ਪੁੱਟੀ ਹੋਈ ਸੜਕ ਦੇ ਚਲਦੇ ਹਾਦਸੇ ਦਾ ਸ਼ਿਕਾਰ ਹੋਈ ਨਵਨੀਤ ਨੇ ਤੋੜਿਆ ਦਮ

02/03/2020 12:13:37 AM

ਲੌਂਗੋਵਾਲ, (ਵਸ਼ਿਸ਼ਟ )- ਇੱਥੋਂ ਦੀ ਬਡਬਰ ਰੋਡ ਤੇ ਬੀਤੇ ਸ਼ੁੱਕਰਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਨਵਨੀਤ ਸ਼ਰਮਾਂ ਉਰਫ਼ ਟੀਨਾ ਪਤਨੀ ਅਮਨ ਸ਼ਰਮਾ ਪਟਵਾਰੀ ਵਾਸੀ ਲੌਂਗੋਵਾਲ ਨੇ ਆਖਰ ਬੀਤੀ ਰਾਤ ਦਮ ਤੋੜ ਦਿੱਤਾ।ਭਾਵੇਂ ਸੈਂਕੜੇ ਹੀ ਨਮ ਅੱਖਾਂ ਦੀ ਹਾਜ਼ਰੀ ਵਿੱਚ ਪਰਿਵਾਰ ਦੇ ਨੇੜਲੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਰੋਂਦਿਆਂ ਕਰਲਾਉਂਦਿਆਂ ਨਵਨੀਤ ਦਾ ਅੰਤਿਮ ਸਸਕਾਰ ਸਥਾਨਕ ਰਾਮਬਾਗ ਵਿਖੇ ਕਰ ਦਿੱਤਾ ਗਿਆ।ਪਰ ਹਾਦਸੇ ਦੇ ਕਾਰਨਾਂ ਨੂੰ ਲੈ ਕੇ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆਏ ।ਦੱਸਣਯੋਗ ਹੈ ਕਿ ਬਡਬਰ ਤੋਂ ਸੁਨਾਮ ਤੱਕ ਨਵੀਂ ਸੜਕ ਬਣਾਉਣ ਦੇ ਮਨੋਰਥ ਨਾਲ ਪੁੱਟੀ ਗਈ ਪੁਰਾਣੀ ਸੜਕ ਤੇ ਬੀਤੇ ਸ਼ੁੱਕਰਵਾਰ ਨੂੰ ਵਾਪਰੇ ਤਿੰਨ ਭਿਆਨਕ ਹਾਦਸਿਆ ਕਾਰਨ ਪੰਜ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਸਨ ।ਲੋਕਾਂ ਦਾ ਕਹਿਣਾ ਹੈ ਕਿ ਸੜਕ ਤਾਂ ਪੁੱਟ ਦਿੱਤੀ ਗਈ ਪਰ ਵਿਭਾਗ ਵੱਲੋਂ ਕੋਈ ਵੀ ਅਗਾਊਂ ਸੂਚਨਾ ਦਿੰਦੇ ਬੋਰਡ ਨਹੀਂ ਲਗਾਏ ਗਏ। ਜਿਸ ਨਾਲ ਵਹੀਕਲਾਂ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਅੱਗੇ ਸੜਕ ਪੁੱਟੀ ਹੋਈ ਹੈ।ਅਤੇ ਸੜਕ ਦਾ ਕੰਮ ਉਸਾਰੀ ਅਧੀਨ ਹੈ ।