ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਵਾਉਣ ਦੀ ਕੋਝੀ ਸਾਜ਼ਿਸ਼ : ਪ੍ਰੋ. ਚੰਦੂਮਾਜਰਾ
Saturday, Feb 22, 2020 - 11:33 PM (IST)
ਪਟਿਆਲਾ, (ਬਲਜਿੰਦਰ, ਸ. ਹ.)— ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਬਾਰੇ ਕੀਤੀ ਗਈ ਟਿੱਪਣੀ 'ਤੇ ਸਖਤ ਪ੍ਰਤੀਕਿਰਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਡੀ. ਜੀ. ਪੀ. ਦਾ ਇਸ ਤਰ੍ਹਾਂ ਦਾ ਮੰਦਭਾਗਾ ਬਿਆਨ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਬੰਦ ਕਰਵਾਉਣ ਦੀ ਕੋਝੀ ਸਾਜ਼ਿਸ਼ ਹੈ। ਚੰਦੂਮਾਜਾਰਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕਰੋੜਾਂ ਸਿੱਖਾਂ ਦੀ ਅਰਦਾਸ ਤੋਂ ਬਾਅਦ ਖੁੱਲ੍ਹਿਆ ਹੈ ਅਤੇ ਲੰਬੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਨੂੰ ਬੂਰ ਪਿਆ ਹੈ। ਅਕਾਲੀ ਦਲ ਲਾਂਘੇ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਨੂੰ ਪੂਰਾ ਨਹੀਂ ਹੋਣ ਦੇਵੇਗਾ ਅਤੇ ਜੇਕਰ ਕਾਂਗਰਸ ਨੇ ਜਲਦ ਆਪਣਾ ਸਟੈਂਡ ਸਪੱਸ਼ਟ ਨਾ ਕੀਤਾ ਤਾਂ ਉਹ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਣਗੇ।
ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੰਮ ਕੀਤਾ ਹੈ ਅਤੇ ਹੁਣ ਫਿਰ ਸਿੱਖਾਂ ਦੇ ਵੱਡੇ ਤੀਰਥ ਅਸਥਾਨ ਦੇ ਦਰਸ਼ਨਾਂ ਤੋਂ ਕਰੋੜਾਂ ਸਿੱਖਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਉਹ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦੇਣਗੇ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਲ ਮੁਸਲਿਮ ਏ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਸਾ ਖਾਨ, ਚੰਦੁਮਾਜਰਾ ਪਰਿਵਾਰ ਦੇ ਅਤਿ ਨਜ਼ਦੀਕੀ ਜਥੇਦਾਰ ਜੈ ਸਿੰਘ ਡਕਾਲਾ ਅਤੇ ਵਰਿੰਦਰ ਡਕਾਲਾ ਵੀ ਹਾਜ਼ਰ ਸਨ।