ਮੰਤਰੀ ਕੱਟਾਰੂਚੱਕ ਦੇ ਮਾਮਲੇ 'ਤੇ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਆਖੀਆਂ ਇਹ ਗੱਲਾਂ

06/08/2023 6:16:57 PM

ਪਟਿਆਲਾ (ਮਨਦੀਪ ਸਿੰਘ ਜੋਸਨ)-ਕੈਬਨਿਟ ਮੰਤਰੀ ਲਾਲਚੰਦ ਕੱਟਾਰੂਚੱਕ ਦੇ ਮਾਮਲੇ 'ਤੇ ਤੰਜ ਕੱਸਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਹੈ, ਇਸ ਲਈ ਪੰਜਾਬ ਦੇ ਰਾਜਪਾਲ ਨੂੰ ਹੁਣ ਖ਼ੁਦ ਹੀ ਕਟਾਰੂਚੱਕ ਖ਼ਿਲਾਫ਼ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਸ਼ਿਕਾਇਤ ਕਰਤਾ ਨੂੰ ਇਨਸਾਫ਼ ਮਿਲ ਸਕੇ। ਮਜੀਠੀਆ ਅੱਜ ਇਥੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਜਥੇਦਾਰ ਲਖਵੀਰ ਸਿੰਘ ਲੌਟ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਸਪੁਤਰੀ ਦਾ ਅਫ਼ੋਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਬਿਕਰਮ ਮਜੀਠੀਆ ਨੇ ਆਖਿਆ ਕਿ ਲਾਲਚੰਦ ਕੱਟਾਰੂਚੱਕ ਦੇ ਮਾਮਲੇ ਪ੍ਰਤੀ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਲੈਣਾ ਅਤੇ ਚੁੱਪ ਨੂੰ ਨਾ ਤੋੜਨਾ ਦਰਸਾਉਂਦਾ ਹੈ ਕਿ ਜਿਣਸੀ ਦੋਸ਼ਾਂ ਦੇ ਮਾਮਲੇ ਵਿਚ ਸਰਕਾਰ ਕੈਬਨਿਟ ਮੰਤਰੀ ਨੂੰ ਸਿੱਧੇ ਤੌਰ 'ਤੇ ਕਲੀਨ ਚਿੱਟ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਕੋਲ ਪੁੱਜੀ ਸ਼ਿਕਾਇਤ ਅਤੇ ਉਨ੍ਹਾਂ ਵੱਲੋਂ ਵੀਡੀਓ ਦੀ ਕਰਵਾਈ ਫੋਰੈਂਸਿਕ ਜਾਂਚ ਤੋਂ ਬਾਅਦ ਮੁੱਖ ਮੰਤਰੀ ਨੂੰ ਕਾਰਵਾਈ ਲਈ ਰਾਜਪਾਲ ਵੱਲੋਂ ਕਿਹਾ ਗਿਆ ਅਤੇ ਪੀੜਤ ਕੇਸ਼ਵ ਵੱਲੋਂ ਇਨਸਾਫ਼ ਲੈਣ ਲਈ ਕੌਮੀ ਐੱਸ. ਸੀ. ਕਮਿਸ਼ਨ ਕੋਲ ਪਹੁੰਚ ਕਰਨ ਤੋਂ ਬਾਅਦ ਸਰਕਾਰ ਟੱਸ ਤੋਂ ਮੱਸ ਹੁੰਦੀ ਵਿਖਾਈ ਨਹੀਂ ਰਹੀ।  ਉਨ੍ਹਾਂ ਕਿਹਾ ਕਿ ਜਿਣਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਨੂੰ ਲਾਂਭੇ ਕਰਨ ਲਈ ਹੁਣ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਕੋਈ ਐਕਸ਼ਨ ਲੈਣਾ ਹੋਵੇਗਾ ਕਿਉਂਕਿ ਭਗਵੰਤ ਮਾਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਸਪੱਸ਼ਟ ਕਰਦਾ ਹੈ ਕਿ ਉਹ ਲਾਲਚੰਦ ਕਟਾਰੂਚੱਕ ਨੂੰ ਕਲੀਨ ਚਿੱਟ ਦੇਣ ਵਾਲੇ ਪਾਸੇ ਚੱਲੇ ਹੋਏ ਹਨ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਰਾਜਪਾਲ ਖ਼ੁਦ ਯੂ. ਟੀ. ਪ੍ਰਸ਼ਾਸਨ ਕੋਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਖ਼ਿਲਾਫ਼ ਮਾਮਲਾ ਦਰਜ ਕਰਵਾਉਣ।

ਇਹ ਵੀ ਪੜ੍ਹੋ-ਖ਼ੌਫ਼ਨਾਕ ਅੰਜਾਮ ਤੱਕ ਪੁੱਜੀ ''ਲਵ ਮੈਰਿਜ'', ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੇ ਵੀਡੀਓ ''ਚ ਖੁੱਲ੍ਹੇ ਪਤਨੀ ਦੇ ਵੱਡੇ ਰਾਜ਼
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਥੇ ਹੀ ਭਾਈ ਰਾਜੋਆਣਾ ਦੇ ਮਾਮਲੇ 'ਤੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਫ਼ੈਸਲਾ ਨਾ ਲਿਆ ਜਾਣਾ ਸਪੱਸ਼ਟ ਕਰਦਾ ਹੈ ਕਿ ਭਾਈ ਰਾਜੋਆਣਾ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਮੁੱਦੇ 'ਤੇ ਕਈ ਵਾਰ ਕੇਂਦਰ ਦੀ ਝਾੜ ਪਾ ਚੁੱਕੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਇੰਨੀ ਢੀਠ ਹੈ ਕਿ ਇਸ ਮਾਮਲੇ 'ਤੇ ਯੂ-ਟਰਨ ਲੈ ਚੁੱਕੀ ਹੈ ਜਦਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦਾ ਫ਼ੈਸਲਾ ਕਰਨਾ ਅਤੇ ਫਿਰ ਭਾਈ ਰਾਜੋਆਣਾ ਦਾ ਨਾਮ ਲਿਸਟ ਵਿਚੋਂ ਕੱਢਣ ਦੇਣ ਤੋਂ ਸਪੱਸ਼ਟ ਹੈ ਕਿ ਕੇਂਦਰ ਦੋਹਰੇ ਮਾਪਦੰਡ ਅਪਣਾ ਰਿਹਾ ਹੈ, ਜਦਕਿ ਰਾਜੀਵ ਗਾਂਧੀ ਕਤਲ ਕਾਂਡ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਛੱਡਿਆ ਜਾ ਰਿਹਾ, ਬਿਲਕਸ ਬਾਨੋ ਮਾਮਲੇ ਵਿਚ ਵੀ ਕਈ ਤਰ੍ਹਾਂ ਦੇ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ ਅਤੇ ਦੇਸ਼ ਦੀਆਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਛੱਡਣ ਵੇਲੇ ਦੋਹਰੇ ਮਾਪਦੰਡ ਵਾਲਾ ਕੇਂਦਰ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ ਹੈ।

ਆਗਾਮੀ ਨਗਰ ਨਿਗਮ ਚੋਣਾਂ ਦੇ ਸਬੰਧ ਵਿਚ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਲਈ ਤਿਆਰ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੂੰ ਚੋਣਾਂ ਲੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬਿਕਰਮ ਮਜੀਠੀਆ ਨੇ ਇਕ ਸਵਾਲ ਦੇ ਜਵਾਬ 'ਚ ਖ਼ਦਸ਼ਾ ਪ੍ਰਗਟ ਕੀਤਾ ਜਲੰਧਰ ਜ਼ਿਮਨੀ ਚੋਣ ਵਾਂਗ ਸਰਕਾਰ ਵੱਲੋਂ ਨਿਗਮ ਚੋਣਾਂ ਜਿੱਤਣ ਲਈ ਹੱਥ ਕੱਢੇ ਵਰਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਾਰਦਰਸ਼ਤਾ ਨੂੰ ਛਿੱਕੇ ਟੰਗ ਕੇ ਪੁਲਸ ਅਫ਼ਸਰਾਂ ਦੇ ਸਿਰ 'ਤੇ ਚੋਣਾਂ ਜਿੱਤਣ ਦੇ ਰਹੋ ਵਿਚ ਹੈ ਕਿਉਂਕ ਜਲੰਧਰ ਜ਼ਿਮਨੀ ਚੋਣ ਸਰਕਾਰ ਨੇ ਕਿਸ ਤਰ੍ਹਾਂ ਜਿੱਤੀ ਪੰਜਾਬ ਦੀ ਜਨਤਾ ਸਾਰਾ ਕੁਝ ਜਾਣਦੀ ਹੈ। ਇਸ ਮੌਕੇ ਪਟਿਆਲਾ ਦਿਹਾਤੀ ਹਲਕਾ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਜਥੇਦਾਰ ਲਖਵੀਰ ਸਿੰਘ ਲੌਟ, ਰਵਿੰਦਰ ਸਿੰਘ ਵਿੰਦਾ ਮੈਂਬਰ ਜਨਰਲ ਕੌਂਸਲ, ਸੁਖਮਿੰਦਰ ਸਿੰਘ ਮਿੰਟਾ ਸਾਬਕਾ ਕੌਂਸਲਰ, ਸ਼ੱਕੂ ਗਰੋਵਰ ਜ਼ਿਲਾ ਕੁਆਰਡੀਨੇਟਰ, ਰਾਜਿੰਦਰ ਵਿਰਕ, ਗੁਰਤੇਜ ਕੌਲ, ਅਮਰਜੀਤ ਸਿੰਘ ਬੱਠਲਾ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

ਇਹ ਵੀ ਪੜ੍ਹੋ-ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News