ਪ੍ਰੋ. ਸਰਚਾਂਦ ਸਿੰਘ ਵਲੋਂ ਜਥੇਦਾਰ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ 'ਫ਼ਖ਼ਰ ਏ ਕੌਮ' ਦਾ ਰੁਤਬਾ ਵਾਪਸ ਲੈਣ ਦੀ ਅਪੀਲ
Sunday, Feb 26, 2023 - 12:48 AM (IST)
ਅੰਮ੍ਰਿਤਸਰ (ਬਿਊਰੋ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ’ਫ਼ਖ਼ਰ ਏ ਕੌਮ’ ਅਤੇ ’ਪੰਥ ਰਤਨ’ ਐਵਾਰਡ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਨੂੰ ਲਿਖੇ ਪੱਤਰ ’ਚ ਇਕ ਨਿਮਾਣੇ ਸਿੱਖ ਵਜੋਂ ਸਿੱਖ ਮਾਨਸਿਕਤਾ ਦੀ ਤਰਜਮਾਨੀ ਕਰਦਿਆਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਸਾਜ਼ਿਸ਼ ’ਚ ਮਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਉਣ ਨਾਲ ਬਾਦਲ ਨੇ ਪੰਥ ਦਾ ਵਿਸ਼ਵਾਸ ਗੁਆ ਲਿਆ ਹੈ। ਉਨ੍ਹਾਂ ’ਤੇ ਭਰੋਸਾ ਕਰਨ ਵਾਲੇ ਲੋਕ ਅੱਜ ਜਨਤਕ ਤੌਰ ’ਤੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਲਿਹਾਜ਼ਾ ਬਾਦਲ ’ਫ਼ਖ਼ਰ ਏ ਕੌਮ’ ਕਹਾਉਣ ਦਾ ਹੁਣ ਕੋਈ ਹੱਕ ਨਹੀਂ ਰੱਖਦਾ, ਉਨ੍ਹਾਂ ਨੂੰ ਇਹ ਸਨਮਾਨ ਤੁਰੰਤ ਵਾਪਸ ਕਰ ਦੇਣਾ ਚਾਹੀਦਾ ਹੈ। ਜੇਕਰ ਬਾਦਲ ਸਨਮਾਨ ਵਾਪਸ ਨਹੀਂ ਕਰਦਾ ਹੈ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਤੋਂ ਸਨਮਾਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ‘ਆਪ’ ਕਰੇਗੀ ਚੋਣ ਸ਼ੰਖਨਾਦ, ਪਾਰਟੀ ਨੂੰ ਕਿਉਂ ਨਜ਼ਰ ਆ ਰਿਹਾ ਹੈ ਤੀਜਾ ਬਦਲ!
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਬਾਦਲ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 2011 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਸਨਮਾਨ ਦਿੱਤਾ ਗਿਆ ਸੀ ਪਰ 2015 ’ਚ ਵਾਪਰੀਆਂ ਬੇਅਦਬੀਆਂ ਦੀਆਂ ਹਿਰਦੇਵੇਧਕ ਘਟਨਾਵਾਂ ਨਾਲ ਨਜਿੱਠਣ ’ਚ ਨਾਕਾਮੀ ਤੋਂ ਬਾਅਦ ਉਨ੍ਹਾਂ ਤੋਂ ਫ਼ਖਰ ਏ ਕੌਮ ਐਵਾਰਡ ਵਾਪਸ ਲੈਣ ਦੀ ਮੰਗ ਲਗਾਤਾਰ ਉੱਠਦੀ ਰਹੀ। ਜਦੋਂਕਿ ਹੁਣ ਡੀ.ਜੀ.ਪੀ. ਐਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਫ਼ਰੀਦਕੋਟ ਦੀ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਵਿਚ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਬਰਗਾੜੀ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ’ਤੇ ਗੋਲੀ ਚਲਾਉਣ ਦੇ ਮਾਮਲੇ ਦੀ ਸਾਜ਼ਿਸ਼ ’ਚ ਮਦਦ ਦੇਣ ਦਾ ਗੰਭੀਰ ਦੋਸ਼ ਸਾਹਮਣੇ ਆਇਆ ਹੈ। ਜਿਸ ’ਚ ਤਤਕਾਲੀ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀ.ਜੀ.ਪੀ. ਸੁਮੇਧ ਸੈਣੀ ਨੂੰ ਮਾਸਟਰਮਾਈਂਡ ਗਰਦਾਨਿਆ ਗਿਆ।
