SSP ਫ਼ਰੀਦਕੋਟ ਦੀ ਵੱਡੀ ਕਾਰਵਾਈ, ਕਣਕ ਦੇ ਹਜ਼ਾਰਾਂ ਗੱਟਿਆਂ ਦਾ ਗਬਨ ਕਰਨ ’ਤੇ 4 ਖ਼ਿਲਾਫ਼ ਮਾਮਲਾ ਦਰਜ

05/09/2022 3:02:42 PM

ਫ਼ਰੀਦਕੋਟ (ਰਾਜਨ)-ਸਥਾਨਕ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਇਕ ਵੇਅਰ ਹਾਊਸ ਦੇ ਗੋਦਾਮ ਇੰਚਾਰਜ ਅਤੇ ਤਿੰਨ ਸਕਿਓਰਿਟੀ ਗਾਰਡਾਂ ਵੱਲੋਂ ਮਿਲੀਭੁਗਤ ਨਾਲ ਕਣਕ ਦੇ 23000 ਗੱਟਿਆਂ ਦਾ ਗਬਨ ਕਰਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਦੀਆਂ ਹਦਾਇਤਾਂ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਡੀ. ਐੱਮ. ਵੇਅਰ ਹਾਊਸ ਬਰੜ ਨੇ ਲਿਖਤੀ ਧਿਆਨ ਵਿਚ ਲਿਆਂਦਾ ਸੀ ਕਿ ਗੋਦਾਮ ਇੰਚਾਰਜ ਰਣਜੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪਿੰਡ ਜਵਾਰੇ ਵਾਲਾ, ਸਕਿਓਰਿਟੀ ਗਾਰਡ ਅਮਰਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ, ਸੰਜੇ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਸਕਿਓਰਿਟੀ ਗਾਰਡ ਤਾਹਿਰ ਪੁੱਤਰ ਪੱਪੂ ਕੁਮਾਰ ਤਿੰਨੇ ਵਾਸੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ, ਜੋ ਸਥਾਨਕ ਵੇਅਰ ਹਾਊਸ ਦੇ ਗੋਦਾਮ ਫ਼ਰੀਦਕੋਟ ਵਿਖੇ ਤਾਇਨਾਤ ਹਨ, ਨੇ ਮਿਲੀਭੁਗਤ ਨਾਲ 23000 ਕਣਕ ਦੇ ਗੱਟਿਆਂ ਦਾ ਗਬਨ ਕਰਕੇ ਸਰਕਾਰ ਨਾਲ ਕਰੋੜਾਂ ਦੀ ਹੇਰਾਫੇਰੀ ਕੀਤੀ ਹੈ।

ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਸੇ ਮਹੀਨੇ ਦੀ ਬੀਤੀ 3-4 ਮਈ ਦੀ ਦਰਮਿਆਨੀ ਰਾਤ ਨੂੰ ਇਸ ਗੋਦਾਮ ’ਚ ਕਣਕ ਦੇ ਸਟਾਕ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਸਬੰਧੀ ਜਦ ਡੀ. ਐੱਮ. ਵੇਅਰ ਹਾਊਸ ਵੱਲੋਂ ਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਨ੍ਹਾਂ ਚਾਰਾਂ ਨੇ ਆਪਣੇ ਜੁਰਮ ਨੂੰ ਲੁਕਾਉਣ ਲਈ ਕਣਕ ਦੇ ਸਟਾਕ ਨੂੰ ਅੱਗ ਲਾ ਕੇ ਇਸ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੇ ਹਾਦਸੇ ਨਾਲ ਜੋੜ ਦਿੱਤਾ ਪਰ ਜਦੋਂ ਇਸ ਸਬੰਧੀ ਨਿਗਮ ਦੀ ਵਿਜੀਲੈਂਸ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਡੀ. ਐੱਮ. ਵੇਅਰਹਾਊਸ ਵੱਲੋਂ ਇਸ ਦੀ ਜਾਂਚ ਕਰਨ ਲਈ ਇਕ 8 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਤਾਂ ਪੜਤਾਲੀਆ ਰਿਪੋਰਟ ’ਚ ਇਹ ਪਾਇਆ ਗਿਆ ਕਿ ਗੋਦਾਮ ’ਚੋਂ 23000 ਕਣਕ ਦੇ ਗੱਟਿਆਂ ਦੀ ਘਾਟ ਹੈ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਦ 6 ਮਈ ਨੂੰ ਗੋਦਾਮ ਇੰਚਾਰਜ ਰਣਜੀਤ ਸਿੰਘ ਦਫ਼ਤਰ ਆਇਆ ਤਾਂ ਵੇਅਰ ਹਾਊਸ ਗੋਦਾਮ ਅਧਿਕਾਰੀ ਗੁਰਸ਼ਰਨ ਕੌਰ ਅਤੇ ਗੋਦਾਮ ਅਟੈਂਡੈਂਟ ਵਿਕਾਸ ਕੁਮਾਰ ਨੇ ਉਸ ਨੂੰ ਸਵਾਲ-ਜਵਾਬ ਕੀਤੇ ਪਰ ਰਣਜੀਤ ਸਿੰਘ ਹਰ ਸਵਾਲ ਦਾ ਜਵਾਬ ਘੁਮਾ-ਫਿਰਾ ਕੇ ਦਿੰਦਾ ਰਿਹਾ ਅਤੇ ਇਸ ਤੋਂ ਬਾਅਦ 5 ਮਿੰਟ ਦਾ ਕਹਿ ਕੇ ਦਫ਼ਤਰੋਂ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਸ ਨੇ ਸਕਿਓਰਿਟੀ ਗਾਰਡਾਂ ਨਾਲ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ ਅਤੇ ਸਹੀ ਰਾਸ਼ੀ ਪਤਾ ਲਗਾਉਣ ਲਈ ਵਿਭਾਗੀ ਉੱਚ ਪੱਧਰੀ ਕਮੇਟੀ ਵੱਲੋਂ ਜਾਂਚ ਜਾਰੀ ਹੈ। ਇਨ੍ਹਾਂ ਚਾਰਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਅਧੀਨ ਧਾਰਾ 420/409/436 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।
 


Manoj

Content Editor

Related News