ਪੰਜਾਬ ਪੁਲਸ ਦਾ ASI ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
Tuesday, May 27, 2025 - 06:44 PM (IST)

ਤਰਨਤਾਰਨ, (ਰਮਨ)- ਵਿਜੀਲੈਂਸ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਸਰਹਾਲੀ ਵਿਖੇ ਤਾਇਨਾ ਏ.ਐੱਸ.ਆਈ ਹਰਜੀਤ ਸਿੰਘ ਵੱਲੋਂ ਜ਼ਮੀਨੀ ਵਿਵਾਦ ਦੇ ਚਲਦਿਆਂ ਥਾਣੇ ਵਿਚ ਦਰਜ ਮਾਮਲੇ ਦੇ ਮੁਲਜ਼ਮ ਹਰਪ੍ਰੀਤ ਸਿੰਘ ਪਾਸੋਂ ਮਾਨਯੋਗ ਹਾਈਕੋਰਟ 'ਚ ਪੇਸ਼ ਹੋਣ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਜਿਸ ਦੇ ਚਲਦਿਆਂ ਮੰਗਲਵਾਰ ਵਿਜੀਲੈਂਸ ਸ਼ਾਖਾ ਤਰਨਤਾਰਨ ਦੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਏ.ਐੱਸ.ਆਈ ਹਰਜੀਤ ਸਿੰਘ ਨੂੰ ਰੰਗੇ ਹੱਥੀ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।