ਕੀ ਧਰਮਕੋਟ ਹਲਕੇ 'ਚ ਅਜੇ ਵੀ ਕੀਤੀ ਜਾ ਰਹੀ ਹੈ ਨਾਜਾਇਜ਼ ਮਾਈਨਿੰਗ?

Sunday, Apr 03, 2022 - 04:47 PM (IST)

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ 'ਚ ਨਵੀਂ ਬਣੀ ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਨਾਜਾਇਜ਼ ਮਾਈਨਿੰਗ ਨੂੰ ਪਹਿਲੇ ਦਿਨ ਹੀ ਬੰਦ ਕਰਵਾ ਦਿੱਤਾ ਜਾਵੇਗਾ ਪਰ ਮੋਗਾ ਜ਼ਿਲ੍ਹੇ ਦੇ ਧਰਮਕੋਟ ਹਲਕੇ ’ਚ ਪੈਂਦੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ 'ਚ ਕਥਿਤ ਨਾਜਾਇਜ਼ ਮਾਈਨਿੰਗ ਦਾ ਧੰਦਾ ਅੱਜ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ : 2 ਨਾਬਾਲਗ ਲੜਕੀਆਂ ਨੇ ਕਥਿਤ ਪ੍ਰੇਮੀਆਂ ’ਤੇ ਲਾਇਆ ਜਬਰ-ਜ਼ਿਨਾਹ ਦਾ ਦੋਸ਼

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਚਾਇਤੀ ਜ਼ਮੀਨ 'ਚੋਂ ਪਿਛਲੇ 3 ਸਾਲਾਂ ਤੋਂ ਚੋਰ ਮੋਰੀਆਂ ਰਾਹੀਂ ਕੱਢੀ ਜਾ ਰਹੀ ਇਸ ‘ਰੇਤਾ’ ਨੂੰ ਰੋਕਣ ਲਈ ਆਖਿਰਕਾਰ ਜਦੋਂ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਹੁਣ ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਸਰਕਾਰ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਧਰਮਕੋਟ ਹਲਕੇ ਦੇ ਪਿੰਡ ਮੰਦਰ ਦੀ ਪੰਚਾਇਤ ਵੱਲੋਂ ਸਰਪੰਚ ਅਮਰਜੀਤ ਕੌਰ ਦੇ ਪਤੀ ਅਤੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਜ਼ਿਲ੍ਹਾ ਪੁਲਸ ਮੁਖੀ ਮੋਗਾ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਹਨ, ਉਨ੍ਹਾਂ ਦੀਆਂ ਕਾਪੀਆਂ ਅਦਾਰਾ ‘ਜਗ ਬਾਣੀ’ ਕੋਲ ਮੌਜੂਦ ਹਨ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੀ 22 ਦਿਨ ਪਹਿਲਾਂ ਖਰੀਦੀ ਕਾਰ ਦੇ ਚਾਰੋਂ ਟਾਇਰ ਚੋਰੀ

ਸਾਬਕਾ ਸਰਪੰਚ ਜਰਨੈਲ ਸਿੰਘ ਨੇ ਮੁੱਖ ਮੰਤਰੀ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਦੋਸ਼ ਲਾਇਆ ਕਿ 3 ਸਾਲਾਂ ਤੋਂ ਪੰਚਾਇਤ ਦੀ 13 ਏਕੜ ਜ਼ਮੀਨ 'ਚੋਂ ਰੇਤਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕੋਟ ਈਸੇ ਖਾਂ ਨੂੰ ਵੀ ਸਰਪੰਚ ਸਮੇਤ ਪੰਚਾਇਤ ਦੇ ਸਮੁੱਚੇ 7 ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਸਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਦੇ ਨਾਲ ਕਿਸਾਨਾਂ ਦੀ ਜ਼ਮੀਨ ਵੀ ਇਸ ਰੇਤਾ ਦੇ ਖੱਡੇ ਕਾਰਨ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਰਸ਼ਨ ਸਿੰਘ ਨੇ ਵੀ ਇਸ ਖੱਡੇ ਵਿਰੁੱਧ ਕਾਰਵਾਈ ਲਈ ਪੰਚਾਇਤ ਨੂੰ ਸੂਚਿਤ ਕੀਤਾ ਸੀ।

