ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਮੋਟਰਸਾਈਕਲ ਨਾਲ ਟਕਰਾਈ
Wednesday, Oct 03, 2018 - 01:45 AM (IST)

ਅੰਮ੍ਰਿਤਸਰ, (ਸੰਜੀਵ)- ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਆ ਰਹੀ ਤੇਜ਼ ਰਫਤਾਰ ਕਾਰ ਦਾ ਅਚਾਨਕ ਟਾਇਰ ਫਟ ਜਾਣ ਕਾਰਨ ਬੇਕਾਬੂ ਹੋ ਕੇ ਇਕ ਮੋਟਰਸਾਈਕਲ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਸਡ਼ਕ ’ਤੇ ਪਲਟੀਆਂ ਖਾਂਦੀ ਝਾਡ਼ੀਆਂ ’ਚ ਜਾ ਵਡ਼ੀ, ਜਦੋਂ ਕਿ ਦੂਜੇ ਪਾਸੇ ਬਾਈਕ ਸਵਾਰ ਵੀ ਸਡ਼ਕ ’ਤੇ ਦੂਰ ਤੱਕ ਘਿਸੜਦਾ ਗਿਆ। ਇਸ ਟੱਕਰ ’ਚ ਦੋਵਾਂ ਵਾਹਨਾਂ ਦੇ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ’ਚ ਹਰਪ੍ਰੀਤ ਸਿੰਘ ਹੈਪੀ ਤੇ ਆਗਿਆਪਾਲ ਸਿੰਘ ਵਾਸੀ ਗੁਰਦਾਸਪੁਰ ਸ਼ਾਮਿਲ ਹਨ। ਹੈਪੀ ਮੋਟਰਸਾਈਕਲ ’ਤੇ ਅਤੇ ਆਗਿਆਪਾਲ ਕਾਰ ’ਚ ਸਵਾਰ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੱਥੂਨੰਗਲ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਮੇਂ ’ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਆਗਿਆਪਾਲ ਆਪਣੀ ਕਾਰ ਰਾਹੀਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ, ਜਦੋਂ ਕਿ ਦੂਜੇ ਪਾਸੇ ਹਰਪ੍ਰੀਤ ਆਪਣੇ ਮੋਟਰਸਾਈਕਲ ’ਤੇ ਗੁਰਦਾਸਪੁਰ ਵੱਲ ਜਾ ਰਿਹਾ ਸੀ, ਜਿਵੇਂ ਹੀ ਦੋਵੇਂ ਗੱਡੀਆਂ ਕੱਥੂਨੰਗਲ-ਗੋਪਾਲਪੁਰਾ ਦੇ ਨੇਡ਼ੇ ਪੁੱਜੀਅਾਂ, ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਕਾਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਹੋਈ ਝਾਡ਼ੀਆਂ ’ਚ ਵਡ਼ ਗਈ ਅਤੇ ਮੋਟਰਸਾਈਕਲ ਸਵਾਰ ਹੈਪੀ ਦੂਰ ਤੱਕ ਘਿਸੜਦਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।