ਅਕਾਲੀ ਦਲ ਦਾ ਵਫ਼ਦ ਕੈਨੇਡਾ ''ਚ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕਰ ਰਿਹਾ ਭਰਵੀਆਂ ਮੀਟਿੰਗਾਂ

Monday, Jun 22, 2026 - 10:46 AM (IST)

ਅਕਾਲੀ ਦਲ ਦਾ ਵਫ਼ਦ ਕੈਨੇਡਾ ''ਚ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕਰ ਰਿਹਾ ਭਰਵੀਆਂ ਮੀਟਿੰਗਾਂ

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਪਾਰਟੀ ਦਾ ਇੱਕ ਵਫ਼ਦ ਕੈਨੇਡਾ ਦੀ ਧਰਤੀ ’ਤੇ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਵੱਖ-ਵੱਖ ਸ਼ਹਿਰਾਂ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਮਰਥਨ ਲਈ ਭਰਵੀਆਂ ਮੀਟਿੰਗਾਂ ਕਰ ਰਿਹਾ ਹੈ। ਅੱਜ ਇੱਕ ਮੀਟਿੰਗ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਹੋਈ, ਜਿਸ 'ਚ ਭਾਰੀ ਗਿਣਤੀ ਨੌਜਵਾਨਾਂ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਇੱਥੇ ‘ਗੱਲ ਪੰਜਾਬ ਦੀ’ ਕਰਨ ਆਏ ਹਨ ਤਾਂ ਜੋ ਇੱਥੇ ਵੱਸਦਾ ਪ੍ਰਵਾਸੀ ਪੰਜਾਬੀ ਭਾਈਚਾਰਾ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਸਾਡਾ ਸਹਿਯੋਗ ਦੇਵੇ।

ਪਰਮਜੀਤ ਢਿੱਲੋਂ ਨੇ ਕਿਹਾ ਕਿ ਪੰਜਾਬ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦਾ ਪੇਕਾ ਘਰ ਹੈ ਅਤੇ ਅੱਜ ਇਸ ਪੇਕੇ ਘਰ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੀ ਲੁੱਟ ਤੋਂ ਬਚਾਉਣ ਲਈ ਅਕਾਲੀ ਦਲ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਪ੍ਰਵਾਸੀ ਪੰਜਾਬੀਆਂ ਲਈ ਸੁਨੇਹਾ ਦੇ ਕੇ ਭੇਜਿਆ ਹੈ ਕਿ ਪੰਜਾਬ ਅੰਦਰ 2027 ’ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਸੂਬੇ 'ਚ ਪਈਆਂ ਜਾਇਦਾਦਾਂ ਅਤੇ ਉਨ੍ਹਾਂ ਦੇ ਹਿੱਤ ਸੁਰੱਖਿਅਤ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਐੱਨ. ਆਰ. ਆਈ. ਥਾਣੇ ਬਣਾਏ, ਜਿਸ 'ਚ ਪ੍ਰਵਾਸੀਆਂ ਦੇ ਮਸਲੇ ਹੱਲ ਹੁੰਦੇ ਹਨ ਪਰ ਹੁਣ ਮੌਜੂਦਾ ਸਰਕਾਰ ਤੋਂ ਕੈਨੇਡਾ 'ਚ ਬੈਠਾ ਪੰਜਾਬੀ ਭਾਈਚਾਰਾ ਸਾਫ਼ ਖਫ਼ਾ ਨਜ਼ਰ ਆ ਰਿਹਾ ਹੈ। ਪਰਮਜੀਤ ਢਿੱਲੋਂ ਨੇ ਕਿਹਾ ਕਿ ਕੈਨੇਡਾ ਤੋਂ ਪੰਜਾਬੀ ਭਾਈਚਾਰੇ ਦੀ ਅਕਾਲੀ ਪੱਖੀ ਚੱਲੀ ਲਹਿਰ ਸਦਕਾ ਹੀ ਸੂਬੇ ਅੰਦਰ 2027 ’ਚ ਸਰਕਾਰ ਬਣਨੀ ਤੈਅ ਹੈ ਅਤੇ ਉਹ ਸੱਦਾ ਦਿੰਦੇ ਹਨ ਕਿ ਉਹ ਜਹਾਜ਼ ਭਰ ਕੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਆਉਣ।

ਕੈਨੇਡਾ ਦੀ ਧਰਤੀ ’ਤੇ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਰੈਲੀਆਂ ਦੇ ਰੂਪ ਵਿਚ ਦੇਖ ਵਫ਼ਦ ਬਾਗੋ-ਬਾਗ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਨੇਡਾ ਵਿਖੇ ਪਾਰਟੀ ਦੀ ਮਜ਼ਬੂਤੀ ਅਤੇ ਪ੍ਰਵਾਸੀ ਭਾਈਚਾਰੇ ਨੂੰ ਲਾਮਬੰਦ ਕਰਨ ਲਈ ਪਿਛਲੇ ਕੁੱਝ ਦਿਨਾਂ ਤੋਂ ਕੈਲਗਰੀ, ਸਰੀ, ਲੈਂਗਲੀ, ਬਰੈਂਪਟਨ ਅਤੇ ਹੋਰ ਸ਼ਹਿਰਾਂ 'ਚਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ’ਚ ਅਕਾਲੀ ਦਲ ਨੂੰ ਆਸ ਤੋਂ ਵੱਧ ਹੁੰਗਾਰਾ ਮਿਲ ਰਿਹਾ ਹੈ, ਜਿੱਥੇ ਰੈਲੀਆਂ ਦਾ ਰੂਪ ਦੇਖ ਵਫ਼ਦ ਬਾਗੋ-ਬਾਗ ਦਿਖਾਈ ਦੇ ਰਿਹਾ ਹੈ। ਵਫ਼ਦ ਦੇ ਅਕਾਲੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਵਫ਼ਦ ਨੂੰ ਇੰਨਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਮੀਟਿੰਗਾਂ ’ਚ ਨੌਜਵਾਨ, ਬਜ਼ੁਰਗ ਜੱਥਿਆਂ ਦੇ ਰੂਪ ਵਿਚ ਆ ਰਹੇ ਹਨ ਅਤੇ ਸੜਕਾਂ ’ਤੇ ਜਾਮ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੋਂ ਮਿਲ ਰਿਹਾ ਇਹ ਸਮਰਥਨ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ ਅਤੇ ਪੰਜਾਬ ਵਿਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਅਤੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ।


 


author

Babita

Content Editor

Related News