ਅੰਮ੍ਰਿਤਸਰ ਬਸ ਸਟੈਂਡ ਬੰਦ ਕਰਨ ’ਤੇ ਰੋਡਵੇਜ਼ ਮੁਲਾਜ਼ਮ ਤੇ ਨਿੱਜੀ ਬੱਸ ਆਪ੍ਰੇਟਰ ਹੋ ਗਏ ਆਹਮੋ-ਸਾਹਮਣੇ
Sunday, Oct 05, 2025 - 05:19 PM (IST)

ਅੰਮ੍ਰਿਤਸਰ(ਛੀਨਾ)- ਅੱਜ ਅੰਮ੍ਰਿਤਸਰ ਬਸ ਸਟੈਂਡ ’ਤੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਤੇ ਪਨ ਬਸ ਦੇ ਮੁਲਾਜ਼ਮਾਂ ਵੱਲੋਂ ਬਸ ਸਟੈਂਡ ਬੰਦ ਕਰ ਦਿੱਤਾ ਗਿਆ। ਬਸ ਸਟੈਂਡ ਬੰਦ ਕਰਨ ਦੇ ਵਿਰੋਧ ਵਿੱਚ ਨਿੱਜੀ ਬੱਸ ਆਪਰੇਟਰਾਂ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ, ਜਿਸ ਕਾਰਨ ਦੋਹਾਂ ਧਿਰਾਂ ਵਿਚਾਲੇ ਟਕਰਾਅ ਹੋਣ ਤੋਂ ਵਾਲ-ਵਾਲ ਬਚਿਆ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਮਿੰਨੀ ਬਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਿੰਨੀ ਤੇ ਵੱਡੀਆਂ ਬੱਸਾਂ ਦੇ ਆਪਰੇਟਰਾਂ ਨੇ ਰੋਡਵੇਜ਼ ਮੁਲਾਜ਼ਮਾਂ ’ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਬੱਬੂ ਤੇ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਕਿਹਾ ਕਿ ਜੇਕਰ ਰੋਡਵੇਜ਼ ਜਾਂ ਪਨ ਬਸ ਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੂੰ ਆਰ.ਟੀ.ਏ. ਸੈਕਟਰੀ ਜਲੰਧਰ ਵੱਲੋਂ ਬਣਾਏ ਗਏ ਨਵੇਂ ਟਾਈਮ ਟੇਬਲ ’ਤੇ ਕੋਈ ਇਤਰਾਜ਼ ਹੈ, ਤਾਂ ਉਹ ਡਿਪਟੀ ਕਮਿਸ਼ਨਰ ਜਾਂ ਟਰਾਂਸਪੋਰਟ ਮੰਤਰੀ ਨਾਲ ਗੱਲਬਾਤ ਕਰਨ, ਪਰ ਆਪਣੀ ਮਨਮਰਜ਼ੀ ਨਾਲ ਬਸ ਸਟੈਂਡ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਗਾਈਡਲਾਈਨਜ਼ ਜਾਰੀ
ਉਨ੍ਹਾਂ ਕਿਹਾ ਕਿ ਬਸ ਸਟੈਂਡ ਬੰਦ ਹੋਣ ਕਾਰਨ ਨਿੱਜੀ ਬੱਸਾਂ, ਦੁਕਾਨਦਾਰਾਂ ਅਤੇ ਮੈਨੇਜਮੈਂਟ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸਦਾ ਮੁਆਵਜ਼ਾ ਬਸ ਸਟੈਂਡ ਬੰਦ ਕਰਵਾਉਣ ਵਾਲੇ ਮੁਲਾਜ਼ਮਾਂ ਤੋਂ ਹਰ ਹਾਲਤ ਵਿੱਚ ਵਸੂਲਿਆ ਜਾਵੇਗਾ। ਪ੍ਰਧਾਨ ਬੱਬੂ ਨੇ ਕਿਹਾ ਕਿ ਨਵੇਂ ਟਾਈਮ ਟੇਬਲ ਵਿਚ ਕਈ ਪ੍ਰਾਈਵੇਟ ਬੱਸਾਂ ਦੇ ਸਮੇਂ ਕੱਟੇ ਗਏ, ਪਰ ਇਸ ਬਾਵਜੂਦ ਨਿੱਜੀ ਆਪਰੇਟਰਾਂ ਨੇ ਕੋਈ ਵਿਵਾਦ ਨਹੀਂ ਖੜ੍ਹਾ ਕੀਤਾ, ਫਿਰ ਰੋਡਵੇਜ਼ ਮੁਲਾਜ਼ਮ ਹੀ ਕਿਉਂ ਤਰਲੋਮੱਛੀ ਹੋ ਰਹੇ ਹਨ?
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ
ਇਸ ਮੌਕੇ ਬਲਦੇਵ ਸਿੰਘ ਬੱਬੂ, ਸਵਿੰਦਰ ਸਿੰਘ ਸੈਂਸਰਾ, ਅੰਮ੍ਰਿਤਸਰ-ਗੁਰਦਾਸਪੁਰ ਬਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਬਟਾਲਾ ਦੇ ਪ੍ਰਧਾਨ ਪ੍ਰਗਟ ਸਿੰਘ ਬਟਾਲਾ, ਮੱਖਣ ਸਿੰਘ ਸ਼ਕਰੀ, ਵਰਿੰਦਰਪਾਲ ਸਿੰਘ ਮਾਦੋਕੇ, ਸੁਰਿੰਦਰ ਸਿੰਘ ਗੁਰਾਇਆ, ਕੁਲਵੰਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਬਟਾਲਾ ਤੇ ਸੁੱਖਾ ਸਾਹਨੀ ਸਮੇਤ ਵੱਡੀ ਗਿਣਤੀ ਵਿੱਚ ਆਪਰੇਟਰ ਮੌਜੂਦ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੋਡਵੇਜ਼, ਪਨ ਬਸ ਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਵੱਲੋਂ ਮੁੜ ਬਸ ਸਟੈਂਡ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8