ਨਗਰ ਨਿਗਮ ਬਠਿੰਡਾ ਨੂੰ ਮਿਲੇਗਾ ਨਵਾਂ ਸੀਨੀਅਰ ਡਿਪਟੀ ਮੇਅਰ 4 ਨਵੰਬਰ ਨੂੰ ਜਨਰਲ ਹਾਊਸ ਮੀਟਿੰਗ ''ਚ ਹੋਵੇਗੀ ਚੋਣ
Monday, Nov 03, 2025 - 08:22 PM (IST)
            
            ਬਠਿੰਡਾ (ਵਿਜੈ ਵਰਮਾ)- ਨਗਰ ਨਿਗਮ ਬਠਿੰਡਾ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਖਾਲੀ ਪਿਆ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਅੱਜ ਭਰਿਆ ਜਾ ਰਿਹਾ ਹੈ। ਇਸ ਲਈ ਸੋਮਵਾਰ 4 ਨਵੰਬਰ ਦੁਪਹਿਰ 12:30 ਵਜੇ ਨਗਰ ਨਿਗਮ ਮੀਟਿੰਗ ਹਾਲ ਵਿੱਚ ਜਨਰਲ ਹਾਊਸ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਸਿਰਫ਼ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਵੇਗੀ। ਮੀਟਿੰਗ ਵਿੱਚ ਸ਼ਹਿਰ ਦੇ ਸਾਰੇ 50 ਪਾਰਸ਼ਦਾਂ ਦੇ ਨਾਲ ਨਿਗਮ ਅਧਿਕਾਰੀ ਅਤੇ ਹਲਕਾ ਵਿਧਾਇਕ ਵੀ ਸ਼ਾਮਲ ਹੋਣਗੇ। ਇਸ ਚੋਣ ਵਿੱਚ ਅਗਰਵਾਲ ਸਮਾਜ ਨਾਲ ਸੰਬੰਧਤ ਤਿੰਨ ਵਾਰ ਪਾਰਸ਼ਦ ਰਹੇ ਸ਼ਾਮ ਲਾਲ ਜੈਨ ਦਾ ਨਾਮ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆਇਆ ਹੈ। ਦੂਜੇ ਪਾਸੇ, ਕਾਂਗਰਸ ਨੇ ਆਪਣੇ ਉਮੀਦਵਾਰ ਵਜੋਂ ਦਲਿਤ ਸਮਾਜ ਨਾਲ ਸੰਬੰਧਤ ਪਾਰਸਦ ਹਰਵਿੰਦਰ ਸਿੰਘ ਲੱਡੂ ਨੂੰ ਮੈਦਾਨ ਵਿਚ ਉਤਾਰਿਆ ਹੈ। ਆਮ ਆਦਮੀ ਪਾਰਟੀ ਦਾ ਗੁੱਟ ਬਹੁਮਤ ਵਿੱਚ ਸ਼ਾਮ ਲਾਲ ਦੇ ਹੱਕ 'ਚ ਮਾਹੌਲ ਨਗਰ ਨਿਗਮ ਵਿਚ ਇਸ ਵੇਲੇ ਮੇਅਰ ਪਦਮਜੀਤ ਸਿੰਘ ਮਹਿਤਾ ਗੁੱਟ ਦੇ ਪਾਰਸ਼ਦ ਬਹੁਮਤ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਪਾਰਸ਼ਦ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਇੱਕਜੁੱਟ ਰਹਿਣਗੇ। ਆਮ ਆਦਮੀ ਪਾਰਟੀ ਨਾਲ ਜੁੜੇ ਪਾਰਸ਼ਦਾਂ ਦੀ ਗਿਣਤੀ ਦੇ ਅਧਾਰ 'ਤੇ ਸ਼ਾਮ ਲਾਲ ਜੈਨ ਦਾ ਸੀਨੀਅਰ ਡਿਪਟੀ ਮੇਅਰ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਕਾਂਗਰਸ ਦਾ ਦੋਵੇਂ ਅਹੁਦਿਆਂ ਦੀ ਚੋਣ ਇਕੱਠੇ ਕਰਵਾਉਣ ਦੀ ਮੰਗ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਦੇ ਨਾਲ ਨਾਲ ਡਿਪਟੀ ਮੇਅਰ ਦੀ ਚੋਣ ਵੀ ਇਕੱਠੇ ਕਰਵਾਉਣ ਦੀ ਮੰਗ ਕੀਤੀ ਹੈ। 
ਐਤਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਸਰਵਸੰਮਤੀ ਨਾਲ ਹਰਵਿੰਦਰ ਲੱਡੂ ਨੂੰ ਉਮੀਦਵਾਰ ਐਲਾਨਿਆ ਗਿਆ। ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਨਿਯਮਾਂ ਦੇ ਉਲਟ ਸਿਰਫ਼ ਇੱਕ ਅਹੁਦੇ ਦੀ ਚੋਣ ਕਰਵਾ ਰਹੀ ਹੈ, ਜਦਕਿ ਦੋਵੇਂ ਅਹੁਦੇ ਪਿਛਲੇ ਸੱਤ ਮਹੀਨਿਆਂ ਤੋਂ ਖਾਲੀ ਪਏ ਹਨ। ਰਾਜਨੀਤਿਕ ਤੇ ਜਾਤੀਗਤ ਸਮੀਕਰਨ ਨਗਰ ਨਿਗਮ ਵਿੱਚ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਦਲਿਤ ਸਮਾਜ ਨਾਲ ਸੰਬੰਧਤ ਅਸ਼ੋਕ ਪ੍ਰਧਾਨ ਦੇ ਹਟਣ ਤੋਂ ਬਾਅਦ ਖਾਲੀ ਸੀ। ਹੁਣ ਇਹ ਅਹੁਦਾ ਅਗਰਵਾਲ ਸਮਾਜ ਨੂੰ ਦਿੱਤਾ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼ਹਿਰ ਦੀ ਲਗਭਗ 60 ਫ਼ੀਸਦੀ ਆਬਾਦੀ ਅਗਰਵਾਲ ਸਮਾਜ ਨਾਲ ਜੁੜੀ ਹੋਈ ਹੈ, ਜਿਸ ਕਰਕੇ ਆਉਣ ਵਾਲੀਆਂ ਨਿਗਮ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਸਰਕਾਰ ਵਲੋਂ ਰਣਨੀਤਿਕ ਕਦਮ ਮੰਨਿਆ ਜਾ ਰਿਹਾ ਹੈ। ਨਗਰ ਨਿਗਮ ਦੇ ਪਹਿਲੇ ਕਾਰਜਕਾਲ (2011–2015) ਤੋਂ ਅੱਜ ਤੱਕ ਬਠਿੰਡਾ ਨਿਗਮ ਵਿੱਚ ਤਿੰਨ ਮੁੱਖ ਅਹੁਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਿੱਚ ਆਮ ਤੌਰ 'ਤੇ ਅਗਰਵਾਲ, ਦਲਿਤ ਅਤੇ ਸਿੱਖ ਜੱਟ ਸਮਾਜ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਇਸ ਵੇਲੇ ਮੇਅਰ ਅਹੁਦਾ ਅਗਰਵਾਲ ਸਮਾਜ ਨਾਲ ਸੰਬੰਧਤ ਪਦਮਜੀਤ ਸਿੰਘ ਮਹਿਤਾ ਕੋਲ ਹੈ, ਜਦਕਿ ਡਿਪਟੀ ਮੇਅਰ ਦਾ ਅਹੁਦਾ ਅਜੇ ਤੱਕ ਖਾਲੀ ਹੈ। ਫ਼ਰਵਰੀ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੋਵੇਂ ਅਹੁਦੇ ਖਾਲੀ ਹੋ ਗਏ ਸਨ। ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੂੰ ਦੋ-ਤਿਹਾਈ ਬਹੁਮਤ ਨਾਲ ਹਟਾਇਆ ਗਿਆ ਸੀ। ਹੁਣ ਸਾਰੀਆਂ ਨਿਗਾਹਾਂ ਅੱਜ ਦੁਪਹਿਰ ਹੋਣ ਵਾਲੀ ਚੋਣ 'ਤੇ ਟਿਕੀਆਂ ਹਨ, ਜਿਸ ਨਾਲ ਇਹ ਤੈਅ ਹੋਵੇਗਾ ਕਿ ਬਠਿੰਡਾ ਦਾ ਨਵਾਂ ਸੀਨੀਅਰ ਡਿਪਟੀ ਮੇਅਰ ਕੌਣ ਬਣੇਗਾ। ਸ਼ਾਮ ਲਾਲ ਜੈਨ ਜਾਂ ਹਰਵਿੰਦਰ ਸਿੰਘ ਲੱਡੂ।
