ਪ੍ਰਦਰਸ਼ਨ ਦੌਰਾਨ DC ਕੰਪਲੈਕਸ ''ਚ ਦਾਖ਼ਲ ਹੋਏ ਕਿਸਾਨ , ਪੁਲਸ ਨਾਲ ਹੋਏ ਧੱਕਾ-ਮੁੱਕੀ
Tuesday, Sep 08, 2020 - 06:00 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਖਿਲਾਫ਼ ਡੀ.ਸੀ. ਦਫਤਰ ਫਾਜ਼ਿਲਕਾ ਦੇ ਬਾਹਰ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਭਾਰੀ ਹੰਗਾਮਾ ਕੀਤਾ। ਇਹ ਹੰਗਾਮਾ ਉਸ ਸਮੇਂ ਹੋਰ ਵਧ ਗਿਆ ਜਦੋਂ ਇਹ ਸਾਰੇ ਲੋਕ ਧੱਕੇ ਨਾਲ ਡੀ.ਸੀ. ਦਫਤਰ 'ਚ ਦਾਖ਼ਲ ਹੋਣ ਲਈ ਕੰਪਲੈਕਸ ਦੇ ਗੇਟ ਵੱਲ ਭੱਜੇ। ਅੱਗੇ ਵਧ ਰਹੇ ਲੋਕਾਂ ਨੂੰ ਪੁਲਸ ਵਲੋਂ ਰੋਕਿਆ ਗਿਆ ਤਾਂ ਇਸ ਦੌਰਾਨ ਧੱਕਾ-ਮੁੱਕੀ ਵੀ ਹੋਈ ਪਰ ਪ੍ਰਦਰਸ਼ਨਕਾਰੀ ਪੁਲਸ ਨੂੰ ਧੱਕੇ ਮਾਰ ਕੇ ਡੀ.ਸੀ. ਦਫ਼ਤਰ ਤੱਕ ਪਹੁੰਚ ਗਏ । ਪੁਲਸ ਨੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕੀਤਾ ਅਤੇ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਮੇਤ 10 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਆਪਣੇ ਉਪਰ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਰਚਿਆ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚੇ ਅਤੇ ਪਰਿਵਾਰ ਬੈਠਾ ਹੈ ਜੇ ਪ੍ਰਸ਼ਾਸਨ ਨੂੰ ਡਰ ਲੱਗਦਾ ਹੈ ਤਾਂ ਸਾਨੂੰ ਗ੍ਰਿਫਤਾਰ ਕਰਨ ।
ਕਿਸਾਨ ਯੂਨੀਅਨ ਦੇ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਹ ਵੀ ਗ੍ਰਿਫ਼ਤਾਰੀਆਂ ਦੇਣ ਲਈ ਤਿਆਰ ਹਨ ਅਤੇ ਪ੍ਰਸ਼ਾਸਨ ਸਾਨੂੰ ਗ੍ਰਿਫਤਾਰ ਕਰੇ ਪਰ ਪ੍ਰਸ਼ਾਸਨ ਘਬਰਾਹਟ 'ਚ ਜਾਪਦਾ ਹੈ। ਇਸ ਲਈ ਪਰਚੇ ਦਰਜ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ 'ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ।