ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਬਾਰੇ ਪੁਲਸ ਨੇ ਦਿੱਤੀ ਦੋ ਟੁੱਕ ਚਿਤਾਵਨੀ: SSP ਆਦਿੱਤਿਆ

Monday, Feb 02, 2026 - 02:45 PM (IST)

ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਬਾਰੇ ਪੁਲਸ ਨੇ ਦਿੱਤੀ ਦੋ ਟੁੱਕ ਚਿਤਾਵਨੀ: SSP ਆਦਿੱਤਿਆ

ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿੱਤਿਆ ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਝੂਠੀਆਂ, ਭ੍ਰਮਕ ਅਤੇ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ ਨੂੰ ਲੈ ਕੇ ਅੱਜ 2 ਟੁੱਕ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਤੱਥਾਂ ਤੋਂ ਰਹਿਤ ਝੂਠੀ ਜਾਣਕਾਰੀ ਫੈਲਾਈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਸ ਵੱਲੋਂ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਪੂਰੀ ਪੜਤਾਲ ਕਰ ਕੇ ਹੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ, ਪਰ ਕੁਝ ਸ਼ਰਾਰਤੀ ਅਨਸਰ ਜਾਣਬੁੱਝ ਕੇ ਅਫਵਾਹਾਂ ਅਤੇ ਫੇਕ ਨਿਊਜ਼ ਫੈਲਾ ਕੇ ਲੋਕਾਂ ’ਚ ਭਰਮ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਐੱਸ. ਐੱਸ. ਪੀ. ਆਦਿੱਤਿਆ ਨੇ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ, ਗਲਤ ਜਾਂ ਝੂਠੀ ਜਾਣਕਾਰੀ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਗਤਿਵਿਧੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

ਗੁਰਦਾਸਪੁਰ ਪੁਲਸ ਕਾਨੂੰਨ ਅਨੁਸਾਰ ਅਪਰਾਧ ’ਤੇ ਨਕੇਲ ਕੱਸਣ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਲੇ ’ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਿਸੇ ਵੀ ਕਿਸਮ ਦੀ ਅਫਵਾਹ ’ਤੇ ਧਿਆਨ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ’ਤੇ ਭਰੋਸਾ ਨਾ ਕੀਤਾ ਜਾਵੇ ਅਤੇ ਨਾ ਹੀ ਅਜਿਹੀ ਜਾਣਕਾਰੀ ਨੂੰ ਅੱਗੇ ਸਾਂਝਾ ਕੀਤਾ ਜਾਵੇ।

ਐੱਸ. ਐੱਸ. ਪੀ. ਨੇ ਕਿਹਾ ਕਿ ਲੋਕ ਸਿਰਫ਼ ਪੁਲਸ ਜਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਕ ਜਾਣਕਾਰੀ ’ਤੇ ਹੀ ਭਰੋਸਾ ਕਰਨ। ਐੱਸ. ਐੱਸ. ਪੀ. ਆਦਿੱਤਿਆ ਨੇ ਕਿਹਾ ਕਿ ਜਨਤਾ ਦਾ ਸਹਿਯੋਗ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਅਤੇ ਜੇਕਰ ਕਿਸੇ ਨੂੰ ਸੋਸ਼ਲ ਮੀਡੀਆ ’ਤੇ ਕੋਈ ਭ੍ਰਮਕ ਜਾਂ ਸ਼ੱਕੀ ਪੋਸਟ ਨਜ਼ਰ ਆਵੇ ਤਾਂ ਤੁਰੰਤ ਨੇੜਲੇ ਥਾਣੇ ਜਾਂ ਪੁਲਸ ਹੈਲਪਲਾਈਨ ਨੂੰ ਸੂਚਿਤ ਕੀਤਾ ਜਾਵੇ। ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲੇ ’ਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।
 


author

Shivani Bassan

Content Editor

Related News