ਤਲਾਸ਼ੀ ਦੌਰਾਨ ਕੈਦੀ ਤੇ ਹਵਾਲਾਤੀ ਕੋਲੋਂ ਚਿੱਟੇ ਵਰਗਾ ਜਾਪਦਾ ਨਸ਼ਾ ਬਰਾਮਦ
Tuesday, Nov 18, 2025 - 06:09 PM (IST)
ਫਰੀਦਕੋਟ(ਰਾਜਨ)-ਕੇਂਦਰੀ ਜੇਲ ਪ੍ਰਸ਼ਾਸਨ ਫਰੀਦਕੋਟ ਵੱਲੋਂ ਥਾਣਾ ਕੋਤਵਾਲੀ ਵਿਖੇ ਦੋ ਅਲੱਗ-ਅਲੱਗ ਮਾਮਲਿਆਂ ’ਚ ਪੱਤਰ ਲਿਖ ਕੇ ਚਿੱਟੇ ਵਰਗਾ ਜਾਪਦਾ ਨਸ਼ੀਲਾ ਪਦਾਰਥ ਬਰਾਮਦਗੀ ਮਾਮਲੇ ’ਚ ਯੋਗ ਕਾਰਵਾਈ ਕਰਨ ਵਾਸਤੇ ਲਿਖਿਆ ਗਿਆ ਹੈ। ਇਕ ਮਾਮਲੇ ’ਚ ਜਦੋਂ ਜੇਲ ਗਾਰਦ ਵੱਲੋਂ ਕੈਦੀ ਬੂਟਾ ਸਿੰਘ ਵਾਸੀ ਜਲਾਲਾਬਾਦ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਕਤ ਦੀ ਲੋਅਰ ’ਚੋਂ 6.50 ਗ੍ਰਾਮ ਚਿੱਟੇ ਵਰਗਾ ਜਾਪਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਇਸੇ ਹੀ ਤਰ੍ਹਾਂ ਦੂਸਰੇ ਮਾਮਲੇ ’ਚ ਜੇਲ ਗਾਰਦ ਵੱਲੋਂ ਹਵਾਲਾਤੀ ਗੁਰਪਰੀਤ ਸਿੰਘ ਵਾਸੀ ਤਰਨਤਾਰਨ ਦੇ ਬਿਸਤਰੇ ਦੀ ਤਲਾਸ਼ੀ ਕੀਤੀ ਤਾਂ ਬਿਸਤਰੇ ’ਚੋਂ 04 ਗ੍ਰਾਮ ਚਿੱਟੇ ਵਰਗਾ ਜਾਪਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦੇ ਸਬੰਧ ’ਚ ਜੇਲ ਪ੍ਰਸ਼ਾਸ਼ਨ ਵੱਲੋਂ ਯੋਗ ਕਾਰਵਾਈ ਲਈ ਲਿਖਿਆ ਗਿਆ ਸੀ। ਥਾਣਾ ਕੋਤਵਾਲੀ ਵਿਖੇ ਦੋਵੇਂ ਮਾਮਲਿਆਂ ’ਚ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
