ਸਿਹਤ ਵਿਭਾਗ ਦੀ ਟੀਮ ਨੇ ਲੱਡੂ, ਬਰਫੀ, ਦਹੀ ਤੇ ਵੜੀਆਂ ਦੇ ਭਰੇ 9 ਸੈਂਪਲ
Tuesday, Oct 20, 2020 - 01:37 PM (IST)
ਤਰਨਤਾਰਨ (ਰਮਨ): ਲੋਕਾਂ ਦੀ ਸਿਹਤ ਨਾਲ ਕਿਸੇ ਕੀਮਤ 'ਤੇ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਘਟੀਆ ਮਟੀਰੀਅਲ ਦੀ ਵਰਤੋਂ ਕਰਨ ਵਾਲੇ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਕੀਤਾ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਸਥਾਨਕ ਸ਼ਹਿਰ ਦੀਆਂ ਰੇਹੜੀਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ 'ਤੇ ਜਦੋਂ ਹੀ ਦਸਤਕ ਦਿੱਤੀ ਗਈ, ਉਸ ਤੋਂ ਤੁਰੰਤ ਬਾਅਦ ਕਈ ਰੇਹੜੀ ਅਤੇ ਦੁਕਾਨਦਾਰ ਦੁਕਾਨਾਂ ਬੰਦ ਕਰ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰਖਦੇ ਹੋਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਪੰਜਾਬ ਵਲੋਂ ਸਮੂਹ ਜ਼ਿਲ੍ਹਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਪੂਰੀ ਸਖ਼ਤੀ ਵਰਤੋਂ 'ਚ ਲਿਆਂਦੀ ਜਾਵੇ। ਇਸ ਤਹਿਤ ਸੋਮਵਾਰ ਸ਼ਾਮ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਵਲੋਂ ਕੀਤੀ ਗਈ। ਇਸ ਟੀਮ ਦੀ ਦਸਤਕ ਵੇਖਦੇ ਹੀ ਕਈ ਰੇਹੜੀ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: : ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਟੀਮ ਨੇ ਕੁੱਲ 9 ਸੈਂਪਲ ਸੀਲ ਕੀਤੇ ਹਨ, ਜਿੰਨ੍ਹਾਂ ਦੀ ਲੈਬਾਟਰੀ ਰਿਪੋਰਟ ਆਉਣ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੀਮ ਵਲੋਂ ਬਰਫ਼ੀ, ਸੋਇਆ ਵੜੀ, ਦਹੀ, ਗੋਲ ਗੱਪੇ, ਖੁੱਲੀ ਚਟਨੀ, ਲੱਡੂ ਆਦਿ ਦੇ 9 ਸੈਂਪਲ ਸੀਲ ਕੀਤੇ ਗਏ ਹਨ, ਜਦਕਿ 3 ਦੁਕਾਨਦਾਰਾਂ ਨੂੰ ਸਾਫ਼ ਸਫ਼ਾਈ ਸਬੰਧੀ ਕਮੀਆਂ ਪਾਏ ਜਾਣ 'ਤੇ ਨੋਟਿਸ ਜਾਰੀ ਕੀਤੇ ਗਏ ਹਨ, ਜੋ ਇਕ ਹਫ਼ਤੇ ਅੰਦਰ ਆਪਣਾ ਜਵਾਬ ਵਿਭਾਗ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਹਿਰ 'ਚ ਲੱਗਦੀਆਂ ਰੇਹੜੀਆਂ ਵਾਲਿਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਬਿਨਾਂ ਮਾਸਕ, ਦਸਤਾਨੇ ਕਾਰੋਬਾਰ ਨਾ ਕਰਨ ਅਤੇ ਸਾਫ਼ ਸਫ਼ਾਈ ਰੱਖਣ।