CM ਚਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ''ਤੇ ਕੈਪਟਨ ਨੇ ਕਾਂਗਰਸ ''ਤੇ ਵਿੰਨ੍ਹੇ ਨਿਸ਼ਾਨੇ

02/09/2022 1:44:58 AM

ਪਟਿਆਲਾ (ਮਨਦੀਪ ਸਿੰਘ ਜੋਸਨ)-ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਾਤ ਦੇ ਆਧਾਰ 'ਤੇ ਕਰਕੇ ਇੱਕ ਵੱਡੀ ਗਲਤੀ ਕੀਤੀ ਹੈ ਕਿਉਂਕਿ, ਉਨ੍ਹਾਂ ਮੁਤਾਬਕ, ਮੁੱਖ ਮੰਤਰੀ ਦੀ ਚੋਣ ਯੋਗ-ਅਯੋਗਤਾ ਦੇ ਮਾਪਦੰਡਾਂ 'ਤੇ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਐਸ.ਸੀ., ਜਾਟ ਜਾਂ ਹਿੰਦੂ ਹੋਣ ਦੇ ਆਧਾਰ ਉੱਤੇ। ਕੈਪਟਨ ਅਮਰਿੰਦਰ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਪਹਿਲਾਂ ਕਦੇ ਵੀ ਜਾਤ ਜਾਂ ਧਾਰਮਿਕ ਅਧਾਰ 'ਤੇ ਵੰਡਿਆ ਨਹੀਂ ਗਿਆ ਸੀ। ਉਨ੍ਹਾਂ ਦੁਹਰਾਇਆ ਕਿ ਚਰਨਜੀਤ ਚੰਨੀ ਕੋਲ ਮੁੱਖ ਮੰਤਰੀ ਦੀ ਯੋਗਤਾ ਨਹੀਂ ਹੈ ਅਤੇ ਚੰਨੀ ਦੇ ਵੱਡੇ-ਵੱਡੇ ਦਾਅਵੇ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਕੈਪਟਨ ਅਮਰਿੰਦਰ ਮੁਤਾਬਕ ਚੰਨੀ ਦਾ ਦਾਅਵਾ ਹੈ ਕਿ ਉਸ ਨੇ 111 ਦਿਨਾਂ 'ਚ "ਸਭ ਕੁਝ" ਕਰ ਦਿੱਤਾ ਹੈ ਅਤੇ ਉਹ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੇ ਅਸਤੀਫ਼ੇ ਦੇ ਦਬਾਅ ਦਰਮਿਆਨ ਮੰਤਰੀ ਮੰਡਲ 'ਚ ਕੀਤਾ ਫੇਰਬਦਲ

ਉਨ੍ਹਾਂ ਕਿਹਾ ਕਿ ਚੰਨੀ ਜਿਨ੍ਹਾਂ ਪ੍ਰੋਜੈਕਟਾਂ ਦੀ ਗੱਲ ਕਰਦੇ ਹਨ ਉਹ ਉਨ੍ਹਾਂ (ਕੈਪਟਨ ਅਮਰਿੰਦਰ ਦੀ) ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਨ ਅਤੇ ਹਰ ਪ੍ਰੋਜੈਕਟ ਦੇ ਪੂਰਾ ਹੋਣ ਦਾ ਇੱਕ ਸਮਾਂ ਹੁੰਦਾ ਹੈ, ਇਨ੍ਹਾਂ ਨੂੰ ਸ਼ੁਰੂ ਹੋਣ 'ਚ ਹੀ ਕਈ ਮਹੀਨੇ ਲੱਗ ਜਾਂਦੇ। ਕੈਪਟਨ ਨੇ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਅਜਿਹੇ ਨਿਰਲੱਜ ਝੂਠਾਂ ਤੋਂ ਬਚਣਾ ਚਾਹੀਦਾ ਹੈ। ਪਟਿਆਲਾ ਦਿਹਾਤੀ ਦੇ ਪੀ.ਐੱਲ.ਸੀ. ਦੇ ਉਮੀਦਵਾਰ ਸੰਜੀਵ ਕੁਮਾਰ ਬਿੱਟੂ ਦੇ ਹੱਕ 'ਚ ਇੱਕ ਜਨਤਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ, ਜਿਸ ਨੂੰ ਉਨ੍ਹਾਂ ਦੀ ਕਾਂਗਰਸ ਵੱਲੋਂ ਹੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਲਈ ਰੱਦ ਕਰ ਦਿੱਤਾ ਗਿਆ ਹੈ, ਵੱਲੋਂ ਜਲਦ ਹੀ ਇੱਕ 'ਅਣਹੋਣਾ ਧਮਾਕੇ' ਦੀ ਚੇਤਾਵਨੀ ਦਿੱਤੀ। ਕੈਪਟਨ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਲੰਬੇ ਸਮੇਂ ਤੱਕ ਚੁੱਪ ਨਹੀਂ ਰਹਿ ਸਕਦਾ ਅਤੇ ਜ਼ਰੂਰ ਕੋਈ ਚਾਲ ਚਲੇਗਾ।

