ਉਪ ਮੰਡਲ ਮੈਜਿਸਟਰੇਟ ਦੀ ਅਗਵਾਈ 'ਚ ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਬਚਾਅ ਲਈ ਕੀਤੀ ਗਈ ਮੌਂਕ ਡਰਿੱਲ

Friday, Jul 03, 2020 - 06:51 PM (IST)

ਉਪ ਮੰਡਲ ਮੈਜਿਸਟਰੇਟ ਦੀ ਅਗਵਾਈ 'ਚ ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਬਚਾਅ ਲਈ ਕੀਤੀ ਗਈ ਮੌਂਕ ਡਰਿੱਲ

ਦਿੜਬਾ ਮੰਡੀ( ਅਜੈ ) - ਉਪ ਮੰਡਲ ਮੈਜਿਸਟਰੇਟ ਦਿੜਬਾ ਮਨਜੀਤ ਸਿੰਘ ਚੀਮਾ ਦੀ ਅਗਵਾਈ 'ਚ ਨਜਦੀਕੀ ਪਿੰਡ ਤੂਰਬੰਜਾਰਾ ਵਿਖੇ ਟਿੱਡੀ ਦਲ ਤੋ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਚਾਓ ਸਬੰਧੀ ਅਗਾਊ ਜਾਣਕਾਰੀ ਦੇਣ ਲਈ ਮੌਕ ਡਰਿੱਲ ਕੀਤੀ ਗਈ। ਜਿਸ ਵਿਚ ਖੇਤੀਬਾੜੀ ਵਿਕਾਸ ਅਫਸਰ ਦਮਨਦੀਪ ਸਿੰਘ, ਐਕਸੀਅਨ ਪੀ.ਐਸ.ਪੀ.ਸੀ.ਐਲ. ਦਿੜਬਾ ਮੁਨੀਸ ਕੁਮਾਰ ਜਿੰਦਲ, ਨਗਰ ਪੰਚਾਇਤ ਦਿੜਬਾ ਦੇ ਮੁਲਾਜ਼ਮ, ਬੀ.ਡੀ.ਪੀ.ਓ. ਦਿੜਬਾ ਦਫਤਰ ਦੇ ਅਧਿਕਾਰੀ, ਫਾਇਰ ਬ੍ਰਿਗੇਡ ਸਮੇਤ ਪੂਰਾ ਸਟਾਫ ਅਤੇ ਹੋਰ ਸਬੰਧਤ ਵਿਭਾਗ ਦੇ ਮੁਲਾਜ਼ਮ ਹਾਜਰ ਸਨ।

ਖੇਤੀਬਾੜੀ ਅਫਸਰ ਦਮਨਦੀਪ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਟਿੱਡੀ ਦਲ ਬਹੁਤ ਖਤਰਨਾਕ ਹੈ ਪਰ ਇਸ ਦਾ ਹਮਲਾ ਹੋਣ 'ਤੇ ਸਮੇਂ ਸਿਰ  ਉਪਾਅ ਕਰਕੇ ਕਿਸਾਨਾਂ ਦੀਆਂ ਕੀਮਤੀ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ। ਇਹ ਦਲ ਸ਼ਾਮ 5 ਵਜੇ ਤੋਂ ਬਾਅਦ ਆਉਂਦਾ ਹੈ ਅਤੇ ਰਾਤ ਨੂੰ ਫਸਲਾਂ ਦਾ ਬੁਰੀ ਤਰ੍ਹਾਂ ਨੁਕਸਾਨ ਕਰਕੇ ਸਵੇਰੇ 9 ਵਜੇ ਤੋਂ ਪਹਿਲਾਂ ਹੀ ਅੱਗੇ ਕੂਚ ਕਰ ਜਾਂਦਾ ਹੈ । ਉਨ੍ਹਾਂ ਕਿਹਾ ਕਿ ਕਿਸ ਦਵਾਈ ਦੀ ਸਪਰੇਅ ਕਰਨੀ ਹੈ ਤੇ  ਕਿੰਨੀ ਮਾਤਰਾ ਵਿਚ ਕਰਨੀ ਹੈ। ਇਸ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਉਪ ਮੰਡਲ ਮੈਜਿਸਟਰੇਟ ਮਨਜੀਤ ਸਿੰਘ ਚੀਮਾ ਨੇ ਸਬੰਧਤ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇਸ ਆਫਤ ਤੋਂ ਬਚਾਅ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਸਾਰੇ ਵਿਭਾਗਾਂ ਦੇ ਆਪਸੀ ਤਾਲਮੇਲ ਨੂੰ ਵੀ ਜਰੂਰੀ ਦੱਸਿਆ ਗਿਆ।

ਜੀ.ਓ.ਜੀ.ਇੰਚਾਰਜ ਕੈਪਟਨ ਗੁਲਾਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਕਿਸਾਨਾਂ ਨੂੰ ਟਿੱਡੀ ਦਲ ਦੇ ਸੰਭਾਵੀ ਹਮਲੇ ਕਾਰਨ ਐਮਰਜੈਂਸੀ ਨੰਬਰ ਉਪਲਬਧ ਕਰਵਾਏ ਗਏ ਹਨ ਅਤੇ ਰਾਤ ਨੂੰ ਰੋਸ਼ਨੀ ਲਈ ਲਾਇਟ ਦਾ ਪ੍ਰਬੰਧ, ਸੋਰ ਪਾਉਣਾ ਅਤੇ ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਨਾਲ ਰਾਬਤਾ ਕਿਵੇ ਕਾਇਮ ਕਰਨਾ ਹੈ ਤਾਂ ਜੋ ਲੋੜ ਪੈਣ ਤੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਜਲਦੀ ਸੁਰੂ ਕੀਤੀ ਜਾ ਸਕੇ ਆਦਿ ਗੱਲਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਸਰਪੰਚ ਤੂਰਬੰਨਜਾਰਾ, ਕਾਨੂੰਨਗੋ ਕਰਮਜੀਤ ਸਿੰਘ, ਰਣਜੀਤ ਸਿੰਘ ਕੈਂਪਰ, ਮਨੋਜ ਕੁਮਾਰ ਅਤੇ ਹੋਰ ਮੁਲਾਜ਼ਮ ਵੀ ਹਾਜਰ ਸਨ ।
 


author

Harinder Kaur

Content Editor

Related News