ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ

Sunday, Apr 06, 2025 - 02:56 PM (IST)

ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ

ਅੰਮ੍ਰਿਤਸਰ (ਨੀਰਜ): ਯੁੱਧ ਨਸ਼ਿਆਂ ਵਿਰੁੱਧ ਦੇ ਸੰਕਲਪ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੈਦਲ ਮਾਰਚ ਕਰ ਰਹੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਾਤਾਰ ਦੂਸਰੇ ਦਿਨ ਪੈਦਲ ਮਾਰਚ ਦੀ ਅਗਵਾਈ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੇ ਵਿਰੁੱਧ ਜਹਾਦ ਖੜਾ ਕਰਨ ਲਈ ਉੱਠ ਪੈਣ । ਉਨ੍ਹਾਂ ਕਿਹਾ ਕਿ ਪੰਜਾਬ ਜੋ ਆਪਣੀ ਦੇਸ਼ ਭਗਤੀ, ਸੂਰਬੀਰਾਂ, ਸ਼ਹੀਦਾਂ, ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣਿਆ ਜਾਂਦਾ ਹੈ, ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੁਸ਼ਮਣ ਦੇਸ਼ ਤੋਂ ਨਸ਼ਾ ਤਸਕਰੀ ਜਾਰੀ ਹੈ ਪਰ ਇਸ ਨੂੰ ਫੜਨ ਲਈ ਸਾਡੀਆਂ ਫੋਰਸਾਂ ਵੀ ਦਿਨ ਰਾਤ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਪਿੰਡ ਪੱਧਰ ਦੀਆਂ ਸੁਰੱਖਿਆ ਕਮੇਟੀਆਂ ਵੀ ਬਹੁਤ ਚੌਕਸੀ ਨਾਲ ਇਸ ਤਸਕਰੀ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ, ਜੋ ਕਿ ਵਧਾਈ ਦੀਆਂ ਪਾਤਰ ਹਨ।  

ਉਹਨਾਂ ਕਿਹਾ ਕਿ ਨਸ਼ਾ ਇਸ ਵੇਲੇ ਕੇਵਲ ਪੰਜਾਬ ਦੀ ਹੀ ਸਮੱਸਿਆ ਨਹੀਂ ਸਗੋਂ ਇਹ ਸਾਰੇ ਦੇਸ਼ ਨੂੰ ਆਪਣੇ ਗ੍ਰਿਫਤ ਵਿੱਚ ਲੈ ਰਿਹਾ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਅਤੇ ਇਥੋਂ ਨਸ਼ੇ ਦੀ ਤਸਕਰੀ ਆਸਾਨੀ ਨਾਲ ਹੋ ਜਾਂਦੀ ਹੈ, ਇਸ ਲਈ ਦੁਸ਼ਮਣ ਇਸ ਦਾ ਮੌਕਾ ਉਠਾਉਂਦੇ ਹੋਏ ਸਪਲਾਈ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਪਹਿਲਾਂ ਵੀ ਸਰਹੱਦ ਉੱਤੇ ਐਂਟੀ ਡਰੋਨ ਸਿਸਟਮ ਲਗਾਏ ਗਏ ਸਨ ਅਤੇ ਹੁਣ ਹੋਰ ਵਧਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਐਂਟੀ ਡਰੋਨ ਸਿਸਟਮ ਲਗਾਉਣ ਲਈ ਉਪਰਾਲੇ ਕਰ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਕ ਹੋਰ ਪਾਦਰੀ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼! ਕਿਸੇ ਵੇਲੇ ਵੀ ਹੋ ਸਕਦੈ ਗ੍ਰਿਫ਼ਤਾਰ