ਇਹ ਵੀ ਪੜ੍ਹੋ : ਸਿੱਧੂ ਨੇ ਸੰਦੀਪ ਦੀਕਸ਼ਿਤ ਨੂੰ ਪੱਤਰ ਲਿਖ ਕੇ ਕੀਤੀ ਇਹ ਅਪੀਲ

ਕੈਪਟਨ ਨੇ ਚੰਨੀ ਅਤੇ ਸੁਖਜਿੰਦਰ ਰੰਧਾਵਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਰਗੇ ਨੇਤਾਵਾਂ ਨੇ ਉਨ੍ਹਾਂ (ਕੈਪਟਨ) ਦੀ ਪਿੱਠ 'ਚ ਛੁਰਾ ਮਾਰਿਆ ਸੀ ਅਤੇ ਕਾਂਗਰਸ ਹਾਈਕਮਾਂਡ ਨੂੰ ਆਪਣੇ ਨਿੱਜੀ ਸਵਾਰਥਾਂ ਦੇ ਪਿੱਛੇ ਗੁੰਮਰਾਹ ਕਰ ਦਿੱਤਾ ਸੀ। ਪੀ.ਐੱਲ.ਸੀ. ਮੁਖੀ ਨੇ ਕਿਹਾ ਕਿ ਇਨ੍ਹਾਂ 'ਚੋਂ ਕਿਸੇ ਵਿਅਕਤੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਹਰਗਿਜ਼ ਨਹੀਂ ਕਰਨ ਦੇਣਗੇ।  ਇੱਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਸਿਆਸੀ ਅਤੇ ਜਨਤਕ ਜੀਵਨ ਦੇ ਤਜ਼ਰਬੇ ਦੀ ਗੱਲ ਹੈ, ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀ ਕੋਈ ਤੁਲਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮੋਦੀ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਸ ਸਮੇਂ ਜਦੋਂ ਉਹ ਦੋਵੇਂ ਮੁੱਖ ਮੰਤਰੀ ਸਨ, ਉਹ ਦਿੱਲੀ 'ਚ ਅਕਸਰ ਉਨ੍ਹਾਂ ਨੂੰ ਮਿਲਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਕੋਈ ਮੁਸ਼ਕਲ ਸੀ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ। “ਸਾਨੂੰ ਪੰਜਾਬ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ (ਮੋਦੀ) ਨਾਲ ਕੰਮ ਕਰਨਾ ਹੀ ਹੋਵੇਗਾ”।  ਕੈਪਟਨ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਇੰਨਾਂ ਚੋਣਾਂ 'ਤੇ ਨਿਰਭਰ ਕਰਦਾ ਹੈ ਅਤੇ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕੇਂਦਰ-ਰਾਜ ਦੇ ਨਜ਼ਦੀਕੀ ਤਾਲਮੇਲ ਦੀ ਲੋੜ ਹੈ। 

