ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਬਰਦਸਤ ਮੀਂਹ, ਜਲ-ਥਲ ਹੋਈਆਂ ਸੜਕਾਂ (ਦੇਖੋ ਤਸਵੀਰਾਂ)
Friday, Jul 15, 2022 - 11:27 AM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਅੱਜ ਤੜਕਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਏ ਭਾਰੀ ਮੀਂਹ ਨੇ ਸੜਕਾਂ ਜਲ-ਥਲ ਕਰ ਦਿੱਤੀਆਂ ਹਨ। ਲਗਭਗ ਚਾਰ ਘੰਟੇ ਤੱਕ ਲਗਾਤਾਰ ਪਈ ਬਰਸਾਤ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਣ ਲੋਕਾਂ ਨੇ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪਾਣੀ ਦੀ ਨਿਕਾਸੀ ਦੇ ਦਾਅਵੇ ਕਿਤੇ ਨਾ ਕਿਤੇ ਇਸ ਮੀਂਹ ਦੇ ਨਾਲ ਹੀ ਪਾਣੀ 'ਚ ਰੁੜ੍ਹਦੇ ਨਜ਼ਰ ਆਏ । ਸ਼ਹਿਰ ਦੇ ਨੀਵੇਂ ਖੇਤਰ ਗਾਂਧੀਨਗਰ, ਆਦਰਸ਼ ਨਗਰ, ਗਾਂਧੀ ਚੌਂਕ, ਕੋਟਲੀ ਰੋਡ, ਰੇਲਵੇ ਰੋਡ 'ਤੇ ਪਾਣੀ ਇਨ੍ਹਾਂ ਜ਼ਿਆਦਾ ਭਰ ਗਿਆ ਕਿ ਇੱਥੋਂ ਵਹੀਕਲ ਰਾਹੀਂ ਲੰਘਣਾ ਤਾਂ ਦੂਰ ਦੀ ਗੱਲ ਪੈਦਲ ਲੰਘਣਾ ਵੀ ਔਖਾ ਹੋ ਗਿਆ ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਰਾਤ ਵੇਲੇ ਖੇਡੀ ਗਈ ਖੂਨੀ ਖੇਡ, ਐਮਰਜੈਂਸੀ 'ਚ ਵੜ ਕੇ ਕਤਲ ਕੀਤਾ ਨੌਜਵਾਨ (ਤਸਵੀਰਾਂ)
ਲਗਾਤਾਰ ਪੈ ਰਹੇ ਮੀਂਹ ਕਾਰਨ ਨੀਵੇਂ ਇਲਾਕਿਆਂ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ਜਿਵੇਂ ਕਿ ਬਠਿੰਡਾ ਰੋਡ, ਮਲੋਟ ਰੋਡ, ਕੋਟਕਪੂਰਾ ਰੋਡ, ਮੇਨ ਬਾਜ਼ਾਰ ਦੇ ਵਿਚ ਵੀ ਪਾਣੀ ਭਰਿਆ ਨਜ਼ਰ ਆਇਆ। ਬਹੁਤੇ ਨੀਵੇਂ ਖੇਤਰਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕ ਘਰਾਂ 'ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਕਰਦੇ ਨਜ਼ਰ ਆਏ। ਹਾਲਾਤ ਇਹ ਰਹੇ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਦੇਖਭਾਲ ਕਰਨ ਵਾਲੀ ਨਗਰ ਕੌਂਸਲ ਦਾ ਦਫ਼ਤਰ ਵੀ ਚਾਰੇ ਪਾਸਿਆਂ ਤੋਂ ਮੀਂਹ ਦੇ ਪਾਣੀ ਨਾਲ ਘਿਰਿਆ ਨਜ਼ਰ ਆਇਆ। ਮੀਂਹ ਦਾ ਪਾਣੀ ਭਰ ਜਾਣ ਕਾਰਨ ਬਾਜ਼ਾਰ ਸ੍ਰੀ ਦਰਬਾਰ ਸਾਹਿਬ, ਹਕੀਮਾਂ ਵਾਲੀ ਗਲੀ, ਘਾਹ ਮੰਡੀ ਚੌਕ, ਤੁਲਸੀ ਰਾਮ ਸਟਰੀਟ, ਨੱਥੂ ਰਾਮ ਸਟਰੀਟ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤੀਆਂ ਦੁਕਾਨਾਂ ਬੰਦ ਰਹੀਆਂ ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।