ਇਹ ਵੀ ਪੜ੍ਹੋ : ਇੰਗਲੈਂਡ ਨੇ ਪੰਜਾਬ ਨਾਲ ਆਪਸੀ ਸਹਿਯੋਗ ਵਧਾਉਣ ’ਤੇ ਦਿੱਤਾ ਜ਼ੋਰ
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਵਿਧਾਨ ਸਭਾ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬਹਿਸ ਦੌਰਾਨ ਬਾਈਕਾਟ ਕਰਨ ਵਾਲੇ ਬਾਦਲਾਂ ਨੇ ਇਕ ਦਹਾਕੇ ਦੇ ਰਾਜਭਾਗ ਦੌਰਾਨ ਜਾਣੇ ਅਨਜਾਣੇ ’ਚ ਕੀਤੀਆਂ ਭੁੱਲਾਂ ਦਾ ਜ਼ਿਕਰ ਕੀਤੇ ਬਿਨਾ ਪਸ਼ਚਾਤਾਪ ਕਰਨ ਦਾ ਰਾਹ ਵੀ ਚੁਣਿਆ ਪਰ ਹੁਣ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਨਾਲ ਸਾਫ਼ ਹੋ ਗਿਆ ਹੈ ਕਿ ਉਹ ਕਿਹੜੀਆਂ ਭੁੱਲਾਂ ਸਨ, ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਬਾਦਲ ਕੌਮੀ ਸਨਮਾਨ ਦਾ ਹੱਕ ਗੁਆ ਚੁਕਾ ਹੈ। ਉਨ੍ਹਾਂ ਕਿਹਾ ਕਿ 12 ਅਕਤੂਬਰ 2015 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹਿਰਦੇਵੇਧਕ ਘਟਨਾ ਹੋਈ। 14 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ’ਤੇ ਪੁਲਸ ਵੱਲੋਂ ਚਲਾਈ ਗਈ ਗੋਲੀ ਨਾਲ 2 ਸਿੰਘ ਸ਼ਹੀਦ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਨਿਕਲੇ, ਜਿਸ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਲਈ ਸਿੱਖਾਂ ਦੀਆਂ ਵੱਕਾਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਦੀ ਦੁਰਵਰਤੋਂ ਕੀਤੀ ਗਈ। ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਣ ਪ੍ਰਤੀ 90 ਲੱਖ ਤੋਂ ਵਧ ਦੀ ਇਸ਼ਤਿਹਾਰਬਾਜ਼ੀ ਕੀਤੀ ਗਈ, ਫਿਰ ਵੀ ਪੰਥਕ ਅਪਰਵਾਨਗੀ ਅਤੇ ਰੋਸ ਕਾਰਨ ਫ਼ੈਸਲਾ ਵਾਪਸ ਲੈਣਾ ਪਿਆ। ਉਨ੍ਹਾਂ ਪੰਥਕ ਸੰਸਥਾਵਾਂ ਨੂੰ ਬੇਈਮਾਨ ਲੀਡਰਸ਼ਿਪ ਦੀ ਢਾਲ ਨਾ ਬਣਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮੁਫਤ ਬਿਜਲੀ ਯੋਜਨਾ ’ਤੇ ਮੰਡਰਾਏ ਖ਼ਤਰੇ ਦੇ ਬੱਦਲ, ਉਪਭੋਗਤਾ ਨੂੰ ਲੱਗ ਸਕਦੈ ਵੱਡਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।