ਇਲੈਕਟ੍ਰੋਨਿਕ ਲਾਇਟਾਂ ਦਾ ਵਧਿਆ ਰੁਝਾਨ, ਦੀਵੇ ਵੇਚਣ ਵਾਲਿਆਂ ਦੀ ਦੀਵਾਲੀ ਹੋਈ ਫਿੱਕੀ

Monday, Oct 24, 2022 - 12:58 PM (IST)

ਇਲੈਕਟ੍ਰੋਨਿਕ ਲਾਇਟਾਂ ਦਾ ਵਧਿਆ ਰੁਝਾਨ, ਦੀਵੇ ਵੇਚਣ ਵਾਲਿਆਂ ਦੀ ਦੀਵਾਲੀ ਹੋਈ ਫਿੱਕੀ

ਜਲਾਲਾਬਾਦ (ਜ. ਬ.) : ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਬਦਲ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਦੀਵਾਲੀ ਮੌਕੇ ਕਦੇ ਦੀਵਿਆਂ ਨਾਲ ਰੋਸ਼ਨਾਏ ਜਾਣ ਵਾਲੇ ਘਰ ਅੱਜ ਆਧੁਨਿਕਤਾ ਦੇ ਯੁੱਗ ’ਚ ਰੰਗ-ਬਿਰੰਗੀਆਂ ਇਲੈਕਟ੍ਰੋਨਿਕ ਲਾਇਟਾਂ ਨਾਲ ਸਜਾਏ ਜਾਣ ਲੱਗੇ ਹਨ ਤੇ ਬਾਜ਼ਾਰ ’ਚ ਸਸਤੀਆਂ ਤੇ ਚਾਇਨਜ਼ ਲਾਇਟਾਂ ਆਮ ਮਿਲਣ ਕਾਰਨ ਲੋਕਾਂ ਦਾ ਰੁਝਾਨ ਦੀਵਿਆਂ ਤੋਂ ਹਟ ਕੇ ਇਲੈਕਟ੍ਰੋਨਿਕ ਲਾਇਟਾਂ ਦੀ ਖ਼ਰੀਦਦਾਰੀ ’ਚ ਹੀ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਦੀਵਾਲੀ ਦੇ ਮੱਦੇਨਜ਼ਰ ਅੱਜ ਬਾਜ਼ਾਰਾਂ ’ਚ ਬਹੁਗਿਣਤੀ ਲੋਕ ਆਪਣੇ ਘਰਾਂ ਦੀ ਸਜਾਵਟ ਲਈ ਲਾਇਟਿੰਗ ਨੂੰ ਪਹਿਲ ਦਿੰਦੇ ਹੋਏ ਇਲੈਕਟ੍ਰੋਨਿਕ ਲਾਇਟਾਂ, ਲੜੀਆਂ ਆਦਿ ਖ਼ਰੀਦਦੇ ਦਿਖਾਈ ਦਿੱਤੇ ਤੇ ਇਨ੍ਹਾਂ ਦੁਕਾਨਾਂ ’ਤੇ ਗਾਹਕਾਂ ਦੀ ਭਾਰੀ ਭੀੜ ਵੀ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਲੋਕਾਂ ਨੂੰ ਦਿੱਤੀ ਵਧਾਈ

ਜਦਕਿ ਇਸ ਦੇ ਉਲਟ ਮਿੱਟੀ ਦੇ ਦੀਵੇ ਵੇਚਣ ਵਾਲੇ ਛੋਟੇ ਦੁਕਾਨਦਾਰ ਜਾਂ ਫੜੀਆ ਲਗਾ ਕੇ ਬੈਠੇ ਦੁਕਾਨਦਾਰ ਵਿਹਲੇ ਬੈਠੇ ਹੀ ਪ੍ਰਤੀਤ ਹੋਏ। ਕਿਉਂਕਿ ਜ਼ਿਆਦਾਤਰ ਲੋਕ ਆਪਣੀ ਦਿਲਚਸਪੀ ਚਾਇਨਜ਼ ਲਾਇਟਾਂ ਆਦਿ ਖ਼ਰੀਦਣ ’ਚ ਹੀ ਵਿਖਾ ਰਹੇ ਸਨ। ਜਿਸ ਦੇ ਕਾਰਨ ਦੀਵੇ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਝਲਕਦੀ ਮਾਯੂਸੀ ਸਮੇਂ ਦੀ ਮਾਰ ਨੂੰ ਬਿਆਨ ਕਰ ਰਹੀ ਸੀ। ਹਾਲਾਂਕਿ ਦੀਵਾਲੀ ਮੌਕੇ ਰਸਮੀ ਤੌਰ ’ਤੇ ਦੀਵੇ ਜਗਾਉਣ ਨੂੰ ਪਹਿਲ ਦੇਣ ਵਾਲੇ ਕਈ ਲੋਕ ਦੀਵਿਆਂ ਦੀ ਖ਼ਰੀਦਦਾਰੀ ਕਰਦੇ ਵੀ ਵੇਖੇ ਗਏ ਪਰ ਜੋ ਉਮੀਦ ਇਕ ਦੁਕਾਨਦਾਰ ਨੂੰ ਤਿਉਹਾਰ ਮੌਕੇ ਗਾਹਕਾਂ ਤੋਂ ਹੁੰਦੀ ਹੈ, ਦੀਵੇ ਵੇਚਣ ਵਾਲੇ ਦੁਕਾਨਦਾਰ ਉਸ ਉਮੀਦ ਤੋਂ ਸੱਖਣੇ-ਸੱਖਣੇ ਪ੍ਰਤੀਤ ਹੋਏ। ਜਦਕਿ ਤਿਉਹਾਰ ਮੌਕੇ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਦੀਵਾਲੀ ਮੌਕੇ ਹੋਰ ਅਨੇਕਾਂ ਖ਼ਰਚ ਕਰਦੇ ਹਨ ਤਾਂ ਕਿਸੇ ਦੂਜੇ ਦੇ ਘਰ ਵੀ ਦੀਵਾਲੀ ਦੀਆਂ ਖੁਸ਼ੀਆਂ ਪਹੁੰਚਣ, ਇਸ ਲਈ ਦੀਵੇ ਵੇਚਣ ਵਾਲਿਆਂ ਤੋਂ ਵੀ ਬਹੁਤੀ ਨਾ ਸਹੀ, ਥੋੜੀ ਖ਼ਰੀਦਦਾਰੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਹ ਤਿਉਹਾਰ ਕਿਸੇ ਲਈ ਮਾਯੂਸੀ ਦੀ ਬਜਾਏ ਹਰ ਕਿਸੇ ਲਈ ਖੁਸ਼ੀਆਂ ਦੇ ਮੌਕੇ ਲੈ ਕੇ ਆਵੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News