ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਦੂਜੇ ਦਿਨ ਵਿਰੋਧੀ ਧਿਰ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ

01/20/2020 5:19:20 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਅੱਜ ਦੂਸਰੇ ਦਿਨ ਸ਼ਰਧਾਂਜਲੀ ਦੇਣ ਲਈ ਵਿਰੋਧੀ ਧਿਰ ਦੇ ਕਈ ਵੱਡੇ ਆਗੂ ਪੁੱਜੇ ਹੋਏ ਸਨ। ਇਸ ਮੌਕੇ ਰਾਜਨੀਤਿਕ ਆਗੂਆਂ ਵਲੋਂ ਸਿਆਸੀ ਤੀਰ ਵੀ ਚਲਾਏ ਗਏ। ਇਸ ਮੌਕੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਐਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਇਕ ਚੰਗੇ ਪਰਿਵਾਰ ਵਿਚ ਹੋਇਆ ਸੀ। ਉਹ ਪੜ੍ਹੇ ਲਿਖੇ ਸਨ ਅਤੇ ਅਫਸਰ ਬਣ ਕੇ ਚੰਗੀ ਜਿੰਦਗੀ ਜਿਉ ਸਕਦੇ ਸਨ ਪਰ ਉਨ੍ਹਾਂ ਨੇ ਲੋਕਾਂ ਲਈ ਆਪਣਾ ਜੀਵਨ ਲਗਾਇਆ ਅਤੇ ਰਜਵਾੜਿਆਂ ਖਿਲਾਫ 9 ਮਹੀਨੇ ਭੁੱਖ ਹੜਤਾਲ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਸ਼ਰਧਾਂਜਲੀ ਸਥਾਨ ਦੀ ਥਾਂ 'ਤੇ ਐਸ. ਜੀ. ਪੀ. ਸੀ. ਵਲੋਂ ਸ਼ੈਡ ਬਣਾਉਣ ਦੀ ਵੀ ਘੋਸ਼ਣਾ ਕੀਤੀ।

ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਦੋਹਰੀ ਲੜਾਈ ਲੜੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ। ਉਨ੍ਹਾਂ ਕਾਰਨ ਹੀ ਅਕਾਲੀ ਦਲ ਵਿਚ ਸਿਧਾਂਤ ਸੀ। ਉਸੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਸੁਖਦੇਵ ਸਿੰਘ ਢੀਂਡਸਾ ਲੜਾਈ ਲੜ ਰਹੇ ਹਨ। ਸਾਡਾ ਮਕਸਦ ਸੱਤਾ ਦਾ ਨਹੀਂ ਹੈ। ਬਲਕਿ ਪਾਰਟੀ ਵਿਚ ਸਿਧਾਂਤਾਂ ਨੂੰ ਲਾਗੂ ਕਰਨ ਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਸਿੱਖ ਲਿਖਾਰੀਆਂ ਨੇ ਨਹੀਂ ਲਿਖਿਆ। ਹਿੰਦੂ-ਮੁਸਲਮਾਨਾਂ ਅਤੇ ਅੰਗਰੇਜਾਂ ਨੇ ਸਿੱਖਾਂ ਦਾ ਇਤਿਹਾਸ ਲਿਖਿਆ ਹੈ। ਭਾਜਪਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਹਿ ਰਹੀ ਹੈ। ਨਾਗਰਿਕਤਾ ਬਿਲ ਲਿਆ ਕੇ ਘੱਟ ਗਿਣਤੀ ਦੇ ਲੋਕਾਂ ਨੂੰ ਤੰਗ ਕਰਨ ਦੀ ਚਾਲ ਹੈ। ਹੁਣ ਸਾਥੋਂ ਜਨਮ ਸਰਟੀਫਿਕੇਟ ਮੰਗੇ ਜਾਣਗੇ ਕਿ ਤੁਸੀਂ ਇਸ ਦੇਸ਼ ਵਿਚ ਪੈਦਾ ਹੋਏ ਹੋ। ਇਸ ਦੇ ਖਿਲਾਫ 25 ਜਨਵਰੀ ਨੂੰ ਅਸੀਂ ਧਰਨਾ ਲਗਾ ਰਹੇ ਹਾਂ। ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਉਹਨਾਂ ਦੀ ਹਵੇਲੀ ਖੰਡ ਬਣ ਚੁੱਕੀ ਹੈ। ਉਥੇ ਅਜਾਇਬ ਘਰ ਜਾਂ ਮਿਊਜੀਅਮ ਬਣਾਉਣ ਦੀ ਜਰੂਰਤ ਹੈ।

ਆਮ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜਿਹੜੀਆਂ ਕੌਮਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਭੁੱਲ ਜਾਂਦੀਆਂ ਹਨ, ਉਹ ਕੌਮਾਂ ਅੱਗੇ ਨਹੀਂ ਵਧਦੀਆਂ। ਸਾਬਕਾ ਮੁੱਖ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ, ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਨੂੰ ਕ੍ਰਿਪਾਨ ਬਹਾਦਰ ਸਿੰਘ ਵੀ ਕਿਹਾ ਜਾਂਦਾ ਹੈ। ਕੌਮ ਦੀ ਖਾਤਰ ਉਨ੍ਹਾਂ ਨੇ ਆਪਣੀ ਮਹਾਨ ਸ਼ਹਾਦਤ ਦਿੱਤੀ। ਇਸ ਮੌਕੇ 'ਤੇ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ, ਗੁਰਜਿੰਦਰ ਸਿੰਘ ਸਿੱਧੂ, ਕੌਂਸਲਰ ਤੇਜਿੰਦਰ ਸੋਨੀ ਜਾਗਲ, ਕਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।


cherry

Content Editor

Related News