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਉਨ੍ਹਾਂ ਲਈ ਪ੍ਰਚਾਰ ਕਰੇਗੀ ਜਾਂ ਕਾਂਗਰਸ ਲਈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਦਾ ਜਵਾਬ ਉਨ੍ਹਾਂ ਦੀ ਪਤਨੀ ਨੂੰ ਹੀ ਦੇਣਾ ਬਣਦਾ ਹੈ।  “ਰਾਜਨੀਤੀ ਵੱਖਰੇ ਕਿਸਮ ਦੀ ਹੁੰਦੀ ਹੈ.. ਮੇਰੀ ਮਾਂ ਭਾਜਪਾ 'ਚ ਸੀ ਅਤੇ ਮੈਂ ਕਾਂਗਰਸ 'ਚ ਸੀ, ਅਸੀਂ ਸੰਸਦ ਵਿਚ ਉਲਟ ਬੈਂਚਾਂ 'ਤੇ ਬੈਠਦੇ ਸਾਂ... ਰਾਜਨੀਤੀ ਰਾਜਨੀਤੀ ਹੁੰਦੀ ਹੈ ਅਤੇ ਪਿਆਰ ਪਿਆਰ ਹੁੰਦਾ ਹੈ। ਲੋਕਾਂ ਨੂੰ “ਵਿਕਾਸ” (ਜੋ ਸਿਰਫ਼ ਐੱਨ.ਡੀ.ਏ. ਹੀ ਪ੍ਰਦਾਨ ਕਰ ਸਕਦਾ ਹੈ) ਲਈ ਵੋਟ ਦੇਣ ਦੀ ਅਪੀਲ ਕਰਦੇ ਹੋਏ, “ਵਿਨਾਸ਼” (ਜਿਸ ਵੱਲ ਪੰਜਾਬ ਨੂੰ ਦੂਜੀਆਂ ਪਾਰਟੀਆਂ ਧੱਕਣਗੀਆਂ) ਨੂੰ ਨਹੀਂ, ਕੈਪਟਨ ਅਮਰਿੰਦਰ ਨੇ ਭਰੋਸਾ ਜਤਾਇਆ ਕਿ ਸੂਬੇ ਦੇ ਲੋਕ ਆਪਣੇ ਹਿੱਤਾਂ ਅਤੇ ਹੱਕਾਂ ਦੇ ਜਾਣਕਾਰ ਹਨ ਅਤੇ ਉਸ ਮੁਤਾਬਕ ਹੀ ਵੋਟ ਕਰਨਗੇ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਹੱਕ 'ਚ ਕੀਤੇ ਸਰਵੇਖਣਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੇ ਸਰਵੇਖਣ 2017 'ਚ ਵੀ ਕਰਵਾਏ ਗਏ ਸਨ ਅਤੇ ਝੂਠੇ ਸਾਬਤ ਹੋਏ ਸਨ, ਹਾਲਾਂਕਿ ਉਹ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਪਰ ਉਨ੍ਹਾਂ ਕਿਹਾ ਕਿ ਉਨ੍ਹਾੰ ਦੀ ਪਾਰਟੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਅਗਲੀ ਸਰਕਾਰ ਬਣਾਉਣ ਲਈ ਤਿਆਰ ਹੈ। ਪਟਿਆਲਾ ਦਿਹਾਤੀ ਤੋਂ ਉਮੀਦਵਾਰ ਸੰਜੀਵ ਕੁਮਾਰ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰਾਂ ਮਿਲ ਕੇ ਕੰਮ ਕਰਨ ਤਾਂ ਸੂਬੇ ਅਤੇ ਪਟਿਆਲਾ ਦੀ ਨੁਹਾਰ ਬਦਲ ਸਕਦੀ ਹੈ। 

ਇਹ ਵੀ ਪੜ੍ਹੋ : ਰੂਸ ਨੇ ਭਾਰਤ ਵਿਰੁੱਧ ਆਪਣੇ ਦੇਸ਼ ਦੀਆਂ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਿਜ, ਕਿਹਾ-ਅਸੀਂ ਦੋਵੇਂ ਦੇਸ਼ ਪੁਰਾਣੇ ਦੋਸਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News