ਹੈਰੋਇਨ ਅਤੇ 12,000 ਰੁਪਏ ਡਰੱਗ ਮਨੀ ਸਮੇਤ 2 ਜਣੇ ਕਾਬੂ
Thursday, Jul 03, 2025 - 06:50 PM (IST)

ਫਰੀਦਕੋਟ(ਜਗਦੀਸ਼)- ਡਾ. ਪ੍ਰਗਿਆ ਜੈਨ ਐੱਸ. ਐੱਸ. ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਫਰੀਦਕੋਟ ਨੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 2 ਦੋਸ਼ੀਆਂ ਨੂੰ 100 ਗ੍ਰਾਮ ਹੈਰੋਇਨ ਅਤੇ 12000 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਤਰਲੋਚਨ ਸਿੰਘ ਡੀ. ਐੱਸ. ਪੀ. ਫਰੀਦਕੋਟ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਲਵਜੀਤ ਸਿੰਘ ਉਰਫ ਲਵਪ੍ਰੀਤ ਅਤੇ ਹਰਜੀਤ ਸਿੰਘ ਉਰਫ ਲੱਲੀ ਵਾਸੀ ਫਰੀਦਕੋਟ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਇਹਨਾਂ ਪਾਸੋਂ, 1 ਕੰਪਿਊਟਰ ਕੰਡਾ, 1 ਸਪਲੈਂਡਰ ਮੋਟਰਸਾਈਕਲ ਅਤੇ 1 ਮੋਬਾਇਲ ਫੋਨ ਵੀ ਕਬਜ਼ੇ ’ਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੀ. ਆਈ. ਏ ਸਟਾਫ ਫਰੀਦਕੋਟ ਦੀ ਟੀਮ ਇਲਾਕੇ ਦੀ ਗਸ਼ਤ ਦੌਰਾਨ ਫਰੀਦਕੋਟ-ਫਿਰੋਜਪੁਰ ਰੋਡ ਨੇੜੇ ਡਰੇਨ ਪੁਲ ਮੌਜੂਦ ਸੀ ਤਾਂ ਇਹ ਦੋਸ਼ੀ ਸਪਲੈਂਡਰ ਮੋਟਰਸਾਈਕਲ ’ਤੇ ਖੜੇ ਦਿਖਾਈ ਦਿੱਤੇ, ਪੁਲਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਂ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਦੋਸ਼ੀਆਂ ਦੇ ਮੋਟਰਸਾਈਕਲ ਦੇ ਮੀਟਰ ਵਾਲੇ ਟਾਪੇ ਵਿੱਚੋਂ 100 ਗ੍ਰਾਮ ਹੈਰੋਇਨ, 12000 ਰੁਪਏ ਡਰੱਗ ਮਨੀ ਅਤੇ 1 ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐੱਨ. ਡੀ. ਪੀ. ਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।