ਇਹ ਵੀ ਪੜ੍ਹੋ : ਬੇਕਾਬੂ ਥਾਰ ਨੇ ਰੇਹੜੀ ਨੂੰ ਟੱਕਰ ਮਾਰਦਿਆਂ ਐਕਟਿਵਾ ਚਾਲਕ ਨੂੰ ਦਰੜਿਆ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਟਸਐਪ ’ਤੇ ਸ਼ਿਕਾਇਤ ਭੇਜੇ ਵੀ 4 ਦਿਨ ਲੰਘ ਗਏ ਹਨ ਅਤੇ ਉਨ੍ਹਾਂ ਵੀ ਇਸ ਮਾਮਲੇ ’ਤੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ, ਜਦੋਂ ਕਿ ‘ਆਪ’ ਦਾ ਵਾਅਦਾ ਸੀ ਕਿ ਸਰਕਾਰ ਆਉਣ ’ਤੇ ਮੁੱਠੀ ਭਰ ਰੇਤਾ ਵੀ ਨਾਜਾਇਜ਼ ਨਹੀਂ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਰੇਤਾ ਕੱਢਣ ਵਾਲਿਆਂ ਵਿਰੁੱਧ ਤਾਂ ਕੋਈ ਕਾਰਵਾਈ ਨਹੀਂ ਹੋਈ, ਸਗੋਂ ਇਸ ਮਾਮਲੇ ਨੂੰ ਬੇਪਰਦ ਕਰਨ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਪੰਚਾਇਤੀ ਨੁਮਾਇੰਦਿਆਂ ਨੂੰ ਜ਼ਰੂਰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਤੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਮਿਲਾਵਟਖ਼ੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸਿਹਤ ਮੰਤਰੀ ਦਾ ਵੱਡਾ ਬਿਆਨ

ਕਣਕ ਪੁੱਟ ਕੇ ਕੱਢੀ ਜਾ ਰਹੀ ਰੇਤਾ
ਪੰਚਾਇਤੀ ਜ਼ਮੀਨ ਨੂੰ ਭਾਵੇਂ ਗ੍ਰਾਮ ਪੰਚਾਇਤ ਵੱਲੋਂ ਇਕ ਸਾਲ ਲਈ ਠੇਕੇ ’ਤੇ ਦਿੱਤਾ ਗਿਆ ਹੈ ਪਰ ਫਿਰ ਵੀ ਕਣਕ ਨੂੰ ਪੁੱਟ ਕੇ ਰੇਤਾ ਕੱਢੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਪੰਚਾਇਤੀ ਜ਼ਮੀਨ 'ਚੋਂ ਰਾਤ ਵੇਲੇ ਕਥਿਤ ਤੌਰ ’ਤੇ ਕੱਢੀ ਜਾ ਰਹੀ ਰੇਤਾ ਦਾ ਮਾਮਲਾ ਕਾਫੀ ਪੁਰਾਣਾ ਹੈ, ਜਿਸ ਨੂੰ ਰੋਕਣ ਲਈ ਰਵਾਇਤੀ ਸਿਆਸੀ ਧਿਰਾਂ ਦੇ ਰਾਜ ਮਗਰੋਂ ਹੁਣ ‘ਆਪ’ ਸਰਕਾਰ ਵੀ ‘ਫੇਲ੍ਹ’ ਹੋਣ ਲੱਗੀ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਰਕਾਰ ਬਦਲਣ ਮਗਰੋਂ ਰੇਤਾ ਦੇ ਭਾਅ ਅਸਮਾਨੀ ਚੜ੍ਹੇ
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਰੇਤਾ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਕਾਂਗਰਸ ਦੇ ਰਾਜ ਦੌਰਾਨ 8 ਹਜ਼ਾਰ ਰੁਪਏ ਮਿਲਣ ਵਾਲਾ ਰੇਤਾ ਦਾ ਟਰਾਲਾ ਹੁਣ 12 ਤੋਂ ਸਾਢੇ 12 ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜੇ ਤੱਕ ਮਾਈਨਿੰਗ ਪਾਲਿਸੀ ਨਹੀਂ ਬਣਾਈ ਗਈ, ਜਿਸ ਕਰਕੇ ਰੇਤਾ ਦਾ ਭਾਅ ਵਧਣ ਕਰਕੇ ਲੋਕਾਂ 'ਤੇ ਕਾਫੀ ਬੋਝ ਪੈ ਰਿਹਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Gurminder Singh

Content Editor

Related News