ਜਗਰਾਓਂ ''ਚ ਲਾਟਰੀ ਦੀ ਆੜ ਹੇਠ ਸੱਟੇ ਦਾ ਕਥਿਤ ਕਾਰੋਬਾਰ ਮੁੜ ਸਰਗਰਮ ! SSP ਨੇ ਦਿੱਤੀ ਚਿਤਾਵਨੀ
Tuesday, Nov 17, 2026 - 08:44 PM (IST)
ਜਗਰਾਓਂ, (ਮਾਲਵਾ) : ਜਗਰਾਓਂ ਸ਼ਹਿਰ ਵਿਚ ਲਾਟਰੀ ਦੀ ਆੜ ਹੇਠ ਸੱਟੇ ਦਾ ਕਥਿਤ ਕਾਰੋਬਾਰ ਵੱਡੇ ਪੱਧਰ 'ਤੇ ਚੱਲਣ ਦੀਆਂ ਚਰਚਾਵਾਂ ਨੇ ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਵੀ ਇਸ ਕਾਰੋਬਾਰ ਦੇ ਚੱਲਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਵੀ ਜਗਰਾਓਂ ਵਿਚ ਸੱਟੇ ਦਾ ਕਾਰੋਬਾਰ ਚੱਲਣ ਦੀਆਂ ਸ਼ਿਕਾਇਤਾਂ ਉੱਠਦੀਆਂ ਰਹੀਆਂ ਹਨ। ਕੁਝ ਸਮਾਂ ਇਹ ਕਾਰੋਬਾਰ ਬੰਦ ਰਹਿਣ ਤੋਂ ਬਾਅਦ ਹੁਣ ਮੁੜ ਸਰਗਰਮ ਹੋਣ ਦੇ ਦੋਸ਼ ਲੱਗ ਰਹੇ ਹਨ।ਇਸ ਮਾਮਲੇ ਸਬੰਧੀ ਜਦੋਂ ਐਸ.ਐਸ.ਪੀ ਡਾ. ਅੰਕੁਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਸੱਟੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਜਾਂ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ਼ਹਿਰ ਵਿਚ ਲੋਕਾਂ ਵਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ ਤਾਂ ਇਸ ਨੂੰ ਰੋਕਣ ਲਈ ਪਹਿਲਾਂ ਠੋਸ ਕਾਰਵਾਈ ਕਿਉਂ ਨਹੀਂ ਹੋਈ? ਕੀ ਸਿਰਫ਼ ਲਾਟਰੀ ਦੀ ਆੜ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂ ਪੂਰੇ ਨੈੱਟਵਰਕ ਦੀ ਵੀ ਪੜਤਾਲ ਹੋਵੇਗੀ? ਕੀ ਇਸ ਕਾਰੋਬਾਰ ਨੂੰ ਕਿਸੇ ਦੀ ਰਾਜਨੀਤਿਕ ਸ਼ਹਿ ਹਾਸਿਲ ਹੈ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਐਸ.ਐਸ.ਪੀ ਡਾ. ਅੰਕੁਰ ਗੁਪਤਾ ਵਲੋਂ ਦਿੱਤੇ ਗਏ ਸਖ਼ਤ ਕਾਰਵਾਈ ਦੇ ਭਰੋਸੇ ਤੋਂ ਬਾਅਦ ਪੁਲਿਸ ਕਦੋਂ ਮੈਦਾਨ ਵਿਚ ਉਤਰਦੀ ਹੈ ਅਤੇ ਕੀ ਇਸ ਕਥਿਤ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਜਗਰਾਓਂ ਵਾਸੀ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਨ।
