‘ਮੰਡੀਆਂ ’ਚ ਕਿਸਾਨਾਂ ਨੂੰ ਨਹੀਂ ਆਵੇਗੀ ਕੋਈ ਮੁਸ਼ਕਿਲ, ਜ਼ਿਲ੍ਹਾ ਪ੍ਰਸ਼ਾਸਨ ਕਣਕ ਦਾ ਦਾਣਾ-ਦਾਣਾ ਖਰੀਦੇਗਾ’

04/23/2021 7:29:13 PM

ਗੁਰਦਾਸਪੁਰ (ਬਿਊਰੋ)-ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਮੌਸਮ ਖਰਾਬ ਹੋਣ ਕਾਰਨ ਤੇ ਬੀਤੀ ਰਾਤ ਤੋਂ ਮੀਂਹ ਪੈਣ ਕਾਰਨ ਮੰਡੀਆਂ ’ਚ ਫਸਲ ਦੀ ਆਮਦ ਰੁਕੀ ਹੈ ਪਰ ਅਗਲੇ ਦਿਨਾਂ ਵਿਚ ਮੰਡੀਆਂ ਵਿਚ ਕਣਕ ਦੀ ਆਮਦ ਵਧੇਗੀ, ਜਿਸ ਸਬੰਧੀ ਮੰਡੀਆਂ ਵਿਚ ਫਸਲ ਖਰੀਦਣ ਲਈ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿਚ ਸਾਫ-ਸਫਾਈ ਕੀਤੀ ਗਈ ਹੈ ਅਤੇ ਬਾਰਿਸ਼ ਦੇ ਪਾਣੀ ਨੂੰ ਮੰਡੀਆਂ ’ਚੋਂ ਬਾਹਰ ਕੱਢਿਆ ਗਿਆ ਹੈ ਤਾਂ ਜੋ ਫਸਲ ਦੀ ਖਰੀਦ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨਾਲ ਹੀ ਦੱਸਿਆ ਕਿ ਮੰਡੀਆਂ ਵਿਚ ਕਣਕ ਨੂੰ ਸੰਭਾਲਣ ਲਈ ਤਰਪਾਲਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। 

ਜ਼ਿਲ੍ਹਾ ਮੰਡੀ ਅਫਸਰ ਨੇ ਅੱਗੇ ਦੱਸਿਆ ਕਿ ਮੀਂਹ ਕਾਰਨ ਮੰਡੀਆਂ ਵਿਚ ਫਸਲ ਦੀ ਲਿਫਟਿੰਗ ਵੀ ਪ੍ਰਭਾਵਿਤ ਹੋਈ ਹੈ ਪਰ ਹੁਣ ਮੌਸਮ ਸਾਫ ਹੋ ਰਿਹਾ ਹੈ ਤੇ ਖਰੀਦੀ ਗਈ ਫਸਲ ਦੀ ਲਿਫਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਿੱਲੀ ਕਣਕ ਵੱਢਣ ਤੋਂ ਗੁਰੇਜ਼ ਕਰਨ ਅਤੇ ਸੁੱਕੀ ਫਸਲ ਹੀ ਮੰਡੀਆਂ ’ਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਖਰੀਦ ਦੇ ਨਾਲ ਫਸਲ ਦੀ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਗਈ ਹੈ ਅਤੇ ਮਾਰਕੀਟ ਕਮੇਟੀਆਂ ’ਚ ਕਿਸਾਨਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। 

ਉਨ੍ਹਾਂ ਅੱਗੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਬੀਤੇ ਕੱਲ੍ਹ ਕਰੀਬ 2 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੀ ਆਮਦ ਹੋਈ ਸੀ। ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੁਲ 210306 ਮੀਟ੍ਰਿਕ ਟਨ ਕਣਕ (22 ਅਪ੍ਰੈਲ ਤਕ) ਦੀ ਆਮਦ ਹੋਈ ਹੈ, ਜਿਸ ’ਚੋਂ 1,96,207 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ। ਪਨਗਰੇਨ ਵੱਲੋਂ 62052 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 51883 ਮੀਟ੍ਰਿਕ ਟਨ, ਪਨਸਪ ਵੱਲੋਂ 43160 ਮੀਟ੍ਰਿਕ ਟਨ, ਵੇਅਰਹਾਊਸ ਵੱਲੋਂ 25645 ਅਤੇ ਐੱਫ. ਸੀ. ਆਈ. ਵੱਲੋਂ 13467 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ 5 ਲੱਖ 15 ਹਜ਼ਾਰ 94 ਮੀਟ੍ਰਿਕ ਟਨ ਕਣਕ ਮੰਡੀਆਂ ’ਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ’ਚ 26 ਫੀਸਦੀ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਮੌਸਮ ਦੀ ਖਰਾਬੀ ਕਾਰਨ ਲਿਫਟਿੰਗ ’ਚ ਕਮੀ ਆਈ ਹੈ। ਕਿਸਾਨਾਂ ਨੂੰ 50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
 


Manoj

Content Editor

Related News