ਜ਼ੋਮੈਟੋ ਦੀ ਡਲਿਵਰੀ ਦੇਣ ਗਏ ਲਡ਼ਕੇ ਨਾਲ ਕੀਤੀ ਕੁੱਟ-ਮਾਰ
Sunday, Sep 01, 2019 - 09:52 PM (IST)

ਖਰਡ਼, (ਰਣਬੀਰ, ਅਮਰਦੀਪ, ਸ਼ਸ਼ੀ)- ਬੀਤੀ ਅੱਧੀ ਰਾਤ ਦੇ ਕਰੀਬ ਸ਼ਹਿਰ ਦੀ ਦਰਪਣ ਸਿਟੀ ਅੰਦਰ ਜ਼ੋਮੈਟੋ ਲਈ ਕੰਮ ਕਰਦੇ ਇਕ ਲਡ਼ਕੇ, ਜੋ ਉਥੇ ਖਾਣ ਦੇ ਸਾਮਾਨ ਦੀ ਡਲਿਵਰੀ ਦੇਣ ਗਿਆ ਸੀ, ਨਾਲ ਕੁੱਝ ਵਿਅਕਤੀਆਂ ਵਲੋਂ ਕੁੱਟ-ਮਾਰ ਕਰਦਿਆਂ ਉਸ ਦਾ ਮੋਟਰਸਾਈਕਲ ਵੀ ਭੰਨ ਦਿੱਤਾ। ਇਸ ਦੀ ਸੂਚਨਾ ਫੌਰੀ ਪੁਲਸ ਨੂੰ ਦਿੱਤੇ ਜਾਣ ’ਤੇ ਪੁਲਸ ਨੇ ਮੌਕੇ ਉਤੇ ਪੁੱਜ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਚੋਂ 2 ਨੂੰ ਕਾਬੂ ਕਰ ਕੇ ਇਸ ਮਾਮਲੇ ਦੀ ਆਪਣੇ ਵਲੋਂ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਜ਼ੋਮੈਟੋ ਲਈ ਕੰਮ ਕਰਦੇ ਮੌਕੇ ਉਤੇ ਪੁੱਜੇ ਬਾਕੀ ਡਲਿਵਰੀ ਬੁਆਏਜ਼ ਵਲੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਨਾਲ ਸਬੰਧਤ ਏਰੀਏ ਅੰਦਰ ਇਕ ਤਰ੍ਹਾਂ ਦੀ ਦਹਿਸ਼ਤ ਪੈਦਾ ਹੋ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਨਿਵਾਸੀ ਸਾਜਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਉਕਤ ਥਾਂ ਫਲੈਟ ਨੰਬਰ-52 ਨਿਵਾਸੀ ਮਾਨਵ ਨਾਂ ਦੇ ਵਿਅਕਤੀ ਵਲੋਂ ਬਟਰ ਚਿਕਨ ਦਾ ਆਰਡਰ ਜ਼ੋਮੈਟੋ ਐਪ ਰਾਹੀਂ ਕੀਤਾ ਗਿਆ ਸੀ। ਕਰੀਬ 15 ਮਿੰਟ ਬਾਅਦ ਉਹ ਆਰਡਰ ਲੈ ਕੇ ਦੱਸੇ ਗਏ ਪਤੇ ਉਤੇ ਪੁੱਜ ਗਿਆ, ਜਦੋਂ ਉਥੇ ਉਹ ਪੁੱਜਾ ਤਾਂ ਪਹਿਲਾਂ ਤੋਂ ਮੌਜੂਦ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ, ਉਸ ਨੂੰ ਉਥੇ ਪੁੱਜਾ ਦੇਖ ਕੇ ਉਨ੍ਹਾਂ ਕਿਹਾ ਕਿ ਉਹ ਆਰਡਰ ਕੈਂਸਲ ਕਰਵਾ ਰਹੇ ਹਨ, ਉਨ੍ਹਾਂ ਨੂੰ ਇਹ ਆਰਡਰ ਨਹੀਂ ਚਾਹੀਦਾ। ਇਹ ਕਹਿ ਕੇ ਉਨ੍ਹਾਂ ਉਸ ਪਾਸੋਂ ਉਹ ਪੈਕੇਟ ਜਿਸ ਵਿਚ ਖਾਣ ਦਾ ਸਾਮਾਨ ਸੀ, ਖੋਹ ਲਿਆ।
