ਪੁਲਸ ਹੱਥ ਲੱਗੀ ਵੱਡੀ ਸਫਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 27 ਮੈਂਬਰ ਕਾਬੂ

04/19/2021 6:20:49 PM

 ਤਪਾ ਮੰਡੀ (ਸ਼ਾਮ, ਗਰਗ)-ਸਥਾਨਕ ਇਲਾਕੇ ਅੰਦਰ ਦਿਨੋ-ਦਿਨ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਹਰਕਤ ’ਚ ਆਏ ਪੁਲਸ ਪ੍ਰਸ਼ਾਸਨ ਦੇ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ, ਜਦੋਂ ਉਸ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 27 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਐੱਸ. ਪੀ. ਬਰਨਾਲਾ ਸ਼੍ਰੀ ਸੰਦੀਪ ਗੋਇਲ ਨੇ ਡੀ. ਐੱਸ. ਪੀ. ਤਪਾ ਦਫਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕੋਲੋਂ 4 ਕੁਇੰਟਲ ਤਾਂਬਾ, ਜੋ ਕਿਸਾਨਾਂ ਦੇ ਖੇਤਾਂ ’ਚ ਲੱਗੇ 27 ਟਰਾਂਸਫਾਰਮਰਾਂ ’ਚੋਂ ਚੋਰੀ ਕਰਦੇ ਸਨ, ਇਕ ਪਿਸਟਲ, 24 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਸਾਢੇ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਬਾਜ਼ਾਰੀ ਕੀਮਤ ਲੱਗਭਗ 3.50 ਕਰੋੜ ਰੁਪਏ ਦੱਸੀ ਜਾ ਰਹੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ’ਚੋਂ ਲਗਭਗ ਜ਼ਿਆਦਾਤਰ ਨੇੜਲੇ ਪਿੰਡ ਢਿੱਲਵਾਂ ਤੋਂ ਹਨ, ਜੋ ਆਪਣੇ ਨਸ਼ੇ ਦੀ ਪੂਰਤੀ ਲਈ ਠੱਗੀ ਚੋਰੀ ਕਰਦੇ ਸਨ। ਫੜੇ ਗਏ ਦੋਸ਼ੀਆਂ ਨੇ ਮਹਿੰਗੇ ਮੋਬਾਇਲ ਚੋਰੀ ਕਰ ਕੇ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਲਈ ਇਹ ਗਿਰੋਹ ਬਣਾਇਆ ਹੋਇਆ ਸੀ, ਜਿਸ ’ਚ ਉਹ ਮੋਟਰਸਾਈਕਲ, ਕਾਰ ਤੋਂ ਇਲਾਵਾ ਸੋਨੇ ਦੇ ਗਹਿਣੇ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਲਾਰ ਖੁਰਦ ਤੋਂ 1 ਕੁਇੰਟਲ 60 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਦੋਸ਼ੀ ਪਰਮਜੀਤ ਕੌਰ, ਨੀਨਾ ਰਾਣੀ, ਗੁਰਦੇਵ ਕੌਰ ਤੋਂ 320 ਗ੍ਰਾਮ ਨਸ਼ੇ ਵਾਲਾ ਚਿੱਟਾ ਪਾਊਡਰ, ਗੁਰਮੇਲ ਸਿੰਘ ਵਾਸੀ ਭਦੌੜ ਅਤੇ ਪਰਮਜੀਤ ਸਿੰਘ ਵਾਸੀ ਰਾਈਆ ਤੋਂ 3170 ਨਸ਼ੇ ਵਾਲੀਆਂ ਗੋਲੀਆਂ, ਅਸ਼ਵਨੀ ਸਿੰਘ ਉਰਫ ਘਾਚੀ, ਬੱਬੂ ਪੁੱਤਰ ਨਰਸੀ ਸਿੰਘ ਵਾਸੀ ਨੇੜੇ ਗੈਸ ਏਜੰਸੀ ਤਪਾ ਤੋਂ 1120 ਨਸ਼ੇ ਵਾਲੀਆਂ ਗੋਲੀਆਂ, ਗੁਰਜੀਤ ਸਿੰਘ ਵਾਸੀ ਘਨੌਰ ਕਲਾਂ ਅਤੇ ਸੁਖਵਿੰਦਰ ਕੌਰ ਵਾਸੀ ਬਰਨਾਲਾ ਤੋਂ 2185 ਨਸ਼ੇ ਵਾਲੀਆਂ ਗੋਲੀਆਂ, ਜਗਸੀਰ ਸਿੰਘ ਵਾਸੀ ਤਪਾ, ਸੰਦੀਪ ਸਿੰਘ ਵਾਸੀ ਬੁਰਜ ਫਤਿਹਗੜ੍ਹ, ਮਨਪ੍ਰੀਤ ਸਿੰਘ ਵਾਸੀ ਤਪਾ, ਮਲਕੀਤ ਸਿੰਘ ਵਾਸੀ ਆਵਾ ਬਸਤੀ ਤਪਾ, ਸੰਦੀਪ ਰਾਮ ਵਾਸੀ ਤਪਾ, ਧਰਮਾ ਸਿੰਘ ਵਾਸੀ ਤਪਾ ਤੋਂ 330 ਗ੍ਰਾਮ ਹੈਰੋਇਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ।

