ਬਠਿੰਡਾ ’ਚ ਪਰਾਲੀ ਦੇ ਧੂੰਏਂ ਕਾਰਨ ਸਾਹ ਲੈਣਾ ਹੋਇਆ ਦੁੱਭਰ, AQI 306 ਤੋਂ ਪਾਰ
Tuesday, Nov 08, 2022 - 12:34 PM (IST)

ਬਠਿੰਡਾ (ਵਰਮਾ, ਸੁਖਵਿੰਦਰ) : ਮਹਾਨਗਰ ’ਚ ਪਰਾਲੀ ਸਾੜਨ ਕਾਰਨ ਨਿਕਲਦੇ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ। ਪੂਰੇ ਜ਼ਿਲ੍ਹੇ ਨੂੰ ਧੂੰਏਂ ਦੀ ਸੰਘਣੀ ਚਾਦਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ’ਚ ਏ. ਕਿਊ. ਆਈ. 306 ਦਾ ਅੰਕੜਾ ਪਾਰ ਕਰ ਗਿਆ ਹੈ, ਜਿਸ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਖੰਘ ਅਤੇ ਦਮੇ ਦੇ ਮਰੀਜ਼ਾਂ ਦੀ ਆਮਦ ਹੈ ਅਤੇ 53 ਫੀਸਦੀ ਲੋਕ ਹਵਾ ਪ੍ਰਦੂਸ਼ਣ ਕਾਰਨ ਖੰਘ, ਜ਼ੁਕਾਮ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਹਨ। ਇਹ ਸਮੱਸਿਆ ਪਿਛਲੇ 6-7 ਦਿਨਾਂ ਤੋਂ ਲਗਾਤਾਰ ਜਾਰੀ ਹੈ। ਜ਼ਿਲ੍ਹੇ ਵਿਚ ਹਵਾ ਪ੍ਰਦੂਸ਼ਣ ਇਸ ਹੱਦ ਤਕ ਵੱਧ ਗਿਆ ਹੈ ਕਿ ਬਾਹਰ ਨਿਕਲਦੇ ਹੀ ਅੱਖਾਂ ’ਚ ਜਲਣ ਹੋਣ ਲੱਗਦੀ ਹੈ। ਮੁੱਖ ਮਾਰਗਾਂ ਦੇ ਨੇੜੇ ਖੇਤਾਂ ਵਿਚ ਲੱਗੀ ਅੱਗ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਧੂੰਏਂ ਕਾਰਨ ਹਰ ਸਮੇਂ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸਰਕਾਰ ਪਰਾਲੀ ਦਾ ਸਹੀ ਨਿਪਟਾਰਾ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਸਥਿਤੀ ਬਹੁਤ ਡਰਾਉਣੀ ਬਣੀ ਹੋਈ ਹੈ। ਹਰ ਸਾਲ ਨਵੰਬਰ ਮਹੀਨੇ ਦੌਰਾਨ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਰਕਾਰਾਂ ਸਿਰਫ਼ ਵੋਟਾਂ ਇਕੱਠੀਆਂ ਕਰਨ ਤਕ ਹੀ ਸੀਮਤ ਰਹਿੰਦੀਆਂ ਹਨ ਅਤੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਂਦੀ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਰਫ਼ ਦਾਅਵੇ ਕਰਨ ਤਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਜ਼ਮੀਨੀ ਪੱਧਰ ’ਤੇ ਕਾਰਵਾਈ ਕਰ ਕੇ ਲੋਕਾਂ ਨੂੰ ਹਰ ਸਾਲ ਪੇਸ਼ ਆਉਂਦੀ ਇਸ ਸਮੱਸਿਆ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਦੇ ਸਹੀ ਹੱਲ ਲਈ ਗੰਭੀਰ ਨਹੀਂ ਹੈ। ਸਰਕਾਰ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਡਰ ਦਿਖਾਉਂਦੀ ਰਹਿੰਦੀ ਹੈ ਪਰ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਦੀ ਮਦਦ ਨਹੀਂ ਕਰਦੀ, ਜਿਸ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ।
ਪ੍ਰਦੂਸ਼ਣ ਨਾਲ ਕਈ ਬੀਮਾਰੀਆਂ ਫੈਲਣ ਦਾ ਡਰ : ਡਾਕਟਰ
ਸਿਹਤ ਵਿਭਾਗ ਅਤੇ ਡਾਕਟਰਾਂ ਅਨੁਸਾਰ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਤਰਨਾਕ ਮੁਕਾਮ ’ਤੇ ਆ ਗਿਆ ਹੈ, ਜੋ ਲੋਕ ਪਹਿਲਾਂ ਹੀ ਬੀਮਾਰ ਹਨ, ਉਨ੍ਹਾਂ ਨੂੰ ਘਰਾਂ ’ਚ ਹੀ ਰਹਿਣ ਦਿੱਤਾ ਜਾਵੇ। ਪ੍ਰਕਾਸ਼ ਹਸਪਤਾਲ ਦੇ ਡਾਕਟਰ ਸੌਰਵ ਮਿੱਤਲ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਨ ਕਈ ਬੀਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ। ਅਜਿਹੇ ’ਚ ਗਲੇ ’ਚ ਖਰਾਸ਼, ਅਸਥਮਾ, ਅੱਖਾਂ ’ਚ ਜਲਨ ਵਰਗੀਆਂ ਬੀਮਾਰੀਆਂ ਵਧਣ ਲੱਗਦੀਆਂ ਹਨ। ਜਿੰਦਲ ਹਾਰਟ ਦੇ ਡਾ. ਰਾਜੇਸ਼ ਜਿੰਦਲ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਦਿਲ ਦੇ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਹੌਲ ਵਿਚ ਦਿਨ ਦੀ ਸੈਰ ਵੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਹ ਰਾਹੀਂ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਜਿਸ ਦਾ ਸਿੱਧਾ ਅਸਰ ਫੇਫੜਿਆਂ ’ਤੇ ਪੈਂਦਾ ਹੈ। ਅੱਖਾਂ ਦੇ ਮਾਹਿਰ ਡਾ. ਜੀ. ਐੱਸ. ਖੁਰਾਣਾ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਇੰਨਾ ਖਤਰਨਾਕ ਹੁੰਦਾ ਹੈ ਕਿ ਅੱਖਾਂ ਜਲਣ ਲੱਗ ਜਾਂਦੀਆਂ ਹਨ ਅਤੇ ਲਾਲ ਹੋ ਜਾਂਦੀਆਂ ਹਨ। ਅਜਿਹੇ ’ਚ ਅੱਖਾਂ ’ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਸਤਿਅਮ ਹਾਰਟ ਹਸਪਤਾਲ ਦੇ ਐੱਮ. ਡੀ. ਡਾ. ਰਾਜੀਵ ਗਰਗ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਨਿਕਲਣ ਵਾਲਾ ਧੂੰਆਂ ਇੰਨਾ ਖਤਰਨਾਕ ਹੁੰਦਾ ਹੈ ਕਿ ਇਹ ਸਰੀਰ ਦੇ ਸਾਰੇ ਅੰਗਾਂ ਨੂੰ ਮਾਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਚਮੜੀ ਦੇ ਰੋਗ, ਦਿਲ ਦੇ ਰੋਗ ਅਤੇ ਹੋਰ ਘਾਤਕ ਬੀਮਾਰੀਆਂ ਹੁੰਦੀਆਂ ਹਨ। ਦਿਲ ਦੇ ਰੋਗੀਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ’ਤੇ ਮਾਸਕ ਪਹਿਨਣ ਦੀ ਲੋੜ ਹੁੰਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।