ਲੱਕੜ ਦਾ ਕੰਮ ਕਰਾਉਣ ਦੇ ਬਹਾਨੇ ਖੋਹਿਆ ਸੀ ਮੋਟਰਸਾਈਕਲ, ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ
Friday, Oct 10, 2025 - 06:14 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਇਸਲਾਮਾਬਾਦ ਪੁਲਸ ਥਾਣੇ ਅਧੀਨ ਇੱਕ ਮਹੱਤਵਪੂਰਨ ਮਾਮਲੇ ਨੂੰ ਹੱਲ ਕਰਦਿਆਂ, ਏਸੀਪੀ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਦੀਆਂ ਟੀਮਾਂ ਨੇ ਇੱਕ ਮੋਟਰਸਾਈਕਲ ਸਨੈਚਿੰਗ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ। ਇਸ ਸਬੰਧੀ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਦੋਸ਼ੀ ਫਰਾਰ ਹੈ। ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਸਮੇਤ ਖੋਹਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਦੋਵੇਂ ਦੋਸ਼ੀ ਤਜਿੰਦਰ ਸਿੰਘ ਉਰਫ ਜੋਬਨ ਅਤੇ ਰਵੀ ਸਿੰਘ ਪੁੱਤਰ ਚਮਕੌਰ ਸਿੰਘ ਸੁਰ ਸਿੰਘ ਭਿੱਖੀ ਪਿੰਡ ਦੇ ਰਹਿਣ ਵਾਲੇ ਹਨ। ਫਿਲਹਾਲ ਦੂਸਰਾ ਦੋਸ਼ੀ ਰਵੀ ਸਿੰਘ ਅਜੇ ਫਰਾਰ ਹੈ।
ਇਸ ਸਬੰਧ ਵਿੱਚ, ਥਾਣਾ ਇਸਲਾਮਾਬਾਦ ਵਿਖੇ ਮੁਕਦਮਾ ਨੰਬਰ 307 ਦਰਜ ਕੀਤਾ ਗਿਆ ਸੀ। ਏਸੀਪੀ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਦੀਆਂ ਟੀਮਾਂ ਨੇ ਬਹੁਤ ਹੀ ਧਿਆਨ ਨਾਲਕੰਮ ਕਰਦਿਆਂ ਇਸ ਵਾਰਦਾਤ ਨੂੰ ਟਰੇਸ ਕੀਤਾ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕਦਮੇ ਦੀ ਤਫ਼ਤੀਸ਼ ਅੱਗੇ ਵਧਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਘਟਨਾ ਚਾਰ ਅਕਤੂਬਰ ਹੋਈ ਸੀ। ਮਦਈ ਸੁਰਜੀਤ ਸਿੰਘ, ਜੋ ਕਿ ਲੱਕੜ ਦਾ ਕੰਮ ਕਰਦਾ ਹੈ, ਨੇ ਚੌਂਕੀ ਕੋਟ ਖਾਲਸਾ ਨੂੰ ਇਤਲਾਹ ਦਿੱਤੀ ਸੀ ਕਿ ਦੋ ਵਿਅਕਤੀ ਉਸਦਾ ਮੋਟਰਸਾਈਕਲ ਖੋਹ ਕੇ ਲੈ ਗਏ ਹਨ। ਜਾਣਕਾਰੀ ਅਨੁਸਾਰ, ਦੋਸ਼ੀਆਂ ਨੇ ਮਦਈ ਸੁਰਜੀਤ ਸਿੰਘ ਨੂੰ ਆਪਣੇ ਘਰ ਲੱਕੜ ਦਾ ਕੰਮ ਕਰਾਉਣ ਦੇ ਬਹਾਨੇ ਬੁਲਾਇਆ ਸੀ। ਜਿਸ ਕੋਲੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ ਸਨ।