ਅਚਾਨਕ ਸਮੂਹਿਕ ਛੁੱਟੀ ਨਾਲ ਸਰਕਾਰੀ ਕੰਮਕਾਜ ਠੱਪ, NRIs ਨੂੰ ਭਾਰੀ ਪਰੇਸ਼ਾਨੀ
Friday, Nov 07, 2025 - 09:05 PM (IST)
ਹਲਵਾਰਾ (ਲਾਡੀ) : ਪੰਜਾਬ ਰਾਜ ਕਰਮਚਾਰੀ ਯੂਨੀਅਨ (ਜ਼ਿਲ੍ਹਾ ਡਿਪਟੀ ਕਮਿਸ਼ਨਰ) ਵੱਲੋਂ ਸ਼ੁੱਕਰਵਾਰ ਨੂੰ ਅਚਾਨਕ ਸਮੂਹਿਕ ਛੁੱਟੀ ਦਾ ਐਲਾਨ ਕਰਦੇ ਹੀ ਜ਼ਿਲ੍ਹੇ ਦੇ ਕਈ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਹੋ ਗਿਆ। ਇਸ ਅਚਾਨਕ ਕਦਮ ਕਾਰਨ ਜ਼ਰੂਰੀ ਕੰਮ ਲਈ ਪਹੁੰਚੇ ਲੋਕਾਂ ਨੂੰ ਬਿਨਾ ਕੰਮ ਹੋਏ ਹੀ ਵਾਪਸ ਜਾਣਾ ਪਿਆ। ਖਾਸ ਤੌਰ ‘ਤੇ ਉਹ ਐਨਆਰਆਈ ਜੋ ਵਿਦੇਸ਼ ਵਾਪਸੀ ਲਈ ਤਿਆਰ ਸਨ ਅਤੇ ਜਿਨ੍ਹਾਂ ਦੀ ਹਵਾਈ ਟਿਕਟ ਵੀ ਕਨਫਰਮ ਸੀ, ਹੁਣ ਵਿੱਤੀ ਨੁਕਸਾਨ ਦੇ ਖਤਰੇ 'ਚ ਹਨ।
ਯੂਨੀਅਨ ਵੱਲੋਂ ਡੀਸੀ ਨੂੰ ਪੱਤਰ
ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਭੇਜੇ ਪੱਤਰ ‘ਚ ਸੂਚਿਤ ਕੀਤਾ ਗਿਆ ਕਿ ਡੀਸੀ, ਐੱਸਡੀਐੱਮ, ਤਹਿਸੀਲਦਾਰ, ਸਬ-ਰਜਿਸਟਰਾਰ ਅਤੇ ਜੋਇੰਟ ਸਬ-ਰਜਿਸਟਰਾਰ ਦਫ਼ਤਰਾਂ ਦੇ ਸਾਰੇ ਕਰਮਚਾਰੀ ਸਾਂਝੀ ਛੁੱਟੀ ‘ਤੇ ਗਏ ਹਨ।
ਰਾਏਕੋਟ ਦਫ਼ਤਰਾਂ ਦੇ ਬਾਹਰ ਤਾਲੇ
ਰਾਏਕੋਟ ਸਬ-ਰਜਿਸਟਰਾਰ ਦਫ਼ਤਰ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਦਰਵਾਜ਼ੇ ‘ਤੇ ਤਾਲੇ ਲੱਗੇ ਮਿਲੇ। ਸਰਕਾਰ ਵੱਲੋਂ ਦਿੱਤੇ ਆਨਲਾਈਨ ਸਿਸਟਮ ਤਹਿਤ 48 ਘੰਟੇ ਪਹਿਲਾਂ ਰਜਿਸਟਰੀ ਲਈ ਸਮਾਂ ਬੁੱਕ ਕਰਨਾ ਲਾਜ਼ਮੀ ਹੁੰਦਾ ਹੈ। ਜੇ ਰਜਿਸਟਰੀ ਨਿਰਧਾਰਤ ਸਮੇਂ ‘ਤੇ ਨਾ ਹੋਵੇ, ਤਾਂ ਮੁੜ ਪੂਰਾ ਪ੍ਰਕਿਰਿਆ ਕਰਨੀ ਪੈਂਦੀ ਹੈ ਅਤੇ ਅਗਲਾ ਸਮਾਂ ਘੱਟੋ-ਘੱਟ 48 ਘੰਟਿਆਂ ਬਾਅਦ ਹੀ ਮਿਲਦਾ ਹੈ।
ਐੱਨਆਰਆਈਆਂ ਤੇ ਆਮ ਲੋਕਾਂ ਨੂੰ ਮੁਸੀਬਤ
ਵਿਆਹ ਦੀ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ, ਜ਼ਮੀਨ ਜਾਇਦਾਦ ਦੀ ਰਜਿਸਟਰੀ ਤੇ ਹੋਰ ਕਾਗਜ਼ੀ ਕਾਰਵਾਈ ਲਈ ਆਏ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਖਾਸਕਰ ਉਹ ਐਨਆਰਆਈ, ਜਿਨ੍ਹਾਂ ਨੂੰ ਵਿਦੇਸ਼ ਵਾਪਸ ਜਾਣਾ ਸੀ, ਹੁਣ ਮੁੜ ਨਵਾਂ ਸਮਾਂ ਲੈਣ ਲਈ ਪ੍ਰਕਿਰਿਆ ਦੁਬਾਰਾ ਕਰਨੀ ਪਵੇਗੀ।
ਲੋਕਾਂ ਵਿਚ ਰੋਸ
ਦਫ਼ਤਰਾਂ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਇਹ ਹਾਲਤ ਪਹਿਲੀ ਵਾਰ ਨਹੀਂ ਬਣੀ। ਕਈ ਵਾਰ ਐੱਸਡੀਐੱਮ ਨਹੀਂ ਮਿਲਦੇ, ਕਈ ਵਾਰ ਤਹਿਸੀਲਦਾਰ ਗੈਰਹਾਜ਼ਰ ਹੁੰਦੇ ਹਨ, ਤੇ ਕਈ ਵਾਰ ਸਟਾਫ਼ ਹੀ ਨਹੀਂ ਹੁੰਦਾ। ਲੋਕਾਂ ਦਾ ਕਹਿਣਾ ਸੀ ਕਿ ਸਾਂਝੀ ਛੁੱਟੀ ਤੋਂ ਪਹਿਲਾਂ ਜਨਤਾ ਨੂੰ ਸੂਚਿਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਅਕਸਰ ਉਨ੍ਹਾਂ ਨੂੰ ਦਫ਼ਤਰ ਪਹੁੰਚ ਕੇ ਹੀ ਪਤਾ ਲੱਗਦਾ ਹੈ ਕਿ ਕੰਮ ਬੰਦ ਹੈ।