ਐੱਸ. ਐੱਸ. ਪੀ. ਬਰਨਾਲਾ ਸੰਦੀਪ ਗੋਇਲ ਨੇ ਅੱਗੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਢਿੱਲਵਾਂ, ਪੁਨੀਤ ਕੁਮਾਰ ਵਾਸੀ ਸੁਨਾਮ, ਸੰਦੀਪ ਕੁਮਾਰ ਵਾਸੀ ਤਪਾ, ਮੱਖਣ ਸ਼ਰਮਾ ਵਾਸੀ ਸੁਨਾਮ ਅਤੇ ਇੱਕ ਹੋਰ ਨੌਜਵਾਨ ਤੋਂ 17550 ਨਸ਼ੇ ਗੋਲੀਆਂ ਬਰਾਮਦ ਕੀਤੀਆਂ ਹਨ। ਐੱਸ. ਐੱਸ. ਪੀ. ਅਨੁਸਾਰ ਜਸਵੰਤ ਸਿੰਘ, ਕੁਲਵੰਤ ਸਿੰਘ, ਗੁਰਜੀਵਨ ਸਿੰਘ, ਸੁਖਵਿੰਦਰ ਸਿੰਘ, ਬੂਟਾ ਸਿੰਘ, ਹਰਮੇਲ ਸਿੰਘ, ਹਰਵਿੰਦਰ ਸਿੰਘ ਵਾਸੀਆਨ ਢਿੱਲਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਕਿਰਪਾਨ, ਲੋਹੇ ਦਾ ਦਾਤ, 5 ਮੋਬਾਇਲ, 4 ਕੁਇੰਟਲ ਤਾਂਬਾ, ਲਾਈਟਰ ਗੰਨ, ਸਵਿਫਟ ਕਾਰ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਪੁਲਸ ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਉੱਪਰ ਸਖ਼ਤੀ ਨਾਲ ਨਜ਼ਰ ਰੱਖੀ ਹੋਈ ਸੀ ਅਤੇ ਆਪਣੇ ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖਬਰਾਂ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਸਾਰੇ ਹੀ ਕਥਿਤ ਦੋਸ਼ੀਆਂ ਖਿਲਾਫ ਤਪਾ, ਰੂੜੇਕੇ ਕਲਾਂ, ਭਦੌੜ ਅਤੇ ਸ਼ਹਿਣਾ ਥਾਣਿਆਂ ’ਚ ਮਾਮਲੇ ਦਰਜ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ਚੋਰ ਤਾਂਬਾ ਚੋਰੀ ਕਰ ਕੇ ਅਪਣੇ ਖੇਤਾਂ ’ਚ ਟੋਏ ਪੁੱਟ ਕੇ ਰੱਖ ਦਿੰਦੇ ਸਨ ਅਤੇ ਨਸ਼ੇ ਦੀ ਪੂਰਤੀ ਲਈ ਥੋੜ੍ਹਾ-ਥੋੜ੍ਹਾ ਤਾਂਬਾ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਸਨ, ਜਿਸ ਨਾਲ ਹੋਰ ਵੀ ਵੱਡੇ ਖੁਲਾਸੇ ਸਾਹਮਣੇ ਆਉਣ ਦੀ ਉਮੀਦ ਹੈ। ਇਸ ਮੌਕੇ ਐੱਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. (ਡੀ) ਬ੍ਰਿਜ ਮੋਹਣ, ਡੀ. ਐੱਸ. ਪੀ. ਤਪਾ ਬਲਜੀਤ ਬਰਾੜ, ਸੀ. ਆਈ. ਏ. ਇੰਚਾਰਜ ਬਲਜੀਤ ਸਿੰਘ, ਐੱਸ. ਐੱਚ. ਓ. ਤਪਾ ਜਗਜੀਤ ਸਿੰਘ, ਐੱਸ. ਐੱਚ. ਓ. ਰੂੜੇਕੇ ਕਲਾਂ ਪਰਮਜੀਤ ਸਿੰਘ, ਐੱਸ. ਐੱਚ. ਓ. ਸ਼ਹਿਣਾ ਕਮਲਜੀਤ ਸਿੰਘ, ਐੱਸ. ਐੱਚ. ਓ. ਭਦੌੜ ਗੁਰਪ੍ਰੀਤ ਸਿੰਘ, ਐੱਸ. ਐੱਚ. ਓ. ਠੁੱਲੀਵਾਲ ਗੁਰਤਾਰ ਸਿੰਘ, ਸਬ-ਇੰਸਪੈਕਟਰ ਕੁਲਦੀਪ ਸਿੰਘ, ਸਬ-ਇੰਸਪੈਕਟਰ ਅੰਮ੍ਰਿਤ ਸਿੰਘ, ਸਬ-ਇੰਸਪੈਕਟਰ ਗੁਰਜੰਟ ਸਿੰਘ, ਸਬ-ਇੰਸਪੈਕਟਰ ਅਜੈਬ ਸਿੰਘ ਸਮੇਤ ਵੱਡੀ ਗਿਣਤੀ ਪੁਲਸ ਹਾਜ਼ਰ ਸੀ।


Manoj

Content Editor

Related News