇ ਧਰਨਾ ਠੋਕ ਕੇ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਅਧਿਆਪਕਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਦਿੰਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਅਧਿਆਪਕ ਨੇਤਾਵਾਂ ਨੇ ਕਿਹਾ ਕਿ ਐੈੱਸ. ਐੈੱਸ. ਏ., ਰਮਸਾ, ਆਦਰਸ਼ ਅਤੇ ਮਾਡਲ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ ਨੂੰ 65 ਤੋਂ 75 ਫੀਸਦੀ ਘਟਾਉਣ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਘਟੀਆ ਤਰੀਕੇ ਵਰਤੇ ਜਾ ਰਹੇ ਹਨ। ਇਸ ਦਾ ਅਧਿਆਪਕ ਮੂੰਹ-ਤੋਡ਼ ਜੁਆਬ ਦੇਣਗੇ। ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ-ਜ਼ਿੰਮੇਵਾਰਾਨਾ ਅਤੇ ਅਡ਼ੀਅਲ ਰਵੱਈਆ ਬਰਕਰਾਰ ਰਖਦਿਆਂ ਮੁੱਖ ਮੰਤਰੀ ਤੋਂ ਬਾਅਦ ਸਿੱਖਿਆ ਮੰਤਰੀ ਵੱਲੋਂ ਵੀ ਅੰਮ੍ਰਿਤਸਰ ਪ੍ਰਸ਼ਾਸਨ ਰਾਹੀਂ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਨਹੀਂ ਕੀਤੀ ਗਈ। ਇਸ ਤੋਂ ਖਫਾ ਹੋਏ ਅਧਿਆਪਕਾਂ ਨੇ 24 ਨਵੰਬਰ ਨੂੰ ਪੰਜਾਬ ਦੇ ਸਾਰੇ ਜ਼ਿਲਾ ਹੈੈੱਡਕੁਅਾਰਟਰਾਂ ’ਤੇ ਸਰਕਾਰ ਵਿਰੋਧੀ ਅਰਥੀ ਫੂਕ ਪ੍ਰਦਰਸ਼ਨ ਕਰਨ ਅਤੇ ਮੁੱਖ ਮੰਤਰੀ ਨੂੰ ਗੱਲਬਾਤ ਕਰ ਕੇ ਮਸਲਿਆਂ ਦਾ ਵਾਜਬ ਹੱਲ ਕੱਢਣ ਦੀ ਮੰਗ ਨੂੰ ਲੈ ਕੇ 2 ਦਸੰਬਰ ਨੂੰ ਪਟਿਆਲਾ ਸ਼ਹਿਰ ਨੂੰ ਹਰ ਪਾਸਿਓਂ ਵਿਆਪਕ ਤੌਰ ’ਤੇ ਜਾਮ ਕਰਨ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਨੇਤਾਵਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਸਬਰ ਨੂੰ ਪਰਖ ਰਹੀ ਹੈ। ਅਧਿਆਪਕ ਸਰਕਾਰ ਨੂੰ ਉਲਟਾਉਣ ਦੀ ਸਮੱਰਥਾ ਰਖਦੇ ਹਨ। ਉਨ੍ਹਾਂ ਕਿਹਾ ਕਿ ਅੱਜ ਫਾਜ਼ਿਲਕਾ ਅਤੇ ਲੁਧਿਆਣਾ ਜ਼ਿਲਾ ਦੇ ਅਧਿਆਪਕਾਂ ਨੇ ਸੰਘਰਸ਼ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ। ਸਰਕਾਰ ਦੀ ਦਮਨਕਾਰੀ 15300 ਦੀ ਨੀਤੀ ਨੂੰ ਮੁੱਢ ਤੋਂ ਨਕਾਰਦੇ ਹੋਏ ਅਖੀਰ ਤੱਕ ਸੰਘਰਸ਼ ਵਿਚ ਟੇਕ ਰੱਖਣ ਦਾ ਪ੍ਰਣ ਕੀਤਾ। ®ਅਧਿਆਪਕ ਆਗੂਆਂ ਦਵਿੰਦਰ ਸਿੰਘ ਪੂਨੀਆ, ਹਰਦੀਪ ਟੋਡਰਪੁਰ, ਜਗਪਾਲ ਜਟਾਣਾ ਅਤੇ ਰਾਜਵਿੰਦਰ ਮੀਰ ਨੇ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਹੀਂ ਥਕਦੇ ਕਿ ਅਧਿਆਪਕ ਜਦੋਂ ਮਰਜ਼ੀ ਆ ਕੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਦੂਜੇ ਪਾਸੇ ਇਕ ਮੀਟਿੰਗ ਲੈਣ ਲਈ ਅਧਿਆਪਕ ਵਰਗ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਵਰਗੀਆਂ ਵਿਸ਼ਾਲ ਲੋਕ-ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਮੀਟਿੰਗ ਨੂੰ ਵੀ ਸਿੱਖਿਆ ਮੰਤਰੀ ਵੱਲੋਂ ਬਿਲਕੁੱਲ ਸਮੇਂ ’ਤੇ ਆ ਕੇ ਰੱਦ ਕਰ ਦਿੱਤਾ ਜਾਂਦਾ ਜੋ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਗੈਰ-ਜਮਹੂਰੀ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਸਿਖਰ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਅਤੇ ਫੈੈੱਡਰੇਸ਼ਨਾਂ ਨੂੰ ਨਾਲ ਲੈਂਦੇ ਹੋਏ ਪਟਿਆਲੇ ਸ਼ਹਿਰ ਨੂੰ ਸਾਰੇ ਪਾਸਿਆਂ ਤੋਂ ਘੇਰ ਕੇ ਨਾਕਾਬੰਦੀ ਕੀਤੀ ਜਾਵੇਗੀ। ਸੱਤਾ ਦੇ ਨਸ਼ੇ ਵਿਚ ਘੂਕ ਸੁੱਤੀ ਪਈ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ ਤਾਂ ਜੋ ‘ਸਬ-ਅੱਛਾ’ ਕਹਿਣ ਵਾਲਿਆਂ ਨੂੰ ਧਰਾਤਲੀ ਸਚਾਈ ਤੋਂ ਜਾਣੂ ਕਰਵਾਇਆ ਜਾ ਸਕੇ । ਅੱਜ ਦੇ ਮੁੱਖ ਬੁਲਾਰਿਆਂ ਵਿਚ ਭਰਤ ਕੁਮਾਰ, ਜਗਪਾਲ ਚਹਿਲ, ਬਲਰਾਜ ਜੋਸ਼ੀ, ਅਸ਼ਵਨੀ ਟਿੱਬਾ, ਗੁਰਦੀਪ ਬਹਿਣੀਵਾਲ, ਮਹਿੰਦਰ ਕੌਡ਼ਿਆਂਵਾਲੀ, ਰਾਜਵੀਰ ਸਮਰਾਲਾ, ਮਲਕੀਤ ਸਿੰਘ, ਮੈਡਮ ਡੇਜ਼ੀ ਮੋਦਗਿਲ ਅਤੇ ਅਮਨਪ੍ਰੀਤ ਮਨਿਆਣਾ ਆਦਿ ਸ਼ਾਮਲ ਸਨ।
ਭਰਤੀ ਦਾ ਇਸ਼ਤਿਹਾਰ ਜਾਰੀ ਨਾ ਹੋਣ ’ਤੇ ਭਡ਼ਕੇ ਬੇਰੋਜ਼ਗਾਰ ਬੀ. ਐੱਡ. ਅਧਿਆਪਕ
ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ’ਚ ਅਧਿਆਪਕ ਅਸਾਮੀਆਂ ਵੱਡੀ ਪੱਧਰ ’ਤੇ ਖਾਲੀ ਹੋਣ ਸਬੰਧੀ ਪੱਤਰਾਂ ’ਚ ਮੰਨ ਰਹੀ ਹੈ ਤਾਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਧਿਆਪਕਾਂ ਵਿਚ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਭ ਤੋਂ ਅਹਿਮ ਮਹਿਕਮਾ ਹੁੰਦਾ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਮਹਿਕਮੇ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ। ਇਕ ਪਾਸੇ ਸਰਕਾਰੀ ਖਜ਼ਾਨੇ ਦਾ ਮੂੰਹ ਮੰਤਰੀਆਂ ਨੂੰ ਲਗ਼ਜ਼ਰੀ ਕਾਰਾਂ ਦੇਣ ਲਈ ਖੋਲ੍ਹਿਆ ਜਾ ਰਿਹਾ ਹੈ। ਦੂਜੇ ਪਾਸੇ ਖਾਲੀ ਖਜ਼ਾਨੇ ਦੀ ਦੁਹਾਈ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ’ਚ ਅਧਿਆਪਕ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਹੋਣ ’ਤੇ ਯੂਨੀਅਨ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਮਾਨ, ਹਨੀ ਅਮਲੋਹ, ਵਿਨੋਦ ਕੁਮਾਰ ਲਾਲ ਬਹਾਦਰ ਸ਼ਾਸਤਰੀ, ਸੁਖਰਾਜ ਸਿੰਘ, ਵਿਕਾਸ ਕੰਬੋਜ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਸਿੰਘ, ਗੁਰਪ੍ਰੀਤ ਸਿੰਘ, ਬਿਕਰਮ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਗੁਰਪ੍ਰੀਤ ਰਾਏ, ਜਸ਼ਨ ਕੁਮਾਰ, ਜਸਮੀਤ ਲਲਕਾਰ, ਜਗਵਿੰਦਰ ਸਿੰਘ, ਮਨਜੀਤ ਕੌਰ, ਚਰਨਜੀਤ ਕੌਰ, ਅਮਨਦੀਪ ਕੌਰ, ਸਮਤਾ ਕੁਮਾਰੀ, ਸੋਨਲ, ਗੁਰਪ੍ਰੀਤ ਕੌਰ ਅਤੇ ਕੌਰ ਹਾਜ਼ਰ ਸਨ।