ਸਾਜਨ ਕੁਮਾਰ ਨੇ ਕਿਹਾ ਜੇਕਰ ਉਨ੍ਹਾਂ ਆਰਡਰ ਕੈਂਸਲ ਕਰਵਾਉਣਾ ਹੈ ਤਾਂ ਉਹ ਉਸ ਨੂੰ ਪੈਕੇਟ ਵਾਪਸ ਕਰ ਦੇਣ ਜਾਂ ਇਸ ਦੇ ਬਦਲੇ ਉਹ ਪੇਮੈਂਟ ਕਰ ਦੇਣ। ਕਾਫੀ ਦੇਰ ਖਡ਼੍ਹਾ ਰਹਿਣ ਦੇ ਬਾਵਜੂਦ ਉਸ ਨੂੰ ਨਾ ਤਾਂ ਫੂਡ ਪੈਕੇਟ ਅਤੇ ਨਾ ਹੀ ਪੇਮੈਂਟ ਕੀਤੀ ਗਈ। ਇਸ ਗੱਲ ਦਾ ਵਿਰੋਧ ਕਰਨ ’ਤੇ ਉਕਤ ਦੋਵਾਂ ਵਿਅਕਤੀਆਂ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਨੇ ਉਸ ਨਾਲ ਕੁੱਟ-ਮਾਰ ਕੀਤੀ।ਇਹ ਦੇਖ ਉਸ ਨੇ ਆਪਣੇ ਜ਼ੋਮੈਟੋ ਗਰੁੱਪ ਉਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਕੁਝ ਹੀ ਮਿੰਟਾਂ ਅੰਦਰ ਨੇਡ਼ੇ-ਤੇਡ਼ੇ ਮੌਜੂਦ ਕੰਪਨੀ ਦੇ ਕੁਝ ਹੋਰ ਡਲਿਵਰੀ ਬੁਆਏਜ਼ ਮੌਕੇ ਉੱਤੇ ਪੁੱਜ ਗਏ।
ਇਹ ਦੇਖ ਆਰਡਰ ਦੇਣ ਵਾਲਾ ਵਿਅਕਤੀ ਤੇ ਉਸ ਦੇ ਸਾਥੀ ਇਕ ਉਸਾਰੀ ਅਧੀਨ ਇਮਾਰਤ ਉੱਤੇ ਚਡ਼੍ਹ ਗਏ ਅਤੇ ਉਤੋਂ ਇੱਟਾਂ-ਰੋਡ਼ੇ ਉਨ੍ਹਾਂ ਉਤੇ ਮਾਰਨ ਲੱਗੇ, ਜਿਸ ਕਾਰਨ ਉਸ ਦਾ ਆਪਣਾ ਮੋਟਰਸਾਈਕਲ ਨੁਕਸਾਨਿਆ ਗਿਆ। ਇਹ ਸਾਰਾ ਕੁਝ ਦੇਖ ਉਨ੍ਹਾਂ ਮਦਦ ਲਈ 100 ਨੰਬਰ ਰਾਹੀਂ ਪੁਲਸ ਕੰਟਰੋਲ ਉੱਤੇ ਇਸ ਦੀ ਜਿਉਂ ਹੀ ਸੂਚਨਾ ਦਿੱਤੀ ਤਾਂ ਕੁਝ ਚਿਰ ਮਗਰੋਂ ਪੀ. ਸੀ. ਆਰ. ਪਾਰਟੀ ਮੌਕੇ ਉਤੇ ਪੁੱਜ ਗਈ ਅਤੇ ਇਸ ਘਟਨਾ ਨੂੰ ਅੰਜਾਮ ਦੇ ਰਹੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਘਟਨਾ ਦੀ ਤਫਤੀਸ਼ ਕਰ ਰਹੇ ਆਈ. ਓ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ’ਚ ਲਿਆਂਦੀ ਜਾਵੇਗੀ।