ਪਿਛਲੇ 14 ਦਿਨਾਂ ''ਚ ਨਹੀਂ ਆਇਆ ਕੋਈ ਕੋਰੋਨਾ ਪਾਜ਼ੇਟਿਵ ਕੇਸ, 800 ਤੋਂ ਵੱਧ ਵਿਅਕਤੀਆਂ ਦੇ ਟੈਸਟ  ਨੈਗੇਟਿਵ

05/19/2020 7:22:24 PM

ਸੰਗਰੂਰ,(ਬੇਦੀ): ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਲੋਂ ਜ਼ਿਲ੍ਹਾ ਸੰਗਰੂਰ 'ਚ ਕੋਵਿਡ-19 ਸਬੰਧੀ ਪ੍ਰਸ਼ਾਸਨ ਅਤੇ ਪੁਲਿਸ ਦੇ ਪੱਧਰ ਉੱਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਆਏ ਕੁੱਲ 91 ਵਿਅਕਤੀਆਂ 'ਚੋਂ 90 ਨੂੰ ਤੰਦਰੁਸਤ ਹੋਣ ਮਗਰੋਂ ਘਰਾਂ ਵਿੱਚ ਭੇਜਿਆ ਜਾ ਚੁੱਕਾ ਹੈ, ਜਦਕਿ ਇਕ ਮਰੀਜ਼, ਜੋ ਕਿ ਟੀ. ਬੀ ਰੋਗ ਨਾਲ ਪੀੜਤ ਹੈ, ਦਾ ਪਹਿਲਾ ਟੈਸਟ ਨੈਗੇਟਿਵ ਆ ਚੁੱਕਾ ਹੈ ਅਤੇ ਦੂਜਾ ਟੈਸਟ ਨੈਗੇਟਿਵ ਆ ਜਾਣ ਉਪਰੰਤ ਉਸ ਨੂੰ ਵੀ ਘਰ ਭੇਜ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਸਿਵਲ ਸਰਜਨ ਡਾ. ਰਾਜ ਕੁਮਾਰ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਸਮੇਤ ਹੋਰ ਅਧਿਕਾਰੀਆਂ ਸਮੇਤ ਵੀਡੀਓ ਕਾਨਫਰੰਸ 'ਚ ਥੋਰੀ ਨੇ ਦੱਸਿਆ ਕਿ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਹਦਾਇਤਾਂ ਅਨੁਸਾਰ ਭੇਜਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਹੁਣ ਤੱਕ ਵੱਖ-ਵੱਖ ਰਾਜਾਂ ਦੇ ਕਰੀਬ 1500 ਨਾਗਰਿਕ ਇਥੋਂ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਕੋਈ ਪਾਜ਼ੇਟਿਵ ਕੇਸ ਨਹੀਂ ਆਇਆ ਅਤੇ ਭੇਜੇ ਗਏ 800 ਦੇ ਕਰੀਬ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ 'ਚੋਂ ਤਿੰਨ ਨਾਗਰਿਕ ਪਰਤ ਚੁੱਕੇ ਹਨ ਅਤੇ ਇਥੇ ਲੋੜ ਮੁਤਾਬਕ ਸਰਕਾਰੀ ਇਕਾਂਤਵਾਸ ਕੇਂਦਰਾਂ ਅਤੇ ਹੋਟਲਾਂ 'ਚ ਇਕਾਂਤਵਾਸ ਕਰਨ ਦਾ ਉਚਿਤ ਪ੍ਰਬੰਧ ਹੈ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਲਾਕ ਡਾਊਨ 4.0 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਸਬੰਧੀ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਅੰਤਰ ਰਾਜੀ ਨਾਕਿਆਂ ਰਾਹੀਂ ਦਾਖਲ ਹੋਣ ਵਾਲੇ ਨਾਗਰਿਕਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਹੋਰ ਵੱਖ-ਵੱਖ ਮਾਮਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
 


Deepak Kumar

Content Editor

Related News