ਲਿੰਕ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਜੋੜਨ ਦੀ ਉੱਠੀ ਮੰਗ

11/12/2019 12:23:45 PM

ਬੁਢਲਾਡਾ (ਮਨਜੀਤ) : ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਖੇਤਰ ਅੰਦਰ ਕਈ ਕਿ:ਮੀ: ਤੱਕ ਦੀਆਂ ਲਿੰਕ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੌਜਨਾ ਅਧੀਨ ਲਿਆ ਕੇ ਲੋਕਾਂ ਲਈ ਸਫਰ ਸਹੂਲਤ ਨੂੰ ਬੇਹੱਦ ਸੁਖਾਲਾ ਕਰ ਦਿੱਤਾ ਗਿਆ ਸੀ। ਹੁਣ ਫਿਰ ਤੋਂ ਇਸ ਖੇਤਰ ਦੀਆਂ ਰਹਿੰਦੀਆਂ ਕੁਝ ਸੜਕਾਂ ਨੂੰ ਵੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੌਜਨਾ ਅਧੀਨ ਚੌੜੀਆਂ ਅਤੇ ਮਜਬੂਤ ਕਰਨ ਦੀ ਮੰਗ ਉੱਠਣ ਲੱਗੀ ਹੈ।

ਇਸ ਸੰਬੰਧੀ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਨੰਬਰਦਾਰ ਬੂਟਾ ਸਿੰਘ ਬੀਰੋਕੇ, ਡੇਰਾ ਬਾਬਾ ਹਰੀਦਾਸ ਪਰਮਾਨੰਦ ਦੇ ਮਹੰਤ ਸ਼ਾਂਤਾ ਨੰਦ ਜੀ ਆਦਿ ਕਿਹਾ ਕਿ ਬੁਢਲਾਡਾ ਤੋਂ ਵਾਇਆ ਚੱਕ ਭਾਈਕੇ, ਬੀਰੋਕੇ ਖੁਰਦ, ਬੀਰੋਕੇ ਕਲਾਂ, ਧਲੇਵਾਂ, ਭੀਖੀ ਤੱਕ ਦੀ ਲਿੰਕ ਸੜਕ ਨੂੰ ਪਹਿਲ ਦੇ ਅਧਾਰ 'ਤੇ ਚੌੜਾ ਅਤੇ ਮਜਬੂਤ ਬਣਾਇਆ ਜਾਵੇ, ਜਿਸ ਨਾਲ ਭੀਖੀ-ਬੁਢਲਾਡਾ ਮੁੱਖ ਸੜਕ ਵਾਇਆ ਗੁਰਨੇ ਕਲਾਂ 'ਤੇ ਟ੍ਰੈਫਿਕ ਘਟੇਗਾ ਅਤੇ ਇਸ ਖੇਤਰ ਦੇ ਪਿੰਡਾਂ ਨੂੰ ਵੱਡਾ ਲਾਭ ਹੋਵੇਗਾ  ਅਤੇ ਲੋਕਾਂ ਦਾ ਇਸ ਪਾਸਿਓਂ ਬੁਢਲਾਡਾ ਤੋਂ ਭੀਖੀ ਤੱਕ ਦਾ ਇਕ ਘੰਟੇ ਦਾ ਸਫਰ ਅੱਧਾ ਰਹਿ ਜਾਵੇਗਾ। ਇਸ ਸੜਕ 'ਤੇ ਪੈਂਦੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰਨ ਵਿਚ ਪਹਿਲ ਕਦਮੀ ਕਰਦੀ ਹੈ ਤਾਂ ਉਹ ਇਸ ਵਾਸਤੇ ਸਹਿਯੋਗ ਕਰਨ ਲਈ ਤਿਆਰ ਹਨ।

ਇਸੇ ਤਰ੍ਹਾਂ ਦਾਤੇਵਾਸ ਤੋਂ ਵਾਇਆ ਦਰੀਆਪੁਰ ਕਲਾਂ-ਕੁਲਾਣਾ ਅਤੇ ਕਲੀਪੁਰ ਦੀ ਬੁਢਲਾਡਾ-ਰਤੀਆ ਰੋਡ ਦੀ ਮੁੱਖ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਲਿਆਇਆ ਜਾਂਦਾ ਹੈ ਤਾਂ ਇਸ ਨਾਲ ਖੇਤਰ ਦੇ ਮਾਤਾ ਸ਼ੀਤਲਾ ਮੰਦਰ ਕੁਲਾਣਾ ਦੇ ਸ਼ਰਧਾਲੂਆਂ ਲਈ ਇਕ ਵੱਡੀ ਸੋਖ ਬਣ ਜਾਵੇਗੀ ਅਤੇ ਇਹ ਸੜਕ ਬਾਬਾ ਸੱਚਨ ਸੱਚ ਸੱਚੀ ਮੰਜੀ ਸੈਦੇਵਾਲਾ ਸਾਹਿਬ ਦੇ ਦਰ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਫਾਇਦੇਮੰਦ ਹੋਵੇਗੀ। ਕਿਉਂਕਿ ਭੀਖੀ ਤੋਂ ਮੂਨਕ ਤੱਕ ਬਣਨ ਵਾਲੀ ਮੁੱਖ ਸੜਕ ਨੈਸ਼ਨਲ ਹਾਈਵੇ ਅਤੇ ਬੁਢਲਾਡਾ ਦੇ ਫੁਹਾਰਾ ਚੋਂਕ, ਕਲੀਪੁਰ, ਮੰਡੇਰ, ਬੋਹਾ ਤੋਂ ਹਰਆਿਣਾ ਦੇ ਬਾਰਡਰ ਬਾਹਮਣਵਾਲਾ ਤੱਕ ਬਣਨ ਵਾਲੀਆਂ ਚੌੜੀਆਂ ਸੜਕਾਂ ਲਗਭਗ 6 ਮਹੀਨਿਆਂ ਤੋਂ ਪਹਿਲਾਂ ਹੀ ਮੁੰਕਮਲ ਹੋ ਜਾਣਗੀਆਂ, ਜਿਸ ਨਾਲ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਤੱਕ ਦੇ ਸ਼ਰਧਾਲੂਆਂ ਦਾ ਸਫਰ ਕਾਫੀ ਘੱਟ ਜਾਵੇਗਾ।

ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਵਿਕਾਸ ਪ੍ਰੋਗਰਾਮਾਂ ਤਹਿਤ ਨਵੀਆਂ ਸੜਕਾਂ ਬਣਾਉਣ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ।


cherry

Content Editor

Related News