ਕਾਂਗਰਸ ਦੇ ਲਾਰਿਆ ਨਾਲ ਭਰੇ ਭਾਂਡੇ ਕੈਬਿਨਟ ਮੰਤਰੀਆ ਨੂੰ ਮੋੜਨਗੇ ਸਿੱਖਿਆ ਮਹਿਕਮੇ ਦੇ ਕੱਚੇ ਮੁਲਾਜ਼ਮ

Wednesday, Dec 30, 2020 - 03:57 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਦਫਤਰੀ ਕਾਮੇ 1 ਜਨਵਰੀ ਨੂੰ ਕੈਬਨਿਟ ਮੰਤਰੀਆਂ ਨੂੰ ਭਾਂਡੇ ਦੇਣਗੇ ਤੇ ਉਹ ਵੀ ਸਰਕਾਰ ਵਲੋਂ ਕੀਤੇ ਗਏ ਉਨ੍ਹਾਂ ਵਾਅਦਿਆਂ ਨਾਲ ਭਰ ਕੇ ਜੋਂ ਵਫਾ ਨਹੀ ਹੋਏ।ਦਫ਼ਤਰੀ ਕਾਮਿਆਂ ਨੇ ਦੱਸਿਆ ਕਿ 15 ਸਾਲਾਂ ਤੋਂ ਨੌਕਰੀ ਕਰਨ ਦੇ ਬਾਵਜੂਦ ਵੀ ਉਹ ਘਰ ਚਲਾਉਣ ਤੋ ਅਸਮਰੱਥ ਹਨ ਅਤੇ ਸਰਕਾਰ ਨੇ ਲਾਰਿਆ ਤੋਂ ਇਲਾਵਾ ਕੁਝ ਨਹੀਂ ਦਿੱਤਾ ਤਾਂ ਫਿਰ ਉਨ੍ਹਾਂ ਭਾਂਡੇ ਕੀ ਕਰਨੇ ਹਨ।ਇਸ ਲਈ ਉਹ ਇਹ ਭਾਂਡੇ ਸਰਕਾਰ ਦੇ ਲਾਰਿਆ ਨਾਲ ਭਰ ਕੇ ਮੰਤਰੀਆਂ ਨੂੰ ਦੇਣਗੇ।ਇਸ ਖੇਤਰ ਦੇ ਦਫਤਰੀ ਕਾਮੇ ਕੈਬਿਨਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਭਾਂਡੇ ਦੇਣ ਜਾਣਗੇ।ਦਫਤਰੀ ਮੁਲਾਜ਼ਮ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਕੀਤੀ ਗਈ ਵਿਤਕਰੇਬਾਜ਼ੀ ਤੋਂ ਨਾਰਾਜ਼ ਹਨ।

PunjabKesari

ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵਿਭਾਗ ’ਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ।ਪੰਜਾਬ ਸਰਕਾਰ ਵਲੋਂ ਸਾਲ 2018 ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ’ਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ।ਜ਼ਿਲ੍ਹਾ ਪ੍ਰਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੌਰਾਨ ਸਰਕਾਰ ਦੇ ਹਰ ਦੁਆਰ ਤੇ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਨੇ ਹੁਣ ਸਾਲ ਦੇ ਪਹਿਲੇ ਦਿਨ ਤੋਂ ਹੀ ਸੰਘਰਸ਼ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਾਰਿਆਂ ਨਾਲ ਭਰੇ ਭਾਂਡੇ ਮੁਲਾਜ਼ਮ ਮੰਤਰੀਆ ਦੇ ਘਰ ਹੀ ਰੱਖ ਕੇ ਆਉਣਗੇ। ਇਸ ਮੌਕੇ ਦਲਜਿੰਦਰ ਸਿੰਘ, ਮੋਹਿਤ ਕੁਮਾਰ,ਅਜੈਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਮੈਂਬਰ ਹਾਜ਼ਰ ਸਨ।


Shyna

Content Editor

Related News