CIA ਸਟਾਫ਼ ਫ਼ਿਰੋਜ਼ਪੁਰ ਨੇ 2 ਵਿਅਕਤੀਆਂ ਨੂੰ ਹੈਰੋਇਨ ਤੇ ਪਿਸਟਲ ਸਣੇ ਕੀਤਾ ਕਾਬੂ

05/16/2022 5:05:33 PM

ਫਿਰੋਜ਼ਪੁਰ (ਕੁਮਾਰ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਸਬ-ਇੰਸਪੈਕਟਰ ਜਜਪਾਲ ਸਿੰਘ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੇ ਪਦਾਰਥਾਂ ਅਤੇ ਹਥਿਆਰ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ ਅਤੇ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਦੋਂ ਸਬ-ਇੰਸਪੈਕਟਰ ਜਜਪਾਲ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਸ਼ਹੀਦ ਊਧਮ ਸਿੰਘ ਚੌਕ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਯਾਕੂਬ ਉਰਫ਼ ਜੈਕੀ ਵਾਸੀ ਬਸਤੀ ਭੱਟੀਆਂ ਵਾਲੀ ਅਤੇ ਬੰਟੀ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ, ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨਾਲ ਮਿਲ ਕੇ ਬਾਹਰੋਂ ਤੰਬਾਕੂ ਤੇ ਨਸ਼ੀਲੇ ਪਦਾਰਥ ਜੇਲ੍ਹ ਦੇ ਅੰਦਰ ਸੁੱਟ ਦਿੰਦੇ ਹਨ।

ਇਹ ਅੱਜ ਵੀ ਆਪਣੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੈਰੋਇਨ ਤੇ ਤੰਬਾਕੂ ਆਦਿ ਲੈ ਕੇ ਬਸਤੀ ਭਾਟੀਆਂ ਵਾਲੀ ਤੋਂ ਕੇਂਦਰੀ ਜੇਲ੍ਹ ਵੱਲ ਨੂੰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੁਰੰਤ ਮੋਟਰਸਾਈਕਲ ’ਤੇ ਸਵਾਰ ਨਾਮਜ਼ਦ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ 100 ਗ੍ਰਾਮ ਹੈਰੋਇਨ, 40 ਤੰਬਾਕੂ ਦੀਆਂ ਪੁੜੀਆਂ, 5 ਬੰਡਲ ਬੀੜੀਆਂ, ਇਕ ਪਿਸਟਲ 7.65 ਐੱਮ. ਐੱਮ. ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨੂੰ ਕਬਜ਼ੇ ’ਚ ਲੈ ਕੇ ਥਾਣਾ ਸਿਟੀ ’ਚ ਐੱਨ. ਡੀ. ਪੀ. ਐੱਸ. ਐਕਟ ਅਤੇ ਆਰਮੀ ਐਕਟ ਤਹਿਤ ਦੋਵਾਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
 


Manoj

Content Editor

Related News