ਦੇਖਣ ਵਿਚ ਆਇਆ ਹੈ ਕਿ ਵਹੀਕਲਾਂ ਵਾਲੇ ਰੁਟੀਨ ਦੀ ਸਪੀਡ ਨਾਲ ਜਦ ਖੁਰਚੀ ਹੋਈ ਇਸ ਸੜਕ ਤੇ ਚੜਦੇ ਹਨ ਤਾਂ ਗੱਡੀ ਜਾਂ ਦੋ ਪਹੀਆ ਵਾਹਨ ਮੱਲੋ ਮੱਲੀ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਜਦੋਂ ਨੂੰ ਬੰਦਾ ਸੰਭਲਣ ਦੀ ਕੋਸ਼ਿਸ਼ ਕਰਦਾ ਹੈ ਉਦੋਂ ਨੂੰ ਹਾਦਸਾ ਵਾਪਰ ਚੁੱਕਾ ਹੁੰਦਾ ਹੈ । ਸਰਕਾਰ ਦੀ ਇਸੇ ਅਣਗਹਿਲੀ ਨੇ ਤਿੰਨ ਹਾਦਸਿਆਂ ਦੌਰਾਨ ਪੰਜ ਵਿਅਕਤੀਆਂ ਨੂੰ ਗੰਭੀਰ ਰੂਪ ਜ਼ਖਮੀ ਕਰ ਦਿੱਤਾ ।ਜਿਨ੍ਹਾਂ ਵਿੱਚੋਂ ਇੱਕ ਸੇਵਾ ਮੁਕਤ ਪੁਲਿਸ ਅਫ਼ਸਰ ਲਛਮਣ ਦਾਸ ਸ਼ਰਮਾ ਦੀ ਪੁੱਤਰੀ ਨਵਨੀਤ ਸ਼ਰਮਾਂ ਉਰਫ਼ ਟੀਨਾ (34) ਕੱਲ੍ਹ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਮ ਤੋੜ ਗਈ।ਦੂਜੇ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਸੁਮਿਤ ਸਿੰਗਲਾ ਅਤੇ ਨਿਤੇਸ਼ ਕੁਮਾਰ ਭਾਵੇਂ ਖਤਰੇ ਤੋਂ ਬਾਹਰ ਹਨ ।ਪਰ ਨਵਨੀਤ ਦਾ ਪਤੀ ਅਮਨ ਸ਼ਰਮਾ ਅਤੇ ਬੇਟਾ ਨੰਨੂ ਅਜੇ ਵੀ ਪਟਿਆਲਾ ਵਿਖੇ ਇਲਾਜ ਅਧੀਨ ਹਨ ।
ਵਰਨਣਯੋਗ ਹੈ ਇਸ ਤੋਂ ਪਹਿਲਾਂ ਵੀ ਜਦ ਲੌਂਗੋਵਾਲ ਤੋਂ ਸ਼ੇਰੋਂ ਤੱਕ ਸੜਕ ਨੂੰ ਪੁੱਟ ਕੇ ਸੁੱਟ ਦਿੱਤਾ ਗਿਆ ਸੀ।ਅਤੇ ਕਈ ਮਹੀਨੇ ਉਸ ਦੀ ਕਿਸੇ ਨੇ ਸਾਰ ਨਹੀਂ ਲਈ ।ਜਿਸ ਕਾਰਨ ਅਨੇਕਾਂ ਹੀ ਛੋਟੇ ਮੋਟੇ ਹਾਦਸੇ ਵਾਪਰਨ ਕਰਕੇ ਕਈ ਬੰਦੇ ਫੱਟੜ ਹੋ ਗਏ ਸਨ ।ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸੜਕ ਦਾ ਟੈਂਡਰ 2018 ਵਿੱਚ ਹੋਇਆ ਸੀ । ਅਤੇ ਇਹ ਸੜਕ ਦਸੰਬਰ 2019ਵਿੱਚ ਮੁਕੰਮਲ ਕੀਤੀ ਜਾਣੀ ਸੀ ।ਹੈਰਾਨੀ ਦੀ ਗੱਲ ਇਹ ਹੈ ਕਿ ਕਿ ਅਜੇ ਤੱਕ ਇਹ ਸੜਕ 19 ਕਿਲੋਮੀਟਰ ਵਿੱਚੋਂ ਸਿਰਫ ਦੋ ਕਿਲੋਮੀਟਰ ਵੀ ਮੁਸ਼ਕਿਲ ਨਾਲ ਮੁਕੰਮਲ ਹੋਈ ਹੋਵੇਗੀ ।ਸਰਕਾਰ ਅਤੇ ਵਿਭਾਗ ਦੀ ਸੁਸਤ ਰਫਤਾਰ ਨੂੰ ਲੈ ਕੇ ਵੀ ਲੋਕ ਕਈ ਤਰ੍ਹਾਂ ਦੇ ਸਵਾਲ ਤੇ ਟਿੱਪਣੀਆਂ ਕਰ ਰਹੇ ਹਨ ।


Bharat Thapa

Content Editor

Related News