ਰਾਜਪਾਲ ਨੇ ਸ਼ਹੀਦ ਭਗਤ ਸਿੰਘ ਗਰੁੱਪ ਆਫ ਕਾਲਜ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੱਚਿਆਂ ਅਤੇ ਮੋਹਤਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਲਈ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਨਸ਼ਾ ਕੇਵਲ ਮੇਰੇ ਪੈਦਲ ਮਾਰਚ ਨਾਲ ਜਾਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਖਤਮ ਨਹੀਂ ਹੋ ਸਕਦਾ, ਇਸ ਨੂੰ ਖਤਮ ਕਰਨ ਲਈ ਜਨਤਾ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਜਿਸ ਵੀ ਪੰਚਾਇਤ ਨੂੰ ਖੇਡ ਮੈਦਾਨ ਬਣਾਉਣ ਲਈ ਕੋਈ ਸਹਾਇਤਾ ਚਾਹੀਦੀ ਹੈ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਨਾਲ ਰਾਬਤਾ ਕਰ ਸਕਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਗੁਰੂ ਘਰਾਂ ਅਤੇ ਮੰਦਰਾਂ ਨਾਲ ਜੋੜਨਾ ਵੀ ਨਸ਼ਾ ਮੁਕਤੀ ਲਈ ਬਹੁਤ ਵੱਡਾ ਉਪਰਾਲਾ ਹੋ ਸਕਦਾ ਹੈ। ਉਹਨਾਂ ਆਪਣੇ ਸਮੇਂ ਦੀਆਂ ਉਦਾਹਰਨਾਂ ਦਿੰਦੇ ਕਿਹਾ ਕਿ ਸਾਡੇ ਵੇਲੇ ਸਾਰੇ ਬੱਚੇ ਆਪਣੇ ਧਾਰਮਿਕ ਅਕੀਦੇ ਅਨੁਸਾਰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਜਾਂਦੇ ਸਨ। ਜਿੱਥੋਂ ਉਹਨਾਂ ਦੀ ਧਾਰਮਿਕ ਤ੍ਰਿਪਤੀ ਤਾਂ ਹੁੰਦੀ ਹੀ ਸੀ ਨਾਲ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਪ੍ਰੇਰਨਾ ਵੀ ਮਿਲਦੀ ਸੀ ਜੋ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦੀ ਸੀ ਪਰ ਹੁਣ ਬੱਚੇ ਮੋਬਾਈਲਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਮਾਪੇ ਵੀ ਉਹਨਾਂ ਨੂੰ ਧਾਰਮਿਕ ਸਥਾਨਾਂ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਤੋਂ ਇਲਾਵਾ ਬੱਚਿਆਂ ਨੂੰ ਖੇਡ ਮੈਦਾਨਾਂ ਤੱਕ ਵੀ ਭੇਜਣ ਦੀ ਹਿੰਮਤ ਬੱਚਿਆਂ ਦੇ ਮਾਪੇ ਨਹੀਂ ਕਰਦੇ, ਜੋ ਕਿ ਕਰਨੀ ਬਹੁਤ ਜ਼ਰੂਰੀ ਹੈ । 

ਇਹ ਵੀ ਪੜ੍ਹੋ- 3 ਭੈਣਾਂ ਦੇ ਇਕਲੌਤੇ ਭਰਾ ਦੀ ਨਹਿਰ 'ਚ ਮਿਲੀ ਲਾਸ਼, ਧਾਹਾਂ ਮਾਰਦੇ ਪਰਿਵਾਰ ਨੇ ਕਿਹਾ ਸਾਡੇ ਪੁੱਤ ਦਾ...

ਰਾਜਪਾਲ ਨੇ ਕਿਹਾ ਕਿ ਇੱਕ ਚੰਗਾ ਖਿਡਾਰੀ ਕੇਵਲ ਆਪਣੇ ਸਰੀਰ ਦੀ ਸਾਂਭ ਸੰਭਾਲ ਲਈ ਹੀ ਚੌਕਸ ਨਹੀਂ ਹੁੰਦਾ, ਬਲਕਿ ਉਹ ਹਾਰ ਜਿੱਤ ਨੂੰ ਬਰਦਾਸ਼ਤ ਕਰਨ, ਭਾਈਚਾਰਕ ਸਾਂਝ, ਅਨੁਸ਼ਾਸਨ ਵਰਗੇ ਵੱਡੇ ਗੁਣ ਵੀ ਸਿੱਖਦਾ ਹੈ। ਕਈ ਵਾਰ ਬੱਚਿਆਂ ਦੀ ਇਹ ਪਰਵਾਜ ਅੰਤਰਰਾਸ਼ਟਰੀ ਖੇਡ ਮੈਦਾਨਾਂ ਤੱਕ ਵੀ ਪਹੁੰਚ ਜਾਂਦੀ ਹੈ ਜੋ ਕਿ ਉਸ ਪਰਿਵਾਰ ਦਾ ਹੀ ਨਹੀਂ ਬਲਕਿ ਦੇਸ਼ ਦਾ ਨਾਮ ਰੋਸ਼ਨ ਕਰ ਜਾਂਦੇ ਹਨ। ਉਹਨਾਂ ਕਿਹਾ ਕਿ ਆਓ ਆਪਣੇ ਬੱਚਿਆਂ ਨੂੰ ਮੁੜ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਅਤੇ ਖੇਡ ਮੈਦਾਨਾਂ ਨਾਲ ਜੋੜੀਏ।  ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਪੈਦਲ ਮਾਰਚ ਵਿੱਚ ਹਿੱਸਾ ਲਿਆ। ਆਕਸਫੋਰਡ ਸਕੂਲ ਤੋਂ ਚੱਲ ਕੇ ਇਹ ਯਾਤਰਾ ਸ਼ਹੀਦ ਭਗਤ ਸਿੰਘ ਗਰੁੱਪ ਆਫ ਕਾਲਜ ਵਿੱਚ ਆ ਕੇ ਸਮਾਪਤ ਹੋਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News